ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਇੰਡੋ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵੱਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਸ਼ੁਰੂ ਕੀਤੇ ਗਏ ਇਪਸਾ ਪੰਜਾਬੀ ਸਕੂਲ ਦਾ ਰਸਮੀ ਉਦਘਾਟਨ ਇਪਸਵਿਚ ਦੀ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ਸਥਾਨਕ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਉਪਰਾਲੇ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਸਕੱਤਰ ਜਸਕਰਨ ਸ਼ੀਂਹ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਅਤੇ ਦੇਸ਼ ਦੇ ਮੂਲ ਨਿਵਾਸੀਆਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕੀਤੀ ਗਈ।

ਇਸ ਮੌਕੇ ਚੀਨੀ ਭਾਈਚਾਰੇ ਤੋਂ ਲੂਈਸ ਲੀ, ਪੀਟਰ ਜੂਆਨ ਅਤੇ ਐਲਨ ਚੈਨ, ਕੋਰੀਅਨ ਭਾਈਚਾਰੇ ਤੋਂ ਜੋਹੀ ਪਾਰਕ, ਨੇਪਾਲੀ ਭਾਈਚਾਰੇ ਤੋਂ ਟੀਕਾ ਰਾਮ, ਬੰਗਲਾਦੇਸ਼ੀ ਭਾਈਚਾਰੇ ਤੋਂ ਜੇ ਡੀ ,ਗੁਜਰਾਤੀ ਭਾਈਚਾਰੇ ਤੋਂ ਮੁਕੇਸ਼ ਦੂਬੇ ਅਤੇ ਪਾਕਿਸਤਾਨੀ ਭਾਈਚਾਰੇ ਤੋਂ ਸ਼ੋਏਬ ਜ਼ੈਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਪੰਜਾਬੀ ਸਕੂਲ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਮੇਅਰ ਟੈਰੇਸਾ ਹਾਰਡਿੰਗ ਨੇ ਇਪਸਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਸੱਭਿਆਚਾਰਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਪਸਾ ਪਹਿਲਾਂ ਹੀ ਖੇਡਾਂ ਅਤੇ ਹੋਰ ਭਾਈਚਾਰਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਹੁਣ ਪੰਜਾਬੀ ਸਕੂਲ ਦੀ ਸ਼ੁਰੂਆਤ ਕਰਨਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਭਾਈਚਾਰੇ ਨੂੰ ਜੋੜਨ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।ਇਪਸਾ ਦੀ ਸਮੁੱਚੀ ਟੀਮ ਵੱਲੋਂ ਮੇਅਰ ਟੈਰੇਸਾ ਹਾਰਡਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਭਾਈਚਾਰਿਆਂ ਦੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੀ ਮਾਂ-ਬੋਲੀ ਨੂੰ ਸੰਭਾਲਣਾ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਨਾਲ-ਨਾਲ ਪੜ੍ਹਨੀ ਅਤੇ ਲਿਖਣੀ ਸਿਖਾਉਣਾ ਵੀ ਬਹੁਤ ਜ਼ਰੂਰੀ ਹੈ। ਇਸੇ ਮਕਸਦ ਨਾਲ ਇਪਸਾ ਵੱਲੋਂ ਪੰਜਾਬੀ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਆਸਟ੍ਰੇਲੀਆ ਵਿੱਚ ਨਵੀਂ ਪੀੜ੍ਹੀ ਆਪਣੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀ ਰਹੇ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਿਕਰਮ ਚੰਦੀ ਪਾਲ ਰਾਉਕੇ,, ਸੁਮੀਤ ਸਿੰਘ, ਅਮਨ ਭੰਗੂ ਅਤੇ ਇਪਸਾ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੇ ਅੰਤ ਵਿੱਚ ਸੁਮੀਤ ਸਿੰਘ ਵੱਲੋਂ ਮੇਅਰ ਟੈਰੇਸਾ ਹਾਰਡਿੰਗ, ਵੱਖ-ਵੱਖ ਭਾਈਚਾਰਿਆਂ ਤੋਂ ਪਹੁੰਚੇ ਮਹਿਮਾਨਾਂ, ਮਾਪਿਆਂ, ਅਧਿਆਪਕਾਂ, ਵਲੰਟੀਅਰਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰੀਤੂ ਅਹੀਰ ਵੱਲੋਂ ਬੜੀ ਬਾਖ਼ੂਬੀ ਨਿਭਾਈ ਗਈ। ਇਪਸਾ ਵੱਲੋਂ ਸਮੂਹ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਨਾਲ ਜੋੜਨ ਅਤੇ ਮਾਂ-ਬੋਲੀ ਦੀ ਸੰਭਾਲ ਲਈ ਕੀਤੇ ਜਾ ਰਹੇ ਇਸ ਸਾਂਝੇ ਉਪਰਾਲੇ ਦਾ ਹਿੱਸਾ ਬਣਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦਾ ਚੌਥਾ ਸੱਭਿਆਚਾਰਕ ਸਮਾਗਮ
NEXT STORY