ਗੁਰਦਾਸਪੁਰ (ਵਿਨੋਦ) : ਜ਼ਿਲਾ ਪੁਲਸ ਗੁਰਦਾਸਪੁਰ ਨੇ ਵੱਖ-ਵੱਖ ਛਾਪਾਮਾਰੀ ਦੌਰਾਨ 1 ਲੱਖ 50 ਹਜ਼ਾਰ ਐੱਮ.ਐੱਲ. ਸ਼ਰਾਬ ਤੇ 200 ਕਿਲੋ ਲਾਹਣ ਬਰਾਮਦ ਕਰਕੇ ਇਕ ਔਰਤ ਸਮੇਤ ਤਿੰਨ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਤਿੰਨੇ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ 'ਚ ਤਾਇਨਾਤ ਏ.ਐੱਸ.ਆਈ ਰਾਕੇਸ਼ ਕੁਮਾਰ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਪਿੰਡ ਮਿੱਠਾ ਧੁੱਸੀ ਬੰਨ੍ਹ ਦਰਿਆ ਬਿਆਸ 'ਤੇ ਛਾਪਾਮਾਰੀ ਕਰਕੇ 200 ਕਿਲੋ ਲਾਹਣ ਬਰਾਮਦ ਕੀਤੀ ਗਈ, ਜਦਕਿ ਮੁਲਜ਼ਮ ਪੁਲਸ ਪਾਰਟੀ ਨੂੰ ਵੇਖ ਕੇ ਫਰਾਰ ਗਿਆ। ਪੁਲਸ ਨੇ ਪ੍ਰੇਮ ਸਿੰਘ ਨਿਵਾਸੀ ਪਿੰਡ ਮੋਚਪੁਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਪੁਲਸ ਸਟੇਸ਼ਨ ਤਿੱਬੜ 'ਚ ਤਾਇਨਾਤ ਐੱਚ.ਸੀ. ਵਿਜੇ ਕੁਮਾਰ ਨੇ ਮੁਖਬਰ ਦੀ ਸੂਚਨਾ 'ਤੇ ਪੁਲਸ ਪਾਰਟੀ ਦੇ ਨਾਲ ਪਿੰਡ ਬਾਜੇਚੱਕ ਦੇ ਸਮਸ਼ਾਨਘਾਟ ਨੇੜੇ ਖਾਲੀ ਪਏ ਛੱਪੜ 'ਤੇ ਛਾਪਾਮਾਰੀ ਕੀਤੀ ਤਾਂ ਦੋਸ਼ੀ ਰਾਜ ਕੁਮਾਰ ਉਰਫ ਬਾਲੂ ਪੁੱਤਰ ਗੋਰਖ ਮਸੀਹ ਨਿਵਾਸੀ ਪਿੰਡ ਬਾਜੇਚੱਕ ਪੁਲਸ ਨੂੰ ਵੇਖ ਕੇ ਝੋਨੇ ਦੇ ਖੇਤਾਂ ਦੀ ਵੱਲ ਭੱਜਣ 'ਚ ਸਫਲ ਹੋ ਗਿਆ। ਪੁਲਸ ਨੇ ਮੌਕੇ ਤੋਂ 30 ਹਜ਼ਾਰ ਐੱਮ.ਐੱਲ. ਨਾਜਾਇਜ਼ ਸ਼ਰਾਬ ਇਕ ਪਲਾਸਟਿਕ ਕੈਨ ਤੋਂ ਬਰਾਮਦ ਕੀਤੀ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦੀਨਾਨਗਰ ਪੁਲਸ ਸਟੇਸ਼ਨ 'ਚ ਤਾਇਨਾਤ ਏ.ਐੱਸ.ਆਈ. ਹੀਰਾ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਇਕ ਸੂਚਨਾ ਦੇ ਆਧਾਰ 'ਤੇ ਦੋਸ਼ੀ ਔਰਤ ਸੁਨੀਤਾ ਉਰਫ ਚੂਈ ਪਤਨੀ ਕਾਲਾ ਨਿਵਾਸੀ ਪੁਰਾਣੀ ਆਬਾਦੀ ਅਵਾਂਖਾ ਦੇ ਘਰ ਛਾਪਾਮਾਰੀ ਕੀਤੀ ਤਾਂ ਦੋਸ਼ੀ ਮਹਿਲਾ ਪੁਲਸ ਪਾਰਟੀ ਨੂੰ ਵੇਖ ਕੇ ਘਰ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਈ। ਪੁਲਸ ਨੇ ਮੌਕੇ ਤੋਂ 4 ਕੈਨ ਪਲਾਸਟਿਕ 'ਚੋਂ 1ਲੱਖ 20 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਤਿੰਨਾਂ ਦੋਸ਼ੀਆ ਦੇ ਵਿਰੁੱਧ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪਾਕਿਸਤਾਨ ਤੋਂ 40 ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਪਹੁੰਚਿਆ
NEXT STORY