ਜੰਮੂ- ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ ਮੰਦਰ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਨੀਵਾਰ ਤੜਕੇ 990 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਭਗਵਤੀ ਨਗਰ ਬੇਸ ਕੈਂਪ ਤੋਂ ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਲਈ ਰਵਾਨਾ ਹੋਣ ਵਾਲਾ ਇਹ ਸਭ ਤੋਂ ਛੋਟਾ ਸਮੂਹ ਹੈ ਅਤੇ ਇਸ ਵਿਚ 152 ਔਰਤਾਂ ਸ਼ਾਮਲ ਹਨ।
ਸਾਲਾਨਾ ਅਮਰਨਾਥ ਯਾਤਰਾ 29 ਜੂਨ ਨੂੰ ਅਨੰਤਨਾਗ ਜ਼ਿਲ੍ਹੇ ਵਿਚ ਰਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਅਤੇ ਗੰਦਰਬਲ ਜ਼ਿਲ੍ਹੇ ਵਿਚ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਰਾਹੀਂ ਸ਼ੁਰੂ ਹੋਈ। 3,880 ਮੀਟਰ ਦੀ ਉਚਾਈ 'ਤੇ ਸਥਿਤ ਇਸ ਗੁਫਾ ਮੰਦਰ 'ਚ ਹੁਣ ਤੱਕ 4.85 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਕੁਦਰਤੀ ਤੌਰ 'ਤੇ ਬਣਿਆ ਬਰਫ਼ ਦਾ ਸ਼ਿਵਲਿੰਗ ਹੁਣ ਪੂਰੀ ਤਰ੍ਹਾਂ ਪਿਘਲ ਚੁੱਕਾ ਹੈ ਅਤੇ ਪਿਛਲੇ ਇਕ ਹਫ਼ਤੇ ਤੋਂ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 5,000 ਸ਼ਰਧਾਲੂ ਅਜੇ ਵੀ ਰੋਜ਼ਾਨਾ ਆਧਾਰ 'ਤੇ ਗੁਫਾ ਮੰਦਰ ਦੇ ਦਰਸ਼ਨ ਕਰ ਰਹੇ ਹਨ। ਅਮਰਨਾਥ ਯਾਤਰਾ 14 ਅਗਸਤ ਨੂੰ ਆਪਣੇ ਅੰਤਿਮ ਪੜਾਅ ਵਿਚ ਦਾਖਲ ਹੋਵੇਗੀ, ਜਦੋਂ ਭਗਵਾਨ ਸ਼ਿਵ ਦੀ ਪਵਿੱਤਰ 'ਛੜੀ ਮੁਬਾਰਕ' ਪਹਿਲਗਾਮ ਵਿਖੇ ਯਾਤਰਾ ਵਿਚ ਸ਼ਾਮਲ ਹੋਵੇਗੀ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਤੜਕੇ ਕਰੀਬ 3.30 ਵਜੇ ਸਖਤ ਸੁਰੱਖਿਆ ਵਿਚਕਾਰ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਏ 991 ਸ਼ਰਧਾਲੂਆਂ ਦੇ 37ਵੇਂ ਜੱਥੇ 'ਚ 41 ਸਾਧੂ ਅਤੇ 9 ਸਾਧਵੀਆਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 815 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਗੁਫਾ ਮੰਦਰ ਪਹੁੰਚਣਗੇ, ਜਦਕਿ ਬਾਕੀ 176 ਸ਼ਰਧਾਲੂਆਂ ਨੇ ਯਾਤਰਾ ਲਈ ਬਾਲਟਾਲ ਰਸਤਾ ਚੁਣਿਆ ਹੈ।
ਜੰਮੂ-ਕਸ਼ਮੀਰ 'ਚ ਹਾਈ ਅਲਰਟ ਜਾਰੀ, ਲੋਕਾਂ ਨੂੰ ਕੀਤੀ ਜਾ ਰਹੀ ਹੈ ਇਹ ਅਪੀਲ
NEXT STORY