ਇੰਟਰਨੈਸ਼ਨਲ ਡੈਸਕ- ਭਾਰਤ ਨੇ ਸੰਯੁਕਤ ਰਾਸ਼ਟਰ 'ਚ ਨਵੀਂ ਦਿੱਲੀ ਦੇ ਅਕਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ’ਤੇ ਕਰਾਰਾ ਪਲਟਵਾਰ ਕਰਦਿਆਂ ਕਿਹਾ ਕਿ ਇਸਲਾਮਾਬਾਦ ਦੀ ‘ਫ਼ਾਰਮ 47 ਸਰਕਾਰ’ ਦੇਸ਼ ਦੇ ਅਸਲ ਸ਼ਾਸਕ ਭਾਵ ਪਾਕਿਸਤਾਨੀ ਫੌਜ ਦੇ ਹੁਕਮਾਂ ਨੂੰ ਪਾਸੇ ਕਰਨ ਦੀ ‘ਹਿੰਮਤ ਨਹੀਂ ਕਰ ਸਕਦੀ।’
‘ਫ਼ਾਰਮ 47’ ਪਾਕਿਸਤਾਨ ਦਾ ਇਕ ਅਧਿਕਾਰਤ ਚੋਣ ਦਸਤਾਵੇਜ਼ ਹੈ, ਜਿਸ 'ਚ ਕਿਸੇ ਚੋਣ ਹਲਕੇ ਵਿਚ ਵੋਟਿੰਗ ਦੇ ਆਰਜ਼ੀ ਤੇ ਸੰਕਲਿਤ ਨਤੀਜੇ ਦਰਜ ਹੁੰਦੇ ਹਨ। ਫ਼ਰਵਰੀ 2024 ’ਚ ਹੋਈਆਂ ਆਮ ਚੋਣਾਂ ਵਿਚ ਧਾਂਦਲੀ ਤੇ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਆਲੋਚਕ ਅਧਿਕਾਰਤ ਨਤੀਜਿਆਂ ’ਤੇ ਸਵਾਲ ਉਠਾਉਣ ਲਈ ‘ਫ਼ਾਰਮ 47’ ਸ਼ਬਦ ਦੀ ਵਰਤੋਂ ਕਰਦੇ ਹਨ।
ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਜੀ ਕਮੇਟੀ ਵਿਚ ਸ਼ਨੀਵਾਰ ਨੂੰ ਘੱਟ ਗਿਣਤੀ ਮੁੱਦਿਆਂ ’ਤੇ ਵਿਸ਼ੇਸ਼ ਰਿਪੋਰਟਰ ਨਾਲ ਸੰਵਾਦ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਪਾਕਿਸਤਾਨ ’ਤੇ ਭਾਰਤ ਦੇ ‘ਅਕਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ’ ਦੀ ਕੋਸ਼ਿਸ਼ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਇਸਲਾਮਾਬਾਦ ਦੀਆਂ ਇਨ੍ਹਾਂ ਹਰਕਤਾਂ ਦਾ ਮਕਸਦ ਆਰਥਿਕ ਸੰਕਟ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਆਪਣੀਆਂ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣਾ ਹੈ। ਪੁਰੀ ਨੇ ਕਿਹਾ,‘‘ਲੜਖੜਾਉਂਦੀ ਅਰਥਵਿਵਸਥਾ, ਵਿਆਪਕ ਅਰਾਜਕਤਾ ਅਤੇ ਖ਼ੈਬਰ ਪਖ਼ਤੂਨਖ਼ਵਾ ਤੋਂ ਲੈ ਕੇ ਬਲੋਚਿਸਤਾਨ ਤੱਕ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ’ਤੇ ਹੋ ਰਹੀ ਉਲੰਘਣਾ ਤੋਂ ਧਿਆਨ ਭਟਕਾਉਣ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।’’ ਉਨ੍ਹਾਂ ਕਿਹਾ,‘‘ਜ਼ਾਹਿਰ ਹੈ ਕਿ ਦੇਸ਼ ਦੇ ਅਸਲ ਸ਼ਾਸਕ ਭਾਵ ਪਾਕਿਸਤਾਨੀ ਫੌਜ ਦਾ ਹਿੱਤ ਸਰਵਉੱਚ ਹੈ ਅਤੇ ਅਸੀਂ ਪਾਕਿਸਤਾਨੀ ਪ੍ਰਤੀਨਿਧੀ ਦੀ ਮੁਸ਼ਕਲ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ।’’
Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ
NEXT STORY