ਨਵੀਂ ਦਿੱਲੀ : ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੰਬਰ AI 2379 ਵਿੱਚ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰੀ ਇਕ ਖ਼ੌਫ਼ਨਾਕ ਘਟਨਾ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ। ਹਵਾ ਵਿੱਚ ਜਹਾਜ਼ ਦੇ ਅਚਾਨਕ ਅਤੇ ਗੰਭੀਰ ਰੂਪ ਵਿੱਚ ਡੋਲਣ (ਗੰਭੀਰ ਟੱਰਬੂਲੈਂਸ) ਕਾਰਨ ਯਾਤਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਜਹਾਜ਼ ਕੰਟਰੋਲ ਤੋਂ ਬਾਹਰ ਹੋ ਕੇ ਹਿੱਲਣ ਲੱਗਾ।
ਜਾਣਕਾਰੀ ਅਨੁਸਾਰ ਉਡਾਣ ਦੌਰਾਨ ਸਭ ਕੁਝ ਆਮ ਸੀ, ਪਰ ਦਿੱਲੀ ਵਿੱਚ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਜਹਾਜ਼ ਤੇਜ਼ ਹਵਾਈ ਝਟਕਿਆਂ ਦੀ ਲਪੇਟ ਵਿੱਚ ਆ ਗਿਆ। ਇਕ ਯਾਤਰੀ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਸਵੇਰੇ ਕਰੀਬ 9:30 ਤੋਂ 10 ਵਜੇ ਦੇ ਵਿਚਕਾਰ ਜਹਾਜ਼ ਇੰਨੀ ਤੇਜ਼ੀ ਨਾਲ ਡੋਲਿਆ ਕਿ ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉਛਲ ਕੇ ਜਹਾਜ਼ ਦੀ ਛੱਤ ਨਾਲ ਜਾ ਟਕਰਾਏ। ਕੁਝ ਯਾਤਰੀ ਦੋ-ਤਿੰਨ ਵਾਰ ਫਰਸ਼ 'ਤੇ ਡਿੱਗੇ ਅਤੇ ਕਈਆਂ ਦੇ ਸਿਰ 'ਤੇ ਉੱਪਰੋਂ ਸਾਮਾਨ ਵੀ ਆ ਡਿੱਗਿਆ। ਇਕ ਹੋਰ ਯਾਤਰੀ ਅਨੁਸਾਰ ਜਹਾਜ਼ ਅਚਾਨਕ ਬਹੁਤ ਜ਼ਿਆਦਾ ਹੇਠਾਂ ਆ ਗਿਆ ਸੀ ਜਿਸ ਕਾਰਨ ਆਪਣੀਆਂ ਸੀਟਾਂ 'ਤੇ ਬੈਠੇ ਯਾਤਰੀ ਵੀ ਉੱਪਰਲੇ ਹਿੱਸੇ ਨਾਲ ਜਾ ਟਕਰਾਏ।
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਮੈਡੀਕਲ ਟੀਮਾਂ ਨੇ ਤੁਰੰਤ ਸਥਿਤੀ ਨੂੰ ਸੰਭਾਲਿਆ। ਜ਼ਖ਼ਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਕੁਝ ਯਾਤਰੀਆਂ ਨੂੰ ਵਸੰਤ ਕੁੰਜ ਸਥਿਤ ਇੰਡੀਆ ਸਪਾਈਨਲ ਇੰਜਰੀਜ਼ ਸੈਂਟਰ (ISIC) ਅਤੇ ਕੁਝ ਹੋਰਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਜ਼ਖ਼ਮੀਆਂ ਦੀ ਸਹੀ ਗਿਣਤੀ ਅਤੇ ਸੱਟਾਂ ਦੀ ਗੰਭੀਰਤਾ ਬਾਰੇ ਅਧਿਕਾਰਤ ਮੈਡੀਕਲ ਬੁਲੇਟਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
Red Sea 'ਚ ਹਮਲੇ ਤੋਂ ਬਾਅਦ ਭਾਰਤੀ ਵਪਾਰਕ ਜਹਾਜ਼ ਡੁੱਬਿਆ, 13 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ
NEXT STORY