ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਾਮ ਮੰਦਰ ਦੇ ਆਲੇ-ਦੁਆਲੇ ਉੱਚੀਆਂ ਇਮਾਰਤਾਂ ਦੇ ਨਿਰਮਾਣ 'ਤੇ ਰੋਕ ਲਾ ਦਿੱਤੀ ਗਈ ਹੈ। ਅਯੁੱਧਿਆ ਵਿਕਾਸ ਅਥਾਰੀ (ADA) ਨੇ ਇਸ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸ ਦੇ ਤਹਿਤ ਰਾਮ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ ਅਤੇ ਹਰ ਖੇਤਰ ਵਿਚ ਭਵਨ ਦੀ ਉੱਚਾਈ ਤੈਅ ਕਰ ਦਿੱਤੀ ਗਈ ਹੈ।
ਅਯੁੱਧਿਆ ਧਾਮ ਖੇਤਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ-
ADA ਵਲੋਂ ਤਿਆਰ ਕੀਤੇ ਗਏ ਮਾਸਟਰ ਪਲਾਨ-2031 ਮੁਤਾਬਕ ਅਯੁੱਧਿਆ ਧਾਮ ਖੇਤਰ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ।
ਪਹਿਲਾ ਖੇਤਰ: ਇਸ ਵਿਚ ਰਾਨੋਪਾਲੀ ਰੇਲਵੇ ਕਰਾਸਿੰਗ, ਰੇਲਵੇ ਸਟੇਸ਼ਨ, ਰਾਏਗੰਜ ਰੋਡ, ਰਾਣੀ ਬਾਜ਼ਾਰ ਚੌਰਾਹਾ, ਤਪਸਵੀ ਛਾਉਣੀ ਚੌਰਾਹਾ, ਵਾਲਮੀਕਿ ਭਵਨ, ਰਾਮ ਕੀ ਪੈੜੀ, ਲਕਸ਼ਮਣ ਘਾਟ ਅਤੇ ਸਾਕੇਤ ਡਿਗਰੀ ਕਾਲਜ ਦੇ ਪਿੱਛੇ ਦਾ ਖੇਤਰ ਸ਼ਾਮਲ ਹੈ। ਇੱਥੇ ਸਿਰਫ਼ 7.5 ਮੀਟਰ ਉੱਚੀਆਂ ਇਮਾਰਤਾਂ ਹੀ ਬਣਾਈਆਂ ਜਾ ਸਕਦੀਆਂ ਹਨ।
ਦੂਜਾ ਖੇਤਰ: ਇਸ ਵਿਚ 15 ਮੀਟਰ ਉੱਚੀਆਂ ਇਮਾਰਤਾਂ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨਿਯਮ ਦਾ ਉਦੇਸ਼ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦਾ ਮਾਹੌਲ ਬਣਾਈ ਰੱਖਣਾ ਹੈ।
ਮੰਦਰ ਦੇ ਨੇੜੇ ਹੁਣ ਨਹੀਂ ਦਿੱਸਣਗੀਆਂ ਉੱਚੀਆਂ ਇਮਾਰਤਾਂ
ਰਾਮ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵਿਸ਼ੇਸ਼ ਪਾਬੰਦੀਸ਼ੁਦਾ ਖੇਤਰ ਘੋਸ਼ਿਤ ਕੀਤਾ ਗਿਆ ਹੈ। ਇਸ ਖੇਤਰ ਵਿਚ ਉੱਚੀਆਂ ਇਮਾਰਤਾਂ ਦੀ ਉਸਾਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਫੈਸਲਾ ਮੰਦਰ ਦੀ ਸੁਰੱਖਿਆ ਅਤੇ ਆਲੇ ਦੁਆਲੇ ਦੇ ਧਾਰਮਿਕ ਵਾਤਾਵਰਣ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਲਿਆ ਗਿਆ ਹੈ।
ਨਿਯਮਾਂ ਨੂੰ ਤੋੜਨ 'ਤੇ ਕਾਰਵਾਈ ਕੀਤੀ ਜਾਵੇਗੀ
ADA ਦੇ ਉਪ ਪ੍ਰਧਾਨ ਅਸ਼ਵਨੀ ਕੁਮਾਰ ਪਾਂਡੇ ਨੇ ਦੱਸਿਆ ਕਿ ਕੁਝ ਘਰ ਅਤੇ ਰੈਸਟੋਰੈਂਟ ਪਹਿਲਾਂ ਹੀ ਇਨ੍ਹਾਂ ਨਿਯਮਾਂ ਦੇ ਵਿਰੁੱਧ ਬਣੇ ਹੋਏ ਸਨ। ਅਜਿਹੇ ਮਾਮਲਿਆਂ ਵਿਚ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਜਾਂਚ ਤੋਂ ਬਾਅਦ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੱਖ-ਵੱਖ ਥਾਵਾਂ 'ਤੇ ਨੋਟਿਸ ਬੋਰਡ ਲਗਾਏ ਗਏ
ਅਯੁੱਧਿਆ ਵਿਚ ਕਈ ਥਾਵਾਂ 'ਤੇ ਲੋਕਾਂ ਨੂੰ ਨਿਯਮਾਂ ਬਾਰੇ ਜਾਣਕਾਰੀ ਦੇਣ ਅਤੇ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਲਈ ਨੋਟਿਸ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ 'ਤੇ ਨਕਸ਼ੇ ਅਤੇ ਨਿਰਦੇਸ਼ ਸਪੱਸ਼ਟ ਤੌਰ 'ਤੇ ਦਿੱਤੇ ਗਏ ਹਨ, ਤਾਂ ਜੋ ਇਲਾਕੇ 'ਚ ਰਹਿਣ ਵਾਲੇ ਜਾਂ ਉਸਾਰੀ ਦਾ ਕੰਮ ਕਰਨ ਵਾਲੇ ਲੋਕ ਨਿਯਮਾਂ ਦੀ ਪਾਲਣਾ ਕਰਨ।
ਵੱਡੀ ਖ਼ਬਰ ; 5 ਦਿਨਾਂ ਤੱਕ ਬੰਦ ਰਹਿਣਗੀਆਂ ਦੁਕਾਨਾਂ ! ਪੜ੍ਹ ਲਓ ਜ਼ਰੂਰੀ ਖ਼ਬਰ
NEXT STORY