ਚੰਡੀਗੜ੍ਹ— ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕਜੁੱਟ ਕਰਨ ਲਈ ਪਹੁੰਚੇ ਰਾਹੁਲ ਗਾਂਧੀ ਦੀਆਂ ਮੀਟਿੰਗਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਦੋਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਰਾਹੁਲ ਦੇ ਅੰਗ-ਸੰਗ ਰਹੇ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਾਂਗਰਸ ਭਵਨ ਵਿਚ ਤਿੰਨ ਬੈਠਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਦੋ ਮੀਟਿੰਗਾਂ ਵਿਚ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ ਤੇ ਨਾ ਹੀ ਰਾਹੁਲ ਨੇ ਉਨ੍ਹਾਂ ਨੂੰ ਬੁਲਾਉਣ ਬਾਰੇ ਕਿਹਾ ਜਦੋਂ ਕਿ ਜਿਸ ਤੀਜੀ ਮੀਟਿੰਗ ਵਿਚ ਉਹ ਸ਼ਾਮਲ ਹੋਏ, ਉਸ ਵਿਚ ਵੀ ਕੈਪਟਨ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਕੈਪਟਨ ਦੇ ਹਮਾਇਤੀ ਵਰਕਰਾਂ ਨੇ ਵੀ ਦੋਸ਼ ਲਗਾਇਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਨਿਖੇਧੀ ਕੀਤੀ ਗਈ। ਇੰਨਾਂ ਹੀ ਨਹੀਂ ਕੈਪਟਨ ਦੇ ਨਾਲ ਆਏ ਲੋਕਾਂ ਤੇ ਸੁਰੱਖਿਆ ਅਧਿਕਾਰੀਆਂ ਨੂੰ ਵੀ ਮੀਟਿੰਗ ਹਾਲ ਵਿਚ ਨਹੀਂ ਜਾਣ ਦਿੱਤਾ ਗਿਆ।
ਮੀਟਿੰਗ ਤੋਂ ਬਾਅਦ ਵੀ ਕੈਪਟਨ ਆਪਣੇ ਵਿਰੋਧੀ ਪ੍ਰਤਾਪ ਬਾਜਵਾ ਦੇ ਖਿਲਾਫ ਕੁਝ ਵੀ ਬੋਲਣ ਤੋਂ ਬੱਚਦੇ ਰਹੇ।
ਰਾਹੁਲ ਦੀ ਆਖਰੀ ਮੀਟਿੰਗ ਕਿਸਾਨਾਂ ਦੇ ਨਾਲ ਸੀ। ਇਸ ਮੀਟਿੰਗ ਵਿਚ ਸੀ. ਐੱਲ. ਪੀ. ਲੀਡਰ ਸੁਨੀਲ ਜਾਖੜ ਨੂੰ ਤਾਂ ਬੁਲਾ ਲਿਆ ਗਿਆ ਪਰ ਕੈਪਟਨ ਨੂੰ ਨਹੀਂ ਬੁਲਾਇਆ ਗਿਆ। ਉਹ 30 ਮਿੰਟਾਂ ਤੱਕ ਬਾਹਰ ਹੀ ਖੜ੍ਹੇ ਰਹੇ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਰਾਹੁਲ ਨਾਲ ਮਿਲ ਕੇ ਵਾਪਸ ਚਲੇ ਗਏ। ਰਾਹੁਲ ਦੇ ਇਸ ਰਵੱਈਏ ਨੇ ਸਾਫ ਕਰ ਦਿੱਤਾ ਕਿ ਕਾਂਗਰਸ ਨੂੰ ਕਮਜ਼ੋਰ ਬਣਾਉਣ ਵਾਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਰੀ ਤਾਂ ਨੁਕਸਾਨ ਵਰਕਰਾਂ ਦਾ ਤੇ ਕਾਂਗਰਸ ਦਾ ਹੋਵੇਗਾ, ਬਾਜਵਾ ਅਤੇ ਕੈਪਟਨ ਦਾ ਨਹੀਂ ਹੋਵੇਗਾ।
ਕਾਂਗਰਸ ਨੇ ਹੀ ਕਾਂਗਰਸ ਨੂੰ ਮਾਰਿਆ : ਰਾਹੁਲ ਗਾਂਧੀ
NEXT STORY