ਜੈਤੋ, (ਰਘੂਨੰਦਨ ਪਰਾਸ਼ਰ)-ਦੇਸ਼ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ 'ਚ ਇਸ ਸਾਲ ਦੀਵਾਲੀ ਮੌਕੇ 'ਤੇ ਰੂੰ ਦੀਆਂ ਕੀਮਤਾਂ ਵਿਚ ਬੀਤੇ ਸਾਲ ਦੀ ਤੁਲਨਾ ਵਿਚ ਕਰੀਬ 22.27 ਫੀਸਦੀ ਦੀ ਮੰਦੀ ਰਹੀ ਹੈ। ਵੈਸੇ ਤਾਂ ਇਹ ਮੰਦੀ ਕਈ ਦਿਨਾਂ ਤੋਂ ਲਗਾਤਾਰ ਚਲ ਰਹੀ ਹੈ ਪਰ ਦੀਵਾਲੀ ਮੌਕੇ ਬਾਜ਼ਾਰ 'ਚ ਛਾਈ ਮੰਦੀ ਨੇ ਰੂੰ ਬਾਜ਼ਾਰ ਦਾ ਧੂੰਆਂ ਕੱਢ ਦਿੱਤਾ।
ਬਾਜ਼ਾਰ ਜਾਣਕਾਰ ਸੂਤਰਾਂ ਮੁਤਾਬਕ ਉਤਰ ਖੇਤਰ ਦੀਆਂ ਮੰਡੀਆਂ ਵਿਚ ਬੀਤੇ ਸਾਲ ਦੀਵਾਲੀ 'ਤੇ ਪੰਜਾਬ 'ਚ ਰੂੰ ਦੀ ਕੀਮਤ 4371 ਤੋਂ 4395 ਰੁਪਏ ਮਣ ਅਤੇ ਹਰਿਆਣਾ ਵਿਚ 4251 ਤੋਂ 4271 ਰੁਪਏ ਮਣ ਸਨ ਪਰ ਇਸ ਵਾਰ ਦੀਵਾਲੀ 'ਤੇ ਇਹ ਕੀਮਤ ਮੂਧੇ ਮੂੰਹ ਡਿੱਗ ਕੇ ਪੰਜਾਬ ਵਿਚ 3401 ਰੁਪਏ ਮਣ ਅਤੇ ਹਰਿਆਣਾ ਵਿਚ 3331 ਅਤੇ 3341 ਰੁਪਏ ਮਣ ਰਹੀ ਹੈ। ਇਸ ਸਾਲ ਮੰਦੀ ਕਾਰਨ ਕਾਰੋਬਾਰ ਵੀ ਘੱਟ ਰਿਹਾ ਹੈ। ਰੂੰ ਕਾਰੋਬਾਰੀਆਂ ਦੇ ਮੁਤਾਬਕ ਸਪੀਨਿੰਗ ਮਿੱਲਾਂ ਦੀ ਅੱਜ ਜੋ ਦਸ਼ਾ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਸ਼ਾਇਦ ਪੂਰਾ ਸਾਲ ਹੀ ਰੂੰ ਵਿਚ ਤੇਜ਼ੀ ਨਾ ਆਵੇ। ਉਥੇ ਹੀ ਇਕ ਰੂੰ ਖਰੀਦਣ ਵਾਲੇ ਮੁਤਾਬਕ ਰੂੰ ਬਾਜ਼ਾਰ ਵਿਚ ਲੱਗੀ ਮੰਦੀ ਦੇ ਬੈਕ ਗੇਅਰ ਕਾਰਨ ਲੱਗਦਾ ਹੈ ਕਿ ਰੂੰ ਦੀਆਂ ਕੀਮਤਾਂ 2700 ਤੋਂ 2800 ਰੁਪਏ ਮਣ ਰਹਿ ਸਕਦੀਆਂ ਹਨ। ਸੂਤਰਾਂ ਮੁਤਾਬਕ ਸਰਕਾਰ ਨੇ ਕਿਸਾਨਾਂ ਨੂੰ ਕਪਾਹ ਦੀ ਕੀਮਤ ਦਿਵਾਉਣ ਲਈ 5500 ਕਰੋੜ ਰੁਪਏ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਨੂੰ ਦੇਣ ਦਾ ਫੈਸਲਾ ਲਿਆ ਹੈ ਤਾਂ ਕਿ ਨਿਗਮ ਕਪਾਹ ਸਰਕਾਰੀ ਸਮਰਥਨ ਮੁੱਲ 3950 ਰੁਪਏ ਕੁਇੰਟਲ 'ਤੇ ਖਰੀਦ ਸਕੇ ਪਰ ਬਾਜ਼ਾਰ ਵਿਚ ਕੀਮਤ ਪਹਿਲਾਂ ਹੀ ਵਧੀਆ ਕਪਾਹ 4100-4200 ਰੁਪਏ ਕੁਇੰਟਲ ਵਿਕ ਰਹੀ ਹੈ।
ਯਾਰਨ ਦਾ ਉਠਾਅ ਰਿਹਾ ਕਾਫੀ ਕਮਜ਼ੋਰ
ਸ਼ਾਮ ਲਾਲ ਗੋਇਲ ਭੋਲਾ, ਸੀ.ਐੱਮ.ਡੀ. ਸਤਲੁਜ ਸਪਿਨਟੈਕਸ ਲਿਮਟਿਡ. ਮਾਨਸਾ ਨੇ ਦੱਸਿਆ ਕਿ ਭਾਰਤੀ ਰੂੰ ਵਪਾਰ ਜਗਤ ਵਿਚ ਮੰਦੀ ਦਾ ਦੌਰ ਚੱਲਣ ਦਾ ਮੁੱਖ ਕਾਰਨ ਚੀਨ ਦੀ ਮੰਗ ਦਾ ਚੁੱਪ ਹੋਣਾ ਹੀ ਹੈ। ਭਾਰਤ ਤੋਂ ਜ਼ਿਆਦਾਤਰ ਯਾਰਨ ਅਤੇ ਰੂੰ ਚੀਨ ਨੂੰ ਬਰਾਮਦ ਹੁੰਦਾ ਹੈ। ਭਾਰਤ ਸਮੇਤ ਕਈ ਹੋਰ ਦੇਸ਼ ਚੀਨ 'ਤੇ ਨਿਰਭਰ ਬਣੇ ਹੋਏ ਹਨ। ਦੇਸ਼ ਵਿਚ ਇਸ ਸਾਲ ਕਪਾਹ ਦਾ ਖੇਤਰਫਲ ਵਧਣ ਕਾਰਨ 4.25 ਤੋਂ 4.30 ਕਰੋੜ ਗੰਢ ਤੱਕ ਪਹੁੰਚਣ ਦਾ ਅਨੁਮਾਨ ਹੈ। ਬਾਜ਼ਾਰ ਵਿਚ ਯਾਰਨ ਦਾ ਉਠਾਅ ਕਾਫੀ ਕਮਜ਼ੋਰ ਹੋਣ ਕਾਰਨ ਜ਼ਿਆਦਾਤਰ ਮਿੱਲਾਂ ਨੂੰ ਧਨ ਦੀ ਤੰਗੀ ਲਗਾਤਾਰ ਸਤਾ ਰਹੀ ਹੈ ਜੋ ਕਿ ਸਿਰਫ ਯਾਰਨ ਦੇ ਉਠਾਅ 'ਤੇ ਹੀ ਦੂਰ ਹੋ ਸਕਦੀ ਹੈ। ਰੂੰ ਬਾਜ਼ਾਰ 'ਤੇ ਮੰਦੀ ਦੇ ਛਾਏ ਡੂੰਘੇ ਬੱਦਲ ਜਲਦ ਸਾਫ ਹੋਣਗੇ।
ਇਬੋਲਾ ਲਈ ਦਿੱਤੇ 10 ਕਰੋੜ ਡਾਲਰ
NEXT STORY