ਤਰਨਤਾਰਨ (ਹੀਰਾ)- ਜ਼ਿਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਭੁੱਲਰ ਅਤੇ ਨੌਰੰਗਾਬਾਦ ਦੇ ਵਿਚਕਾਰ ਆਉਂਦੀ ਜ਼ਮੀਨ ਦੇ ਵੱਟ ਸਬੰਧੀਚੱਲਦੇ ਝਗੜੇ ਨੇ ਅੱਜ ਖੂਨੀ ਝੜੱਪ ਦਾ ਰੂਪ ਧਾਰਨ ਕਰ ਲਿਆ ਅਤੇ ਝੜੱਪ ਦੌਰਾਨ ਦੋਵੇ ਧਿਰਾਂ ਦੇ ਕੁੱਲ 5 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਸੁਖਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਨੌਰੰਗਾਬਾਦ ਅਤੇ ਉਸ ਦੀ ਮਾਤਾ ਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਭੁੱਲਰ ਅਤੇ ਨੌਰੰਗਾਬਾਦ ਦੇ ਵਿਚਕਾਰ ਜ਼ਮੀਨ ਹੈ। ਕੁਝ ਸਮਾਂ ਪਹਿਲਾਂ ਪਿੰਡ ਭੁੱਲਰ ਨਿਵਾਸੀ ਦਰਸ਼ਨ ਸਿੰਘ ਪੁੱਤਰ ਸੋਹਣ ਸਿੰਘ ਨੇ ਆਪਣੇ ਲੜਕਿਆਂ ਧਰਮ ਸਿੰਘ ਅਤੇ ਚਰਨ ਸਿੰਘ ਨਾਲ ਮਿਲ ਕੇ ਉਨ੍ਹਾਂ ਜ਼ਮੀਨ ਨਾਲ ਲੱਗਦੀ ਵੱਟ ਆਪਣੀ ਜ਼ਮੀਨ ਵਿਚ ਮਿਲਾ ਲਈ। ਜਿਸ ਸਬੰਧੀ ਉਨ੍ਹਾਂ ਨੇ ਜਦੋਂ ਵਿਰੋਧ ਕੀਤਾ ਤਾਂ ਮਾਮਲਾ ਪੰਚਾਇਤ ਕੋਲ ਪੁੱਜ ਗਿਆ ਅਤੇ ਦੋਵਾਂ ਧਿਰਾਂ ਦਾ ਫੈਸਲਾ ਕਰਵਾਉਣ ਲਈ ਮੋਹਤਬਰ ਵਿਅਕਤੀ ਹਾਜ਼ਰ ਹੋਏ। ਪਰ ਉਕਤ ਵਿਅਕਤੀ ਆਪਣੀ ਗੱਲ ਤੋਂ ਨਹੀਂ ਹਟੇ ਅਤੇ ਉਨ੍ਹਾਂ ਦੀ ਵੱਟ ਤੇ ਕੀਤਾ ਕਬਜ਼ਾ ਨਾ ਛੱਡਿਆ। ਇਸ ਉਪਰੰਤ ਅੱਜ ਜਦੋਂ ਉਹ ਆਪਣੀ ਵੱਟ ਦੁਬਾਰਾ ਬਣਾਉਣ ਲਈ ਖੇਤਾਂ ਵਿਚ ਗਏ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਦਰਸ਼ਨਸਿੰਘ ਨੇ ਆਪਣੇ ਲੜਕਿਆਂ ਧਰਮ ਸਿੰਘ, ਚਰਨ ਸਿੰਘ ਅਤੇ ਜਿਨ੍ਹਾਂ ਨੂੰ ਜਮੀਨ ਠੇਕੇ ਤੇ ਦਿੱਤੀ ਹੈ। ਕੁਲਵਿੰਦਰ ਸਿੰਘ, ਸਰਭੂ, ਲੱਖਾ ਸਿੰਘ, ਪਾਲ ਸਿੰਘ ਅਤੇ ਬੀਰੋ ਨਾਲ ਮਿਲ ਕੇ ਉਨ੍ਹਾਂ 'ਤੇ ਤੇਜ਼ਧਾਰ ਕਿਰਪਾਨਾਂ ਅਤੇ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਕਤ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਹਥਿਆਰਾਂ ਦੇ ਵਾਰ ਕਰਕੇ ਉਸ ਦੇ ਪਤੀ ਅਤੇ ਸੱਸ ਨੂੰ ਜਖਮੀ ਕੀਤਾ ਹੈ ਅਤੇ ਹੁਣ ਖੁਦ ਆਪਣੇ ਆਪ ਨੂੰ ਸੱਟਾਂ ਲਗਾਕੇ ਹਸਪਤਾਲ ਵਿਚ ਡਾਕਟ ਕਟਾ ਕੇ ਭਰਤੀ ਹੋ ਗਏ ਹਨ। ਦੂਜੇ ਪਾਸੇ ਹਸਪਤਾਲ ਵਿਚ ਜ਼ਖਮੀ ਹੋਏ ਦਰਸ਼ਨ ਸਿੰਘ ਅਤੇ ਉਸ ਦੇ ਲੜਕਿਆਂ ਚਰਨ ਸਿੰਘ ਅਤੇ ਧਰਮ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਵੱਟ ਨਹੀਂ ਤੋੜੀ ਸਗੋਂ ਇਨ੍ਹਾਂ ਨੇ ਸਾਡੀ ਵੱਟ ਨੂੰ ਆਪਣੀ ਵੱਟ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਏ.ਐਸ.ਆਈ. ਬਲਵਿੰਦਰਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਜ਼ਖਮੀ ਹਸਪਤਾਲ ਵਿਚ ਦਾਖਲ ਹਨ। ਜਿਨ੍ਹਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਅਤੇ ਰਿਪੋਰਟ ਆਉਣ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ੀਲੇ ਪਾਊਡਰ ਸਮੇਤ ਤਿੰਨ ਕਾਬੂ
NEXT STORY