ਲੁਧਿਆਣਾ, (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਸੋਚਿਆ ਹੋਵੇਗਾ ਕਿ ਦੇਸ਼ 'ਚ ਐੱਨ. ਡੀ. ਏ. ਦੀ ਮੋਦੀ ਸਰਕਾਰ ਬਣਨ ਨਾਲ ਉੁਨ੍ਹਾਂ ਦਾ ਵੱਡਾ ਨੇਤਾ ਹੋਣ ਕਰਕੇ ਗਠਜੋੜ ਅਤੇ ਐੱਨ. ਡੀ. ਏ. ਦੇ ਪੁਰਾਣੇ ਸਾਥੀ ਹੋਣ ਦੇ ਨਾਤੇ ਸਰਕਾਰ ਅਤੇ ਭਾਜਪਾ ਹਰ ਵੇਲੇ ਉੁਨ੍ਹਾਂ ਨੂੰ ਵੱਡਾ ਸਨਮਾਨ ਦੇਵੇਗੀ ਪਰ ਜਿਸ ਤਰੀਕੇ ਨਾਲ ਲੰਘੇ ਕਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਕੌਮੀ ਨੇਤਾਵਾਂ ਨੇ ਹਰਿਆਣਾ ਵਿਚ ਭਾਜਪਾ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਇਸ ਬਜ਼ੁਰਗ ਤੇ ਸੀਨੀਅਰ ਨੇਤਾ ਨੂੰ ਅਲੱਗ ਕੀਤਾ ਹੈ ਉਸ ਦੀ ਰਿਪੋਰਟ ਲਗਭਗ ਸਾਰੇ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪ ਕੇ ਇਹ ਦੱਸਿਆ ਕਿ ਵੱਡੇ ਕੱਦ ਦੇ ਨੇਤਾ ਸ. ਬਾਦਲ ਦਾ ਭਾਜਪਾ ਨੇ ਇਸ ਵਾਰ ਬਣਦਾ ਮਾਣ-ਸਨਮਾਨ ਨਹੀਂ ਕੀਤਾ।
ਇਸ ਮਾਮਲੇ 'ਤੇ ਰਾਜਸੀ ਪੰਡਤਾਂ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਮਾਗਮ 'ਚ ਨਹੀਂ ਸੀ ਜਾਣਾ ਚਾਹੀਦਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਮਾਰੋਹ ਵਿਚ ਭੇਜਦੇ ਅਤੇ ਦੇਖਦੇ ਕਿ ਹਰਿਆਣੇ ਵਿਚ ਉੁਨ੍ਹਾਂ ਵਲੋਂ ਕੀਤੀ ਇਨੈਲੋ ਦੀ ਮਦਦ ਨਾਲ ਭਾਜਪਾ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ ਜਾਂ ਠੰਡਾ ਪੈ ਗਿਆ ਅਤੇ ਨਾਲ ਹੀ ਇਹ ਪਤਾ ਲੱਗ ਜਾਂਦਾ ਕਿ ਭਾਜਪਾ ਹਰਿਆਣਾ ਚੋਣਾਂ ਤੋਂ ਬਾਅਦ ਅਕਾਲੀ ਦਲ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ।
ਰਾਜਸੀ ਪੰਡਤਾਂ ਨੇ ਕਿਹਾ ਕਿ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਹੀ ਉਸ ਸਮਾਗਮ ਵਿਚ ਭਾਜਪਾ ਨੇ ਹੀ ਅਲੱਗ-ਥਲੱਗ ਕਰ ਦਿੱਤੇ ਹਨ ਤਾਂ ਹੁਣ ਸ. ਬਾਦਲ ਪਿਛਲੀ ਉੁਮਰੇ ਆਪਣੇ ਨਾਲ ਹੋਈ ਇਸ ਘਟਨਾ ਨੂੰ ਲੈ ਕੇ ਜ਼ਰੂਰ ਸੋਚਦੇ ਹੋਣਗੇ। ਰਾਜਸੀ ਪੰਡਤਾਂ ਨੇ ਕਿਹਾ ਕਿ ਜੇਕਰ ਭਾਜਪਾ ਨੇ ਕਲ ਦੇ ਸਹੁੰ ਚੁੱਕ ਸਮਾਗਮ ਵਿਚ ਸ. ਬਾਦਲ ਦੀ ਥਾਂ ਅਕਾਲੀ ਦਲ ਵਲੋਂ ਕਿਸੇ ਹੋਰ ਨੇਤਾ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੁੰਦਾ ਤਾਂ ਸ. ਬਾਦਲ ਭਾਜਪਾ ਦੀ ਕੌਮੀ ਲੀਡਰਸ਼ਿਪ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਦੋ ਟੁੱਕ ਗੱਲ ਕਰਕੇ ਆਪਣਾ ਰੋਸ ਅਤੇ ਆਪਣਾ ਗੁੱਸਾ ਜ਼ਾਹਿਰ ਕਰ ਸਕਦੇ ਹਨ। ਹੁਣ ਜਦੋਂ ਬਾਦਲ ਆਪ ਹੀ ਅਲੱਗ-ਥਲੱਗ ਪੈ ਗਏ ਹਨ, ਇਹ ਸਭ ਕੁਝ ਦੇਖ ਕੇ ਅਤੇ ਇੰਝ ਲੱਗਣ ਲੱਗ ਪਿਆ ਹੈ ਕਿ ਮੋਦੀ ਦੀ ਹਾਜ਼ਰੀ 'ਚ ਬਾਦਲ ਦਾ ਸਨਮਾਨ ਘਟਣਾ ਗਠਜੋੜ ਲਈ ਖਤਰੇ ਦੀ ਘੰਟੀ ਹੈ।
ਅਮਰੀਕਾ 'ਚ ਆਪਣੀ ਪਛਾਣ ਕਾਰਨ ਸਤਾਏ ਜਾ ਰਹੇ ਨੇ ਸਿੱਖ : ਪ੍ਰਭਜੀਤ
NEXT STORY