ਲੰਡਨ— ਨੋਬਲ ਪੁਰਸਕਾਰ ਜੇਤੂ ਅਤੇ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਬੁਲੰਦ ਕਰਨ ਵਾਲੀ ਮਲਾਲਾ ਯੁਸੂਫਜਈ ਹੁਣ ਪੂਰੀ ਤਰ੍ਹਾਂ ਐਕਸ਼ਨ ਵਿਚ ਆ ਗਈ ਹੈ ਤੇ ਸਿੱਖਿਆ ਨੂੰ ਲੈ ਕੇ ਉਸ ਨੇ ਹੋਰ ਸੰਜੀਦਗੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਮਲਾਲਾ ਨੇ ਗਾਜ਼ਾ ਵਿਚ ਲੜਾਈ ਦੌਰਾਨ ਨੁਕਸਾਨੇ ਗਏ ਸਕੂਲਾਂ ਦੇ ਮੁੜ ਨਿਰਮਾਣ ਵਿਚ ਮਦਦ ਦੇ ਲਈ 50000 ਡਾਲਰ ਦਾਨ ਵਿਚ ਦਿੱਤੇ ਹਨ।
ਮਲਾਲਾ ਨੇ ਵਿਸ਼ਵ ਬਾਲ ਪੁਰਸਕਾਰ ਹਾਸਲ ਕਰਦੇ ਹੋਏ ਸਟਾਕਹੋਮ 'ਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫਲਸਤੀਨੀ ਲੜਕਿਆਂ ਅਤੇ ਲੜਕੀਆਂ ਤੇ ਹਰ ਥਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਵਿਚ ਗੁਣਵੱਤਾਪੂਰਨ ਸਿੱਖਿਆ ਮਿਲੇ। ਮਲਾਲਾ ਨੇ ਕਿਹਾ ਕਿ ਸਿੱਖਿਆ ਤੋਂ ਬਿਨਾਂ ਕਦੇ ਵੀ ਇਸ ਸੰਸਾਰ ਵਿਚ ਸ਼ਾਂਤੀ ਨਹੀਂ ਆ ਸਕਦੀ।
17 ਸਾਲਾ ਮਲਾਲਾ ਨੇ ਕਿਹਾ ਕਿ ਫਲਸਤੀਨੀ ਖੇਤਰ ਵਿਚ 65 ਸਕੂਲਾਂ ਦੇ ਮੁੜ ਨਿਰਮਾਣ ਵਿਚ ਮਦਦ ਦੇ ਲਈ ਪੈਸਾ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਦੇ ਰਾਹੀਂ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ 2012 ਵਿਚ ਤਾਲਿਬਾਨੀਆਂ ਨੇ ਮਲਾਲਾ ਦੇ ਸਿਰ ਵਿਚ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਸਕੂਲ ਪੜ੍ਹਨ ਲਈ ਜਾ ਰਹੀ ਸੀ। ਉਸ ਹਾਦਸੇ ਵਿਚ ਤਾਂ ਉਹ ਬਚ ਗਈ ਪਰ ਕੁੜੀਆਂ ਅਤੇ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਣ ਦਾ ਉਸ ਦਾ ਸੰਕਲਪ ਹੋਰ ਵੀ ਮਜ਼ਬੂਤ ਹੋ ਗਿਆ। ਫਿਲਹਾਲ ਉਹ ਬ੍ਰਿਟੇਨ ਵਿਚ ਰਹਿ ਰਹੀ ਹੈ। ਉਸ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਉਸ ਨੂੰ ਕਈ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ, ਜਿਨ੍ਹਾਂ ਵਿਚ ਸਭ ਤੋਂ ਵੱਡਾ ਸਨਮਾਨ ਹੈ 2014 ਦਾ ਨੋਬੇਲ ਸ਼ਾਂਤੀ ਪੁਰਸਕਾਰ। ਮਲਾਲਾ ਇਕ ਹੀ ਸਾਲ ਵਿਚ ਬਾਲ ਪੁਰਸਾਕਾਰ ਤੇ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੀ ਹਸਤੀ ਬਣ ਗਈ ਹੈ।
ਹੰਗਰੀ 'ਚ ਇੰਟਰਨੈਟ ਟੈਕਸ ਖਿਲਾਫ ਸੜਕਾਂ 'ਤੇ ਉਤਰੇ ਲੋਕ
NEXT STORY