ਜਗਰਾਓਂ (ਮਾਲਵਾ)-ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਜਗਰਾਓਂ ਵਿਖੇ ਇਕ ਵਿਦਿਆਰਥਣ ਵੱਲੋਂ ਭੇਦਭਰੇ ਹਾਲਾਤਾਂ 'ਚ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪੁੱਜੇ ਐੱਸ.ਪੀ. ਰਣਬੀਰ ਸਿੰਘ, ਡੀ.ਐੱਸ.ਪੀ. (ਐੱਚ) ਅਜੇਰਾਜ ਸਿੰਘ, ਡੀ.ਐੱਸ.ਪੀ. (ਡੀ) ਨਵੀਨ ਕੁਮਾਰ, ਐੱਸ.ਐੱਚ.ਓ. ਸਿਟੀ ਸ਼ਿਵ ਚੰਦ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਵਰਿਆਮ ਸਿੰਘ ਨੇ ਦੱਸਿਆ ਕਿ ਮਨਮੀਤ ਕੌਰ (21) ਪੁੱਤਰੀ ਬਲਵੀਰ ਸਿੰਘ ਵਾਸੀ ਕੋਟ ਈਸੇ ਖਾਂ ਸਾਇੰਸ ਕਾਲਜ 'ਚ ਬੀ.ਐੱਸ.ਸੀ. ਫਾਇਨਲ ਦੀ ਵਿਦਿਆਰਥਣ ਸੀ, ਨੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ, ਜਿਸ ਦੀ ਮੌਕੇ 'ਤੇ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੌਕੇ 'ਤੇ ਇਕ ਚਿੱਠੀ ਬਰਾਮਦ ਹੋਈ ਹੈ, ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਚਿੱਠੀ ਵਿਚ ਵੀ ਆਤਮਹੱਤਿਆ ਦਾ ਕਾਰਨ ਨਹੀਂ ਦੱਸਿਆ ਗਿਆ। ਮ੍ਰਿਤਕ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਇਹ ਦੋ ਭਰਾਵਾਂ ਦੀ ਇਕ ਭੈਣ ਸੀ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਵਿਖੇ ਭੇਜ ਦਿੱਤਾ ਗਿਆ ਹੈ। ਐੱਸ.ਐੱਚ.ਓ. ਸ਼ਿਵ ਚੰਦ ਨੇ ਦੱਸਿਆ ਕਿ ਲੜਕੀ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।
ਰਾਜਿੰਦਰ ਗੁਪਤਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ
NEXT STORY