ਮਮਦੋਟ, (ਸੰਜੀਵ)-ਹਲਕਾ ਜ਼ੀਰਾ ਦੇ ਉੱਘੇ ਕਾਂਗਰਸੀ ਲੀਡਰ ਇੰਦਰਜੀਤ ਸਿੰਘ ਜ਼ੀਰਾ ਨੂੰ ਹਰੀ ਕੇ ਹੈੱਡ ਵਿਖੇ ਧਰਨਾ ਦੇਣ ਦੌਰਾਨ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਮਮਦੋਟ ਵਿਖੇ ਲਿਆਉਣ ਉਪਰੰਤ ਸ਼ਾਮ ਤੱਕ ਨਜ਼ਰਬੰਦ ਕਰਕੇ ਰੱਖਿਆ। ਉਨ੍ਹਾਂ ਦੇ ਸਮਰਥਕਾਂ 'ਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਗਿਆ। ਉਧਰ ਉਨ੍ਹਾਂ ਦੇ ਸਮਰਥਕਾਂ ਅਤੇ ਹਿਮਾਇਤੀਆਂ ਦੇ ਇਕੱਠ ਨੂੰ ਭਾਂਪਦਿਆਂ ਪੁਲਸ ਵਲੋਂ ਐੱਸ. ਪੀ. (ਇਨਵੈਸਟੀਗੇਸ਼ਨ) ਅਮਰਜੀਤ ਸਿੰਘ ਦੀ ਨਿਗਰਾਨੀ ਹੇਠ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਰਿਹਾਅ ਕੀਤੇ ਜਾਣ ਮਗਰੋਂ ਕਾਂਗਰਸੀ ਨੇਤਾ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹਰੀਕੇ ਹੈੱਡ ਵਿਖੇ ਸਰਕਾਰ ਨੂੰ ਜਗਾਉਣ ਲਈ ਅਤੇ ਕਿਸਾਨਾਂ ਦੇ ਹੱਕ 'ਚ ਮੋਰਚਾ ਖੋਲ੍ਹਣ ਦੇ ਬਦਲੇ ਧਰਨੇ ਤੋਂ ਸਵੇਰੇ ਸਾਢੇ 5 ਵਜੇ ਚੁੱਕ ਕੇ ਇਥੇ ਲਿਆਂਦਾ ਗਿਆ ਹੈ, ਤਾਂ ਜੋ ਸਾਡੇ ਮਕਸਦ ਨੂੰ ਪੂਰਾ ਕਰਨ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪੁਲਸ ਨੇ ਉਨ੍ਹਾਂ ਦੇ ਸਾਥੀਆਂ ਬੋਹੜ ਸਿੰਘ ਸਦਰ ਵਾਲਾ, ਗੁਰਬਚਨ ਸਿੰਘ ਵਰਿਆ ਵਾਲਾ, ਬਲਜੀਤ ਸਿੰਘ ਫੇਮੇ ਵਾਲੀ, ਹਰਦੀਪ ਸਿੰਘ ਮਖੂ, ਮੇਜਰ ਸਿੰਘ ਮੋਜਗੜ੍ਹ, ਰਛਪਾਲ ਸਿੰਘ ਜ਼ੀਰਾ, ਹਰਭਜਨ ਸਿੰਘ, ਮਿਹਰ ਸਿੰਘ ਬਾਹਰ ਵਾਲੀ, ਬਲਵਿੰਦਰ ਸਿੰਘ ਮੁੰਡੀ ਛੁਰੀ ਮਾਰਾਂ ਆਦਿ ਨੂੰ ਉਨ੍ਹਾਂ ਦੇ ਨਾਲ ਥਾਣੇ ਡੱਕੀ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ, ਕੁਲਦੀਪ ਸਿੰਘ ਸੋਢੀਨਗਰ ਅਤੇ ਅਮਰਜੀਤ ਸਿੰਘ ਘਾਰੂ ਹਾਜ਼ਰ ਸਨ। ਜ਼ੀਰਾ ਦੀ ਗ੍ਰਿਫਤਾਰੀ ਸਬੰਧੀ ਐੱਸ. ਪੀ. ਡੀ. ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ੀਰਾ ਦੀ ਗ੍ਰਿਫਤਾਰੀ ਸਬੰਧੀ ਅਸੀਂ ਕੁਝ ਨਹੀਂ ਕਹਿ ਸਕਦੇ। ਇਹ ਸਿਆਸੀ ਮਸਲਾ ਹੈ, ਇਸ ਬਾਰੇ ਜੋ ਵੀ ਫੈਸਲਾ ਹੋਣਾ ਹੈ, ਉਹ ਚੰਡੀਗੜ੍ਹ ਤੋਂ ਹੋਣਾ ਹੈ। ਉਨ੍ਹਾਂ ਦੀ ਇਸ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਗੁਰਭੇਜ ਸਿੰਘ ਟਿੱਬੀ ਜਨਰਲ ਸੈਕਟਰੀ ਯੂਥ ਕਾਂਗਰਸ ਪੰਜਾਬ, ਗੁਰਬਚਨ ਸਿੰਘ ਕਾਲਾ ਟਿੱਬਾ ਬਲਾਕ ਪ੍ਰਧਾਨ ਮਮਦੋਟ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਰਕਾਰ ਦੀ ਇਸ ਤਰਾਂ ਦੀ ਹਰਕਤ ਨੂੰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੱਸਿਆ।
ਮੋਦੀ ਸਰਕਾਰ ਨੇ ਦੰਗਾ ਪੀੜਤਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ : ਭੱਠਲ
NEXT STORY