ਬਠਿੰਡਾ, (ਬਲਵਿੰਦਰ)- ਮੈਂ ਤਾਂ ਚਾਹੁੰਦਾ ਹਾਂ ਕਿ ਅਕਾਲੀ-ਭਾਜਪਾ ਹਮੇਸ਼ਾ ਇਕੱਠੇ ਹੀ ਰਹਿਣ ਪਰ ਜੇਕਰ ਕੋਈ ਵਿਅਕਤੀ ਜਾਂ ਧਿਰ ਅਲੱਗ ਹੋਣ ਦਾ ਮਨ ਬਣਾ ਚੁੱਕੀ ਹੈ ਤਾਂ ਮੇਰੇ 'ਚ ਇੰਨੀ ਤਾਕਤ ਨਹੀਂ ਕਿ ਮੈਂ ਉਸ ਦੀ ਸੋਚ ਬਦਲ ਸਕਾਂ। ਬਾਕੀ ਪਾਰਟੀ ਦੇ ਫੈਸਲੇ ਹਾਈਕਮਾਨ ਨੇ ਲੈਣੇ ਹੁੰਦੇ ਹਨ, ਆਮ ਲੀਡਰਾਂ ਦੇ ਬਿਆਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਅਕਾਲੀ-ਭਾਜਪਾ ਦਾ ਰਿਸ਼ਤਾ ਅਟੁੱਟ ਹੈ ਤੇ ਅਟੁੱਟ ਹੀ ਰਹੇਗਾ। ਇਹ ਜਵਾਬ ਅੱਜ ਪਿੰਡ ਮਲੂਕਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਭਾਜਪਾ ਦੇ ਕੁਝ ਆਗੂ ਪੰਜਾਬ 'ਚ ਫੈਲੇ ਨਸ਼ਿਆਂ ਲਈ ਅਕਾਲੀ ਦਲ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਬਾਰੇ ਸ. ਬਾਦਲ ਨੇ ਕਿਹਾ ਕਿ ਭੁੱਕੀ, ਅਫੀਮ ਆਦਿ ਦੀ ਫਸਲ ਰਾਜਸਥਾਨ ਜਾਂ ਐੱਮ. ਪੀ. 'ਚ ਹੁੰਦੀ ਹੈ, ਜਿਥੋਂ ਇਹ ਪੰਜਾਬ 'ਚ ਆਉਂਦੀਆਂ ਹਨ, ਜਦਕਿ ਹੋਰ ਨਸ਼ੇ ਪਾਕਿਸਤਾਨ ਰਾਹੀਂ ਆਉਂਦੇ ਹਨ। ਇਸ ਵਿਚ ਪੰਜਾਬ ਸਰਕਾਰ ਕਿਵੇਂ ਦੋਸ਼ੀ ਹੋਈ। ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਹਮੇਸ਼ਾ ਤੋਂ ਯਤਨਸ਼ੀਲ ਹੈ। ਕੇਂਦਰ 'ਚ ਭਾਜਪਾ ਸਰਕਾਰ ਹੈ, ਉਸਨੂੰ ਚਾਹੀਦਾ ਹੈ ਕਿ ਦੇਸ਼ ਦੀ ਸੀਮਾ ਨੂੰ ਸਖ਼ਤੀ ਨਾਲ ਸੀਲ ਕਰੇ ਤਾਂ ਕਿ ਨਸ਼ਿਆਂ ਦੀ ਆਮਦ ਰੋਕੀ ਜਾ ਸਕੇ। ਹਰਿਆਣਾ ਦੀ ਭਾਜਪਾ ਕਹਿ ਰਹੀ ਹੈ ਕਿ ਉਹ ਪੰਜਾਬ ਤੋਂ ਪਾਣੀ ਹਰ ਹਾਲ 'ਚ ਲੈ ਕੇ ਰਹਿਣਗੇ, ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਹਰ ਕੋਈ ਆਪੋ-ਆਪਣਾ ਹਿੱਤ ਦੇਖਦਾ ਹੈ, ਪੰਜਾਬ ਸਰਕਾਰ ਆਪਣਾ ਹਿੱਤ ਦੇਖ ਰਹੀ ਹੈ। ਉਹ ਵੀ ਹਮੇਸ਼ਾ ਪੰਜਾਬ ਦਾ ਹਿੱਤ ਦੇਖਦੇ ਹਨ ਤੇ ਦੇਖਦੇ ਰਹਿਣਗੇ, ਜੇਕਰ ਕਿਸੇ ਹੋਰ ਨੂੰ ਇਸ ਦਾ ਬੁਰਾ ਲੱਗਦਾ ਹੋਵੇ ਤਾਂ ਉਹ ਕੁਝ ਨਹੀਂ ਕਰ ਸਕਦੇ। ਸ. ਬਾਦਲ ਨੇ ਅਰੁਣ ਜੇਤਲੀ ਬਾਰੇ ਖੁਦ ਹੀ ਕਿਹਾ ਕਿ ਜੇਕਰ ਕਿਸੇ ਨੂੰ ਭੁਲੇਖਾ ਹੈ ਤਾਂ ਉਹ ਕੱਢ ਦੇਵੇ ਕਿ ਸ਼੍ਰੀ ਜੇਤਲੀ ਨੂੰ ਅਕਾਲੀ ਦਲ ਨੇ ਹਰਾਇਆ ਕਿਉਂਕਿ ਸ਼੍ਰੀ ਜੇਤਲੀ ਨੇ ਚੋਣਾਂ ਤੋਂ ਬਾਅਦ ਖੁਦ ਕਿਹਾ ਸੀ ਕਿ ਅਕਾਲੀ ਦਲ ਨੇ ਉਨ੍ਹਾਂ ਦੀ ਉਮੀਦ ਤੋਂ ਕਿਤੇ ਵੱਧ ਮਦਦ ਕੀਤੀ। ਇਸ ਮੌਕੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਚੇਅਰਮੈਨ ਜ਼ਿਲਾ ਪ੍ਰੀਸ਼ਦ, ਪ੍ਰੈੱਸ ਸਕੱਤਰ ਰਤਨ ਸ਼ਰਮਾ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਮੌਜੂਦ ਸਨ।
ਬਾਦਲ ਤੇ ਮੱਕੜ ਨਹੀਂ ਚਾਹੁੰਦੇ ਸ਼ਾਂਤੀ ਤੇ ਭਾਈਚਾਰਾ
NEXT STORY