ਨਵੀਂ ਦਿੱਲੀ- ਸਰਕਾਰ ਸੋਨੇ ਦੀ ਦਰਾਮਦ 'ਤੇ ਕਿਸੇ ਤਰ੍ਹਾਂ ਦੀ ਨਵੀਂ ਪਾਬੰਦੀ ਨਹੀਂ ਲਗਾਏਗੀ ਕਿਉਂਕਿ ਦਸੰਬਰ ਵਿਚ ਇਸ ਵਡਮੁੱਲੀ ਧਾਤੂ ਦੀ ਦਰਾਮਦ ਵਿਚ ਭਾਰੀ ਗਿਰਾਵਟ ਆਈ ਹੈ । ਹਾਲਾਂਕਿ ਰਿਜ਼ਰਵ ਬੈਂਕ ਨੇ ਹਾਲ ਵਿਚ ਸੋਨਾ ਦਰਾਮਦ 'ਤੇ ਕੁੱਝ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ ।
ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਸੋਨਾ ਦਰਾਮਦ ਘਟਕੇ ਲਗਭਗ 25 ਟਨ ਰਹਿ ਗਈ । ਪੂਰੇ ਨਵੰਬਰ ਮਹੀਨੇ ਵਿਚ ਸੋਨੇ ਦੀ ਦਰਾਮਦ 150 ਟਨ ਰਹੀ ਸੀ । ਦਸੰਬਰ, 2013 ਵਿਚ ਸੋਨੇ ਦੀ ਦਰਾਮਦ ਲਗਭਗ 30 ਟਨ ਰਹੀ ਸੀ । ਰਿਜ਼ਰਵ ਬੈਂਕ ਨੇ 28 ਨਵੰਬਰ ਨੂੰ ਵਿਵਾਦਗ੍ਰਸਤ 80:20 ਸੋਨਾ ਦਰਾਮਦ ਯੋਜਨਾ ਨੂੰ ਖ਼ਤਮ ਕਰ ਦਿੱਤਾ ਸੀ । ਹਾਲ ਵਿਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਇਸ ਯੋਜਨਾ ਦੇ ਰੱਦ ਹੋਣ ਤੋਂ ਪਹਿਲਾਂ ਸੋਨੇ ਦੀ ਦਰਾਮਦ ਕੀਤੀ ਹੈ ਉਨ੍ਹਾਂ 'ਤੇ ਇਹ ਪਾਬੰਦੀਆਂ ਲਾਗੂ ਨਹੀਂ ਹੋਣੀਆਂ ਚਾਹੀਦੀਆਂ । ਵਿੱਤ ਮੰਤਰਾਲਾ ਹਾਲਾਂਕਿ ਅਜਿਹੀ ਛੋਟ ਦੇ ਖਿਲਾਫ ਹੈ ਕਿਉਂਕਿ ਇਸ ਨਾਲ ਯੋਜਨਾ ਦਾ ਉਦੇਸ਼ ਪ੍ਰਭਾਵਿਤ ਹੋ ਸਕਦਾ ਹੈ । ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ 6 ਕੰਪਨੀਆਂ ਨੂੰ ਛੋਟ ਦਿੱਤੀ ਗਈ ਸੀ ਉਨ੍ਹਾਂ ਦੀ ਅਪ੍ਰੈਲ ਤੋਂ ਸਤੰਬਰ ਦੇ ਦੌਰਾਨ ਕੁਲ ਦਰਾਮਦ ਵਿਚ 40 ਫ਼ੀਸਦੀ ਹਿੱਸੇਦਾਰੀ ਸੀ ।
ਨਵੰਬਰ ਵਿਚ ਸੋਨੇ ਦੀ ਦਰਾਮਦ 6 ਗੁਣਾ ਵਧਕੇ 5.61 ਅਰਬ ਡਾਲਰ (35,000 ਕਰੋੜ ਰੁਪਏ) ਹੋ ਗਈ । ਭਾਰਤ ਨੇ ਸਤੰਬਰ ਵਿਚ 96 ਟਨ ਅਤੇ ਅਗਸਤ ਵਿਚ 50.21 ਟਨ ਸੋਨੇ ਦੀ ਦਰਾਮਦ ਕੀਤੀ ਸੀ । ਇਸ ਤੋਂ ਇਲਾਵਾ ਅਪ੍ਰੈਲ ਵਿਚ ਸੋਨੇ ਦੀ ਦਰਾਮਦ 43.20 ਟਨ, ਮਈ ਵਿਚ 52.61 ਟਨ, ਜੂਨ ਵਿਚ 77.68 ਟਨ ਅਤੇ ਜੁਲਾਈ ਵਿਚ 45.26 ਟਨ ਰਹੀ ।
ਉੱਧਰ ਵੱਕਾਰੀ ਸ਼ੇਅਰ ਬਾਜ਼ਾਰਾਂ ਵਿਚ ਸਾਲ 2014 ਵਿਚ ਰਿਕਾਰਡ ਤੋੜ ਤੇਜ਼ੀ 'ਚ ਸੋਨੇ ਅਤੇ ਚਾਂਦੀ ਦੀ ਚਮਕ ਫਿੱਕੀ ਪੈ ਗਈ । ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਕਿ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਸੋਨੇ ਤੋਂ ਬਿਹਤਰ ਰਿਟਰਨ ਦਿੱਤਾ ਹੈ ।
ਨਿਵੇਸ਼ਕਾਂ ਦੀ ਧਾਰਨਾ ਵਿਚ ਸੁਧਾਰ, ਵਿਦੇਸ਼ੀ ਖਜ਼ਾਨਿਆਂ ਦੇ ਬਿਹਤਰ ਪ੍ਰਵਾਹ ਅਤੇ ਕੇਂਦਰ ਵਿਚ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ 'ਚ 2014 ਵਿਚ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ ਕਰੀਬ 30 ਫ਼ੀਸਦੀ ਚੜ੍ਹਿਆ ਹੈ, ਉਥੇ ਹੀ ਦੂਜੇ ਪਾਸੇ ਇਸ ਸਾਲ ਸੋਨੇ ਦੇ ਮੁੱਲ 9 ਫ਼ੀਸਦੀ ਅਤੇ ਚਾਂਦੀ ਦੀਆਂ ਕੀਮਤਾਂ 15.43 ਫ਼ੀਸਦੀ ਘਟੀਆਂ ਹਨ ।
ਲੱਗਭੱਗ 1 ਦਹਾਕੇ ਤੱਕ ਨਿਵੇਸ਼ਕਾਂ ਨੂੰ ਰਿਟਰਨ ਦੇ ਮਾਮਲੇ ਵਿਚ ਸ਼ੇਅਰਾਂ ਤੋਂ ਅੱਗੇ ਰਹਿਣ ਦੇ ਬਾਅਦ ਸੋਨਾ ਹੁਣ ਪਿਛਲੇ 3 ਸਾਲ ਤੋਂ ਪਛੜ ਰਿਹਾ ਹੈ ।
ਐਫ.ਆਈ.ਆਈ. ਨਿਵੇਸ਼ 42 ਅਰਬ ਡਾਲਰ ਦੇ ਪਾਰ
NEXT STORY