ਨਵੀਂ ਦਿੱਲੀ- ਪਿਛਲੇ ਕੁਝ ਦਿਨਾਂ ਤੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਇੰਨੀਆਂ ਘਟੀਆਂ ਹਨ ਕਿ ਉਹ ਪਿਛਲੇ ਪੰਜ ਸਾਲ ਦੇ ਪੱਧਰ 'ਤੇ ਆ ਗਈਆਂ ਹਨ। ਕੱਚੇ ਤੇਲ ਦੀ ਕੀਮਤ 'ਚ ਲਗਾਤਾਰ ਗਿਰਾਵਟ ਕਿਉਂ ਹੋ ਰਹੀ ਹੈ ਅਤੇ ਇਸ ਦਾ ਭਾਰਤੀ ਅਰਥਵਿਵਸਥਾ 'ਤੇ ਕਿਹੋ ਜਿਹਾ ਅਸਰ ਹੈ, ਇਹ ਜਾਣਨਾ ਜ਼ਰੂਰੀ ਹੈ।
ਜੂਨ 2014 ਤੋਂ ਹੁਣ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ 30 ਫੀਸਦੀ ਦੀ ਕਮੀ ਆਈ ਹੈ। ਕੱਚੇ ਤੇਲ ਦੀ ਕੀਮਤ 66 ਡਾਲਰ ਪ੍ਰਤੀ ਬੈਰਲ ਤੱਕ ਆ ਗਈ ਹੈ। ਜੋ ਪੈਟਰੋਲ ਕਦੀ 77 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਚੁੱਕਿਆ ਸੀ ਵਰਤਮਾਨ ਸਮੇਂ 'ਚ 67 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਆ ਗਿਆ ਹੈ। ਜਦੋਂਕਿ ਡੀਜ਼ਲ ਦੀਆਂ ਕੀਮਤਾਂ 58 ਤੋਂ 50 ਰੁਪਏ ਪ੍ਰਤੀ ਲੀਟਰ ਪਹੁੰਚ ਗਈਆਂ ਹਨ।
ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ, ਅਮਰੀਕਾ ਦੀ ਤੇਲ ਦੇ ਲਈ ਮੱਧ-ਪੂਰਬ ਦੇ ਦੇਸ਼ਾਂ 'ਤੇ ਨਿਰਭਰਤਾ ਖਤਮ ਹੋਣਾ। ਜਦੋਂਕਿ ਸਾਉਦੀ ਅਰਬ ਦੀ ਇਹ ਕੋਸ਼ਿਸ਼ ਹੈ ਕਿ ਤੇਲ ਦੀਆਂ ਕੀਮਤਾਂ ਇਸ ਹੱਦ ਤੱਕ ਘਟਾ ਦਿੱਤੀਆਂ ਜਾਣ ਕਿ ਸਿੱਧਾ ਅਸਰ ਅਮਰੀਕੀ ਸ਼ੇਲ ਗੈਸ ਅਤੇ ਤੇਲ ਦੀ ਅਰਥਵਿਵਸਥਾ 'ਤੇ ਪਏ। ਸਾਉਦੀ ਅਰਬ ਤੇਲ ਦਾ ਉਤਪਾਦਨ ਇਸ ਲਈ ਵੀ ਨਹੀਂ ਰੋਕ ਰਿਹਾ ਤਾਂ ਜੋ ਅਮਰੀਕੀ ਸ਼ੇਲ ਗੈਸ 'ਤੇ ਇਸ ਦਾ ਬੁਰਾ ਅਸਰ ਪਵੇ। ਕਿਉਂਕਿ ਜਦੋਂ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਇਸ ਦਾ ਅਸਰ ਗੈਸ ਦੀਆਂ ਕੀਮਤਾਂ 'ਤੇ ਵੀ ਪੈਂਦਾ ਹੈ। ਲਿਹਾਜ਼ਾ ਸ਼ੇਲ ਆਇਲ-ਗੈਸ ਕੰਪਨੀਆਂ ਦੇ ਲਈ ਤੇਲ ਦੀ ਕੀਮਤ 68 ਡਾਲਰ ਤੋਂ ਉੱਪਰ ਬਣੇ ਰਹਿਣਾ ਬੇਹੱਦ ਅਹਿਮ ਹੈ।
ਘਟਦੀਆਂ ਕੀਮਤਾਂ ਦੀ ਵਜ੍ਹਾ ਸਿਆਸੀ ਵੀ ਹੈ। ਕਿਉਂਕਿ ਰੂਸ ਆਪਣੀ 50 ਫੀਸਦੀ ਅਰਥਵਿਵਸਥਾ ਦੇ ਲਈ ਤੇਲ ਅਤੇ ਗੈਸ 'ਤੇ ਨਿਰਭਰ ਹੈ, ਤਾਂ ਤੇਲ ਦੀ ਕੀਮਤ ਘਟਾ ਕੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਇਹ ਕੋਸ਼ਿਸ਼ ਹੈ ਕਿ ਰੂਸ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਵਿਗੜ ਜਾਵੇ।
ਭਾਰਤ ਦੀ ਗੱਲ ਕਰੀਏ ਤਾਂ ਭਾਰਤ ਤੇਲ ਦੀ ਖਪਤ ਨੂੰ ਪੂਰਾ ਕਰਨ ਦੇ ਲਈ 80 ਫੀਸਦੀ ਤੇਲ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ। ਅੱਜਕੱਲ ਤੇਲ ਦੀਆਂ ਕੀਮਤਾਂ ਲਗਾਤਾਰ ਡਿੱਗਣ ਨਾਲ ਭਾਰਤ ਨੂੰ ਕੀਮਤ 'ਚ ਫਾਇਦਾ ਹੋ ਰਿਹਾ ਹੈ। ਮਹਿੰਗਾਈ ਘੱਟ ਰਹੀ ਹੈ। ਤਾਜ਼ਾ ਸਰਕਾਰੀ ਅੰਕੜਿਆਂ ਦੇ ਮੁਤਾਬਕ ਮਹਿੰਗਾਈ ਦੀ ਦਰ 0.00 ਫੀਸਦੀ ਰਹਿ ਗਈ ਹੈ। ਇਸ ਤੋਂ ਇਲਾਵਾ ਭਾਰਤ ਦੇ ਇੰਪੋਰਟ ਬਿਲ 'ਚ ਕਮੀ ਆਈ ਹੈ ਅਤੇ ਸਰਕਾਰ 'ਤੇ ਸਬਸਿਡੀ ਦਾ ਬੋਝ ਵੀ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੇ ਸਸਤੇ ਹੋਣ ਨਾਲ ਦੇਸ਼ ਦੀਆਂ ਪੇਂਟ, ਪਲਾਸਟਿਕ, ਫਰਟੀਲਾਈਜ਼ਰ ਅਤੇ ਸ਼ਿਪਿੰਗ ਕੰਪਨੀਆਂ ਨੂੰ ਵੀ ਫਾਇਦਾ ਹੋਇਆ ਹੈ।
ਕਾਰ ਅਤੇ ਮੋਟਰਸਾਈਕਲ ਦੀ ਸਰਵਿਸ ਦੇ ਦੌਰਾਨ ਵਰਤੇ ਜਾਣ ਵਾਲੇ ਇੰਜਨ ਆਇਲ ਦੀਆਂ ਕੀਮਤਾਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦਾ ਸਿੱਧਾ ਪ੍ਰਭਾਵ ਵਪਾਰੀਆਂ ਨੂੰ ਹੋਇਆ ਕਿਉਂਕਿ ਇਸ ਦੇ ਨਾਲ ਮਾਲ ਭਾੜਾ ਘੱਟ ਹੋਇਆ ਹੈ।
ਭਾਰਤ ਇਸ ਗੱਲ 'ਤੇ ਵੀ ਵਿਚਾਰ ਕਰ ਰਿਹਾ ਹੈ ਕਿ ਤੇਲ ਉਤਪਾਦਕ ਦੇਸ਼ਾਂ ਦੇ ਵਿਚਾਲੇ ਵਰਤਮਾਨ ਸਥਿਤੀ ਕਿੰਨੇ ਸਮੇਂ ਤੱਕ ਬਣੀ ਰਹਿੰਦੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਗਲੇ ਇਕ ਸਾਲ ਤੱਕ ਜਾਰੀ ਰਹਿ ਸਕਦੀ ਹੈ। ਕੌਮਾਂਤਰੀ ਪੱਧਰ 'ਤੇ ਤੇਲ ਦੇ ਇਕ ਬੈਰਲ ਦੀ ਔਸਤਨ ਕੀਮਤ 70 ਡਾਲਰ ਰਹਿਣ ਦੀ ਸੰਭਾਵਨਾ ਹੈ। ਪਰ ਕੀਮਤਾਂ ਹੇਠਾਂ ਆਈਆਂ ਹਨ ਤਾਂ ਉੱਪਰ ਵੀ ਜਾਣਗੀਆਂ। ਇਸ ਲਈ ਭਾਰਤ ਨੂੰ ਉਸ ਸਥਿਤੀ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।
ਈਰਾਨੀ ਹੋ ਸਕਦੀ ਹੈ ਦਿੱਲੀ 'ਚ ਸੀ. ਐਮ. ਉਮੀਦਵਾਰ : ਆਪ
NEXT STORY