ਪੱਟੀ (ਪਾਠਕ, ਰਖ਼ਰਾ, ਮੋਹਿਤ)-ਇੱਥੇ ਸਬ ਜੇਲ ਪੱਟੀ ਅੰਦਰ ਬੀਤੀ ਦੇਰ ਸ਼ਾਮ ਕੈਦੀਆਂ ਅਤੇ ਹਵਾਲਾਤੀਆਂ ਦੀ ਬੰਦੀ ਪਾਉਣ ਸਮੇਂ ਦੋ ਧੜ੍ਹਿਆਂ 'ਚ ਹੋਈ ਲੜਾਈ ਦੌਰਾਨ ਇਕ ਕੈਦੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਇਸ ਲੜਾਈ 'ਚ ਖੁੱਲ੍ਹ ਕੇ ਹੋਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ।
ਜਾਣਕਾਰੀ ਮੁਤਾਬਕ ਜੇਲ 'ਚ ਬੰਦ ਸਿਕੰਦਰ ਸਿੰਘ ਨਾਂ ਦੇ ਕੈਦੀ ਦਾ ਹਰਚਰਨ ਸਿੰਘ ਭੱਗੂਪੁਰ ਗਰੁੱਪ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਜੇਲ ਸੁਪਰਡੈਂਟ ਵਲੋਂ ਸਿਕੰਦਰ ਸਿੰਘ ਨੂੰ ਝਗੜੇ ਦੀ ਜਾਣਕਾਰੀ ਲੈਣ ਲਈ ਥੱਲੇ ਬੁਲਾਇਆ ਗਿਆ ਤਾਂ ਫਿਰ ਦੋਹਾਂ ਧਿਰਾਂ 'ਚ ਝਗੜਾ ਹੋ ਗਿਆ। ਇਸ ਦੌਰਾਨ ਸਿਕੰਦਰ ਸਿੰਘ ਦੇ ਕੰਨ, ਹੱਥ, ਲੱਤ ਅਤੇ ਬਾਂਹ 'ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਅਤੇ ਪ੍ਰਵੀਨ ਕੁਮਾਰ ਅਤੇ ਰਾਜੂ ਹਰੀਕੇ ਵੀ ਜ਼ਖਮੀ ਹੋ ਗਏ।
ਜੇਲ ਅੰਦਰਲਾ ਸ਼ੋਰ-ਸ਼ਰਾਬਾ ਬਾਹਰ ਤੱਕ ਲੋਕਾਂ ਨੂੰ ਸੁਣਾਈ ਦਿੱਤਾ। ਇਥੋਂ ਤੱਕ ਕਿ ਜੇਲ ਅੰਦਰ ਸਾਇਰਨ ਵੀ ਦੋ ਵਾਰ ਵੱਜਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਪੱਟੀ ਦੀ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਭਾਰੀ ਪੁਲਸ ਫੋਰਸ ਸਮੇਤ ਜੇਲ ਅੰਦਰ ਪੁੱਜੇ ਅਤੇ ਦੇਰ ਤੱਕ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਰਹੇ ਸਨ। ਇਸ ਸਬੰਧੀ ਜਦੋਂ ਪੁਲਸ ਥਾਣਾ ਪੱਟੀ ਦੀ ਮੁਖੀ ਰਾਜਵਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਲ ਅੰਦਰ ਮਾਮੂਲੀ ਲੜਾਈ ਹੋਈ ਹੈ ਅਤੇ ਘਟਨਾ 'ਚ ਜ਼ਖਮੀ ਹੋਏ ਵਿਅਕਤੀ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਲਿਵ ਇਨ ਰਿਲੇਸ਼ਨਸ਼ਿਪ ਦਾ ਉਤਰਿਆ ਉਦੋਂ ਭੂਤ, ਜਦੋਂ ਕੀਤੀ ਕਰਤੂਤ
NEXT STORY