ਤੂਰਬੰਜਾਰਾ/ਪਟਿਆਲਾ (ਰਾਜੇਸ਼ ਪੰਜੌਲਾ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ 'ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਆਫਿਸ ਇੰਚਾਰਜ ਰਾਜ ਸਭਾ ਐੱਮ. ਪੀ. ਤਰੁਣ ਚੁੱਘ ਨੇ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਗੁਲਜ਼ਾਰ ਸਿੰਘ ਨੇ ਆਤਮਹੱਤਿਆ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਚਿੱਟੇ ਦੇ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਵਾਲ ਉਠਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਆਪਣੀ ਜੀਵਨ ਲੀਲਾ ਖ਼ਤਮ ਕਰਨੀ ਪਈ।
ਤਰੁਣ ਚੁੱਘ ਵਿਸ਼ੇਸ਼ ਤੌਰ 'ਤੇ ਤੂਰਬੰਜਾਰਾ ਸਥਿਤ ਸਵ. ਗੁਲਜਾਰ ਸਿੰਘ ਦੇ ਨਿਵਾਸ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਨੇ ਸਾਰੀ ਘਟਨਾ ਰਾਜ ਸਭਾ ਐਮ. ਪੀ. ਨੂੰ ਦੱਸੀ ਕਿ ਕਿਸ ਤਰ੍ਹਾਂ ਗੁਲਜਾਰ ਸਿੰਘ ਨੂੰ ਸਵਾਲ ਪੁੱਛਣ ਤੋਂ ਬਾਅਦ ਤੰਗ ਪਰੇਸ਼ਾਨ ਕੀਤਾ ਗਿਆ। ਤਰੁਣ ਚੁੱਘ ਨੇ ਕਿਹਾ ਕਿ ਗੁਲਜਾਰ ਸਿੰਘ ਨੂੰ ਬਚਾਉਣ ਦੀ ਬਜਾਏ ਹਸਪਤਾਲ ਵਿਚ ਸਹੀ ਸਮੇਂ 'ਤੇ ਮੈਡੀਕਲ ਸਹਾਇਤਾ ਨਹੀਂ ਦਿੱਤੀ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ ਗਿਆ, ਜਿਥੇ ਆਕਸੀਜ਼ਨ ਦੇ ਸਿਲੰਡਰ ਨਹੀਂ ਦਿੱਤੇ ਗਏ ਅਤੇ ਵਾਰ ਵਾਰ ਸ਼ਿਫਟਿੰਗ ਦੌਰਾਨ ਹੀ ਗੁਲਜਾਰ ਸਿੰਘ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਣ ਐਲਾਨੀ ਐਮਰਜੰਸੀ ਲਾਗੂ ਹੋ ਗਈ ਹੈ। ਜਿਹੜੀ ਸਰਕਾਰ ਧਰਨੇ ਤੇ ਰੋਸ ਪ੍ਰਦਰਸ਼ਨਾਂ ਅਤੇ ਸਰਕਾਰਾਂ ਨੂੰ ਸਵਾਲ ਪੁੱਛਦੀ ਪੁੱਛਦੀ ਸੱਤਾ ਵਿਚ ਆਈ ਅੱਜ ਉਹ ਉਨ੍ਹਾਂ ਲੋਕਾਂ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ, ਜਿਹੜੇ ਸਰਕਾਰ ਤੋਂ ਸਵਾਲ ਪੁੱਛਦੇ ਹਨ। ਪੰਜਾਬ ਵਿਚ ਅਜਿਹੀਆਂ ਕਈ ਘਟਨਾਵਾਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਮ੍ਰਿਤਕ ਪਰਿਵਾਰ ਨਾਲ ਹਮਦਰਦੀ ਅਤੇ ਪਰਿਵਾਰ ਨੂੰ ਸੰਭਾਲਣ ਦੀ ਬਜਾਏ ਉਸ ਨੂੰ ਡਰਾਇਆ ਜਾ ਰਿਹਾ ਹੈ। ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜਦੋਂ ਪਿੰਡ ਦੇ ਲੋਕਾਂ ਨੇ ਮ੍ਰਿਤਕ ਦੀ ਦੇਹ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਪੁਲਸ ਨੇ ਪਿੰਡ ਨਿਵਾਸੀਆਂ ਨਾਲ ਧੱਕਾ ਕੀਤਾ ਅਤੇ ਡੀਜ਼ਲ ਪਾ ਕੇ ਮ੍ਰਿਤਕ ਗੁਲਜਾਰ ਸਿੰਘ ਦੀ ਦੇਹ ਦਾ ਸਸਕਾਰ ਕਰ ਦਿੱਤਾ ਅਤੇ ਪਰਿਵਾਰ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਰਹੂ ਰੀਤਾਂ ਵੀ ਨਹੀਂ ਕਰਨ ਦਿੱਤੀਆਂ ਗਈਆਂ। ਇਸ ਘਟਨਾਕ੍ਰਮ ਨੇ ਅੰਗਰੇਜਾਂ ਅਤੇ ਮੁਗਲਾਂ ਦੇ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਉਨ੍ਹਾਂ ਪਰਿਵਾਰ ਨਾਲ ਵੱਖਰੇ ਤੌਰ 'ਤੇ ਗੱਲ ਕੀਤੀ ਅਤੇ ਕਿਹਾ ਕਿ ਪਰਿਵਾਰ ਦੀ ਜੋ ਵੀ ਮੰਗ ਹੈ, ਉਹ ਪੂਰੀ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਡਟ ਕੇ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਐਸ. ਸੀ. ਕਮਿਸ਼ਨ ਵੀ ਇਸ ਮਾਮਲੇ ਵਿਚ ਕਾਰਵਾਈ ਕਰ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਵਿੱਤ ਮੰਤਰੀ 'ਤੇ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ। ਜਦੋਂ ਤੱਕ ਉਹ ਵਿੱਤ ਮੰਤਰੀ ਦੀ ਕੁਰਸੀ 'ਤੇ ਰਹਿਣਗੇ ਪਰਿਵਾਰ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਸਕਦਾ। ਹੁਣ ਵੀ ਪਰਿਵਾਰ ਡਰ ਦੇ ਸਾਏ ਹੇਠ ਜੀਅ ਰਿਹਾ ਹੈ ਅਤੇ ਲਗਾਤਾਰ ਪੁਲਸ ਤੇ ਪ੍ਰਸ਼ਾਸਨ ਦਾ ਦਬਾਅ ਪਰਿਵਾਰ 'ਤੇ ਹੈ। ਇਸ ਮੌਕੇ ਤਰੁਣ ਚੁੱਘ ਦੇ ਨਾਲ ਜ਼ਿਲਾ ਸੰਗਰੂਰ ਦਿਹਾਤੀ ਦੀ ਪ੍ਰਧਾਨ ਦਮਨ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਲੀਡਰ ਹਾਜ਼ਰ ਸਨ।
ਪੰਜਾਬ 'ਚ ED ਦੀ ਵੱਡੀ ਰੇਡ! ਪਟਿਆਲਾ ਤੇ ਮੋਹਾਲੀ 'ਚ ਕਈ ਥਾਵਾਂ 'ਤੇ ਕੀਤੀ ਜਾ ਰਹੀ ਛਾਪੇਮਾਰੀ
NEXT STORY