ਗੁਰਦਾਸਪੁਰ,(ਵਿਨੋਦ, ਹਰਮਨ)- ਸਥਾਨਕ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ 7 ਸਾਲਾ ਬੱਚੇ ਦੀ ਮੌਤ ਹੋ ਜਾਣ ਕਾਰਣ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਉੱਥੇ ਭੰਨ-ਤੋੜ ਕੀਤੀ ਅਤੇ ਪੁਲਸ ਕੋਲੋਂ ਡਾਕਟਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਭੁੱਲੇਚੱਕ ਵਾਸੀ ਰਾਜੂ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ 3 ਵਜੇ ਉਨ੍ਹਾਂ ਆਪਣੇ 7 ਸਾਲਾ ਲੜਕੇ ਪ੍ਰਦੀਪ ਸਿੰਘ ਨੂੰ ਗੁਰਦਾਸਪੁਰੁਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਕਿਉਂਕਿ ਅੱਜ ਸਕੂਲ ਵਿਚ ਉਸ ਨੂੰ ਉਲਟੀਆਂ ਆਈਆਂ ਸੀ, ਜਿਸ ਕਾਰਣ ਅਸੀਂ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪਰ ਸ਼ਾਮ ਲਗਭਗ 5.15 ਵਜੇ ਸਾਨੂੰ ਡਾਕਟਰ ਨੇ ਕਿਹਾ ਕਿ ਪ੍ਰਦੀਪ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲਾਪ੍ਰਵਾਹੀ ਕਰਨ ਵਾਲੇ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਮਿਲੇ।ਕੀ ਕਹਿਣਾ ਹੈ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁੱਸੇ ਵਿਚ ਆ ਕੇ ਹਸਪਤਾਲ ਵਿਚ ਤੋੜ-ਭੰਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੀ ਮੌਕੇ 'ਤੇ ਆਈ ਹੈ ਅਤੇ ਜੋ ਵੀ ਪਰਿਵਾਰ ਵਾਲੇ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਪੋਸਟਮਾਰਟਮ ਨਾ ਹੋਵੇ ਪਰ ਇਹ ਸੰਭਵ ਨਹੀਂ ਹੈ। ਜਦ ਪਰਿਵਾਰ ਹਸਪਤਾਲ ਖਿਲਾਫ ਕਾਰਵਾਈ ਚਾਹੁੰਦਾ ਹੈ ਤਾਂ ਅਜਿਹੀ ਜਾਂਚ ਕਰਵਾਉਣੀ ਹੋਵੇਗੀ ਅਤੇ ਜਾਂਚ ਕੇਵਲ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਹੋਵੇਗੀ।ਹਸਪਤਾਲ ਦੇ ਮਾਲਕ ਨੇ ਦੋਸ਼ਾਂ ਨੂੰ ਨਕਾਰਿਆ
ਹਸਪਤਾਲ ਦੇ ਡਾਕਟਰ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਦੀਪ ਸਿੰਘ ਨੂੰ ਜਦ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਦੋਂ ਉਸ ਨੂੰ ਮਿਰਗੀ ਦੇ ਦੌਰੇ ਪੈ ਰਹੇ ਸੀ ਅਤੇ ਪਰਿਵਾਰ ਵਾਲਿਆਂ ਅਨੁਸਾਰ ਵੀ ਉਸ ਨੂੰ ਇਹ ਸ਼ਿਕਾਇਤ ਸੀ। ਅੱਜ ਸਕੂਲ ਵਿਚ ਵੀ ਪ੍ਰਦੀਪ ਦੀ ਸਿਹਤ ਖਰਾਬ ਹੋਈ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਹਸਪਤਾਲ ਵਿਚ ਆਉਂਦੇ ਹੀ ਬੱਚੇ ਨੂੰ ਆਕਸੀਜਨ ਲਾ ਕੇ ਜੋ ਜ਼ਰੂਰੀ ਇਲਾਜ ਸੀ ਉਹ ਸ਼ੁਰੂ ਕਰ ਦਿੱਤਾ ਸੀ ਪਰ ਅਚਾਨਕ ਸ਼ਾਮ 5.15 ਵਜੇ ਪ੍ਰਦੀਪ ਨੂੰ ਫਿਰ ਦੌਰੇ ਸ਼ੁਰੂ ਹੋ ਗਏ ਅਤੇ ਉਸ ਦੀ ਮੌਤ ਹੋ ਗਈ। ਮੌਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਵਿਚ ਬ੍ਰੇਨ ਹੈਮਰੇਜ ਵੀ ਹੋ ਸਕਦੀ ਹੈ ਅਤੇ ਉਲਟੀਆਂ ਆਉਣ ਕਾਰਣ ਵੀ ਕਈ ਵਾਰ ਸਰੀਰ ਵਿਚ ਕੁਝ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੱਖ ਤੋਂ ਕਿਤੇ ਵੀ ਲਾਪ੍ਰਵਾਹੀ ਨਹੀਂ ਹੋਈ ਹੈ।
ਸਿੱਖ ਜਥਿਆਂ ਨਾਲ ਪਾਕਿਸਤਾਨ ਭੇਜੇ ਜਾਣ ਵਾਲੇ ਅਧਿਕਾਰੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ
NEXT STORY