ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ’ਚ ਵਿਦੇਸ਼ ਭੇਜਣ ਦੇ ਨਾਮ ’ਤੇ 70 ਦੇ ਕਰੀਬ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਏਜੰਟ ਨੂੰ ਬੀਤੀ ਰਾਤ ਨੌਜਵਾਨ ਵੱਲੋਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਏਜੰਟ ਨੂੰ ਬਰਿਆਰ ਪੁਲਸ ਚੌਂਕੀ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਸਿਟੀ ਪੁਲਸ ਦਾ ਮਾਮਲਾ ਕਹਿ ਕੇ ਉੱਥੇ ਭੇਜ ਦਿੱਤਾ ਪਰ ਜਦੋਂ ਨੌਜਵਾਨਾਂ ਨੇ ਏਜੰਟ ਨੂੰ ਸਿਟੀ ਪੁਲਸ ਸਟੇਸ਼ਨ ਲਿਆਂਦਾ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਬਰਿਆਰ ਪੁਲਸ ਚੌਂਕੀ ਦਾ ਮਾਮਲਾ ਕਹਿ ਕੇ ਉੱਥੇ ਭੇਜ ਦਿੱਤਾ। ਜਿਸ ਕਾਰਨ ਸਾਰੀ ਰਾਤ ਨੌਜਵਾਨ ਏਜੰਟ ਨੂੰ ਲੈ ਕੇ ਘੁੰਮਦੇ ਰਹੇ ਅਤੇ ਪ੍ਰੇਸ਼ਾਨ ਹੁੰਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਵੱਲੋਂ ਕੁਝ ਦਿਨ ਪਹਿਲਾਂ ਗੁਰਦਾਸਪੁਰ ’ਚ ਏਜੰਟ ਦੇ ਦਫਤਰ ਬਾਹਰ ਹੰਗਾਮਾ ਵੀ ਕੀਤਾ ਗਿਆ ਸੀ ਪਰ ਠੱਗ ਏਜੰਟ ਉੱਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਪ੍ਰੇਸ਼ਾਨ ਨੌਜਵਾਨਾਂ ਕੱਲ ਬੀਤੀ ਰਾਤ ਇਸ ਠੱਗ ਏਜੰਟ ਨੂੰ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦੱਸਿਆ ਕਿ ਇਸ ਠੱਗ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 70 ਦੇ ਕਰੀਬ ਨੌਜਵਾਨਾਂ ਕੋਲੋਂ ਲੱਖਾ ਰੁਪਏ ਲਏ ਸਨ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਝੂਠੇ ਵੀਜ਼ੇ ਅਤੇ ਝੂਠੀਆਂ ਟਿਕਟਾਂ ਦਿੱਤੀਆਂ ਗਈਆਂ ਸਨ। ਪਿਛਲੇ ਦਿਨੀਂ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੀ ਬਰਾਂਚ ਦੇ ਅੱਗੇ ਹੰਗਾਮਾਂ ਵੀ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਏਜੰਟ ਵੱਲੋਂ ਨੌਜਵਾਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਪਾਸਪੋਰਟ ਵਾਪਸ ਲੈਣੇ ਹਨ ਤਾਂ ਤਿੰਨ-ਤਿੰਨ ਹਜ਼ਾਰ ਰੁਪਏ ਉਸ ਨੂੰ ਆਨਲਾਈਨ ਭੇਜੋ ਅਤੇ ਆਪਣੇ ਪਾਸਪੋਰਟ ਲੈ ਲਵੋ। ਇਸ ਤੋਂ ਬਾਅਦ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿਚ ਨੌਜਵਾਨਾਂ ਨੇ ਇਸ ਏਜੰਟ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਨੌਜਵਾਨਾਂ ਵੱਲੋਂ ਇਸ ਏਜੰਟ ਨੂੰ ਬਰਿਆਰ ਚੌਂਕੀ ਲਿਆਂਦਾ, ਜਿੱਥੇ ਪੁਲਸ ਵੱਲੋਂ ਕਹਿ ਦਿੱਤਾ ਗਿਆ ਕਿ ਇਸ ਨੂੰ ਸਿਟੀ ਥਾਣੇ ਲੈ ਜਾਓ। ਬਾਅਦ ਵਿਚ ਨੌਜਵਾਨ ਸਿਟੀ ਥਾਣੇ ਪਹੁੰਚੇ ਤਾਂ ਸਿਟੀ ਥਾਣੇ ਦੀ ਵੀ ਪੁਲਸ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਹਿ ਦਿੱਤਾ ਗਿਆ ਕਿ ਇਹ ਸਾਡੀ ਹੱਦ ਵਿਚ ਨਹੀਂ ਹੈ। ਇਸ ਨੂੰ ਬਰਿਆਰ ਚੌਂਕੀ ਲੈ ਜਾਓ ਅਤੇ ਪੁਲਸ ਵੱਲੋਂ ਨੌਜਵਾਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆ।
ਨੌਜਵਾਨਾਂ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਸਬੰਧੀ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ ਦਫਤਰ ਵਿਚ ਹਾਜ਼ਰ ਮੁਲਾਜ਼ਮ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਸਵੇਰੇ 9 ਵਜੇ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਪੁਲਸ ਨੇ ਤਾਂ ਕੁਝ ਨਹੀਂ ਕੀਤਾ ਪਰ ਜੇਕਰ ਅਸੀਂ ਇਸ ਏਜੰਟ ਨੂੰ ਕਾਬੂ ਕੀਤਾ ਹੈ ਤਾਂ ਪੁਲਸ ਆਪਣੀ ਹਿਰਾਸਤ ਵਿਚ ਨਹੀਂ ਲੈ ਰਹੀ। ਨੌਜਵਾਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਸੜਕਾਂ ’ਤੇ ਧਰਨੇ ਲਗਾਉਣ ਲਈ ਮਜਬੂਰ ਹੋਵਾਂਗੇ। ਦੂਜੇ ਪਾਸੇ ਜਦੋਂ ਐੱਸ.ਐੱਸ.ਪੀ ਗੁਰਦਾਸਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸੂਬੇ 'ਚ ਲੜੀਵਾਰ ‘ਮਿਲਣੀ ਪ੍ਰੋਗਰਾਮ’ ਤਹਿਤ ਲੁਧਿਆਣਾ ਤੋਂ ਮਿਲਣੀ ਪ੍ਰੋਗਰਾਮ ਦਾ ਅਗਾਜ਼
NEXT STORY