ਪਟਿਆਲਾ, (ਜੋਸਨ)- ਬਹੁਜਨ ਸਮਾਜ ਪਾਰਟੀ ਨੇ ਅੱਜ ਸੀ. ਐੱਮ. ਸਿਟੀ ਵਿਖੇ ਵਿਸ਼ਾਲ ਰੋਸ ਮਾਰਚ ਅਤੇ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਹੋਏ ਇਸ ਮਾਰਚ ’ਚ ਵਿਸ਼ੇਸ਼ ਤੌਰ ’ਤੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਬਸਪਾ 2022 ਲਈ ਪੰਜਾਬ ’ਚ ਮਜ਼ਬੂਤ ਲੜਾਈ ਲੜਕੇ ਸੱਤਾ ਦੀ ਹਿੱਸੇਦਾਰ ਬਣੇਗੀ।
ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਹਮੇਸ਼ਾ ਡਰਾਮੇ ਕਰ ਕੇ ਸੱਤਾ ਹਥਿਆਈ, ਆਪਸੀ ਰਿਸ਼ਤੇਦਾਰੀਆਂ ਪਾਈਆਂ ਅਤੇ ਪੰਜਾਬੀਆਂ ਨੂੰ ਲੁੱਟਿਆ। ਕਾਂਗਰਸ ਨੇ 1984 ’ਚ ਪੰਜਾਬ ਉੱਪਰ ਤੋਪਾਂ ਤੇ ਫ਼ੌਜਾਂ ਚਾੜ੍ਹੀਆਂ ਪਰ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਕੇ ਡਰਾਮਾ ਕੀਤਾ ਅਤੇ ਅਕਾਲੀ ਦਲ ਬਣਾ ਲਿਆ। 1992 ਦੀਆਂ ਚੋਣਾਂ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਲੜੀਆਂ ਜੋ ਬਾਅਦ ’ਚ ਕਾਂਗਰਸ ’ਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਬਣੇ।
ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ 1957 ’ਚ ਕਾਂਗਰਸ ਦੀ ਟਿਕਟ ਤੋਂ ਐੱਮ. ਐੱਲ. ਏ. ਬਣੇ ਪਰ 5 ਵਾਰ ਮੁੱਖ ਮੰਤਰੀ ਅਕਾਲੀ ਦਲ ਤੋਂ ਬਣੇ। ਅਕਾਲੀ-ਭਾਜਪਾ ਤੇ ਕਾਂਗਰਸੀ ਡਰਾਮੇਬਾਜ਼ੀ ਹਨ, ਜਦੋਂ ਕਿ ਨੀਲੀ-ਚਿੱਟੀ ਪੱਗ ਅੰਦਰੋਂ ਇਕ ਹਨ। ਇਹ ਆਪਸ ’ਚ ਮਿਲ-ਜੁਲਕੇ ਦਲਿਤ ਪਛੜੇ ਵਰਗਾਂ ਨੂੰ ਦਬਾਉਣ ਦੇ ਕੁਚਲਨ ਦਾ ਕੰਮ ਕਰਦੇ ਹਨ।
ਸ਼੍ਰੀ ਗੜੀ ਨੇ ਕਿਹਾ ਕਿ ਹੁਣ 64 ਕਰੋੜ ਦੇ ਘਪਲੇ ’ਚ ਡਾਕਾ ਮਾਰਨ ਵਾਲੇ ਸਾਧੂ ਸਿੰਘ ਧਰਮਸੌਤ ਨੂੰ ਸਜ਼ਾ ਨਹੀਂ ਦਿੱਤੀ, ਸਗੋਂ ਘਪਲੇ ਦੀ ਸੂਚਨਾ ਦੇਣ ਵਾਲੇ ਸਕੱਤਰ ਕਿਰਪਾ ਸ਼ੰਕਰ ਸਰੋਜ ਨੂੰ ਵੀ ਵਿਭਾਗ ਬਦਲੀ ਕਰ ਸਜ਼ਾ ਦਿੱਤੀ ਹੈ। ਕਾਂਗਰਸ ਸਰਕਾਰ ਦੇ ਰਾਜ ’ਚ ਦਲਿਤਾਂ ਦੇ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਸਿੱਖਿਆ ਸੰਸਥਾਵਾਂ ਨੂੰ ਛੱਡ ਕੇ ਮਜ਼ਦੂਰੀ ਕਰਨ ਲਈ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਹੋਏ ਹਨ।
ਗੜੀ ਦੇ ਜੋਸ਼ ਭਰੇ ਸ਼ਬਦਾਂ ’ਚ ਕਾਂਗਰਸ ਨੂੰ ਵਾਰ-ਵਾਰ 2022 ਦੀ ਚੁਣੌਤੀ ਦਿੰਦਿਆਂ ਕਿਹਾ ਕਿ ਬਸਪਾ ਨੇ ਪੰਜਾਬ ’ਚ ਅੰਦੋਲਨ ਦੀ ਲੜੀ ਸ਼ੁਰੂ ਕਰ ਰੱਖੀ ਹੈ। ਇਸ ਤਹਿਤ 14 ਸਤੰਬਰ ਫਗਵਾੜਾ, 18 ਸਤੰਬਰ ਹੁਸ਼ਿਆਰਪੁਰ, 24 ਸਤੰਬਰ ਅੰਮ੍ਰਿਤਸਰ, 28 ਸਤੰਬਰ ਬਠਿੰਡਾ ਅਤੇ ਅੱਜ 29 ਸਤੰਬਰ ਨੂੰ ਪਟਿਆਲਾ ਦੀ ਧਰਤੀ ’ਤੇ ਵਿਸ਼ਾਲ ਰੋਸ ਮਾਰਚ ਤੇ ਮੁਜ਼ਾਹਰੇ ਕੀਤੇ ਹਨ। ਹੁਣ 3 ਅਕਤੂਬਰ ਸੰਗਰੂਰ ਤੇ 9 ਅਕਤੂਬਰ ਨੂੰ ਪਾਇਲ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਬਲਦੇਵ ਮਹਿਰਾ, ਜੋਗਾ ਸਿੰਘ ਪਨੌਂਦੀਆ, ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਚਮਕੌਰ ਸਿੰਘ ਵੀਰ, ਅਜੀਤ ਸਿੰਘ ਭੈਣੀ, ਰਾਜਾ ਰਾਜਿੰਦਰ ਸਿੰਘ, ਕੇਸਰ ਸਿੰਘ ਬਖਸ਼ੀਵਾਲਾ, ਜਸਪ੍ਰੀਤ ਸਿੰਘ ਬੀਜਾ, ਰਾਮ ਸਿੰਘ ਗੋਗੀ, ਜਗਜੀਤ ਸਿੰਘ ਛਰਬੜ, ਰਾਮ ਸਰੂਪ ਬਹਾਦਰਗੜ੍ਹ, ਰਾਜ ਕੁਮਾਰੀ ਕਲਿਆਣ, ਮੱਘਰ ਸਿੰਘ ਤੂਰ, ਸੁਖ ਲਾਲ, ਰਣਧੀਰ ਸਿੰਘ ਚੀਮਾ, ਕੁਲਵਿੰਦਰ ਸਿੰਘ ਸਮਾਣਾ, ਚੰਦ ਸਿੰਘ ਭੱਟੀ, ਛੱਜੂ ਸਿੰਘ, ਸੁਰਜੀਤ ਸਿੰਘ ਗੋਰੀਆਂ, ਰੌਸ਼ਨ ਲਾਲ, ਲਾਲ ਚੰਦ, ਜਗਤਾਰ ਸਿੰਘ ਰੋਰੇਵਾਲ, ਰਵੀ ਕੁਮਾਰ, ਮਾਸਟਰ ਪ੍ਰੇਮ ਸਿੰਘ, ਦਰਸ਼ਨ ਸਿੰਘ ਨੱਡੀਆਲੀ ਸਮੇਤ ਵੱਡੀ ਗਿਣਤੀ ’ਚ ਬਸਪਾ ਵਰਕਰ ਹਾਜ਼ਰ ਸਨ।
ਦੇਰ ਰਾਤ ਨੂੰ ਟੈਲੀਕਾਮ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਲੱਖਾਂ ਦੀ ਲੁੱਟ
NEXT STORY