ਬਠਿੰਡਾ (ਅਮਿਤ) - ਨਿਰੰਕਾਰੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਗ੍ਰੰਥੀ ਸੰਦੀਪ ਸਿੰਘ ਦਾ ਇਲਾਜ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ। ਇਲਾਜ ਕਰਵਾ ਰਹੇ ਗ੍ਰੰਥੀ ਦਾ ਹਾਲ-ਚਾਲ ਪੁੱਛਣ ਲਈ ਅੱਜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਿਸ਼ੇਸ਼ ਤੌਰ 'ਤੇ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਪੀੜਤ ਗ੍ਰੰਥੀ ਨਾਲ ਗੱਲਬਾਤ ਕਰਦੇ ਹੋਏ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੁਰੂਘਰ ਦੀ ਸੇਵਾ ਕਰਨ ਜਾ ਰਹੇ ਇਕ ਗ੍ਰੰਥੀ ਦੀ ਨਿਰੰਕਾਰੀਆਂ ਵਲੋਂ ਘੇਰ ਕੇ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਜ਼ਖਮੀ ਹੋਣ ਕਾਰਨ ਉਸ ਗ੍ਰੰਥੀ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਿਰੰਕਾਰੀਆਂ ਨੇ 1978 'ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 13 ਸਿੰਘ ਸ਼ਹੀਦ ਕਰ ਦਿੱਤੇ ਸੀ, ਜਿਸ ਕਾਰਨ ਬਹੁਤ ਵੱਡਾ ਵਿਵਾਦ ਹੋ ਗਿਆ ਸੀ। ਇਸੇ ਕਾਰਨ ਦਾਦੂਵਾਲ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਡੇਰੇ ਦੀਆਂ ਜੋ ਵੀ ਗਤੀਵਿਧੀਆਂ ਹਨ, ਉਨ੍ਹਾਂ 'ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਡੇਰਾ ਸਿਰਸਾ ਕਰਕੇ ਮਾਲਵਾ ਇਸ ਦੀ ਲਪੇਟ 'ਚ ਆ ਗਿਆ ਸੀ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਸੀ। ਹੁਣ ਨਿਰੰਕਾਰੀਆਂ ਦਾ ਡੇਰਾ, ਜੋ ਕੋਟ ਸ਼ਮੀਰ 'ਚ ਖੁੱਲ੍ਹ ਰਿਹਾ ਹੈ, ਨੇ ਖੁੱਲ੍ਹਦੇ ਸਾਰ ਹੀ ਅਮਨ ਅਤੇ ਸ਼ਾਂਤੀ ਨੂੰ ਲਾਬੂ ਲਗਾ ਦਿੱਤੇ ਹਨ। ਜਦੋਂ ਇਹ ਡੇਰਾ ਬਣ ਗਿਆ ਅਤੇ ਇਥੇ ਇਕੱਠ ਹੋਣੇ ਸ਼ੁਰੂ ਹੋਏ ਤਾਂ ਉਸ ਸਮੇਂ ਪਿੰਡਾਂ ਦੇ ਹਾਲਾਤ ਕੀ ਹੋਣਗੇ? ਉਨ੍ਹਾਂ ਪੰਜਾਬ ਸਰਕਾਰ ਅਤੇ ਬਠਿੰਡਾ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਨਿਰੰਕਾਰੀਆਂ ਦੇ ਖੁੱਲ੍ਹ ਰਹੇ ਡੇਰੇ 'ਤੇ ਰੋਕ ਲਗਾਉਣ ਅਤੇ ਜੋ ਦੋਸ਼ੀ ਹਨ, ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਲਗਾ ਕੇ ਕਾਰਵਾਈ ਕੀਤੀ ਜਾਵੇ।
ਇਟਲੀ 'ਚ ਮਰੇ ਨੌਜਵਾਨ ਦੀ ਲਾਸ਼ ਪੰਜਾਬ ਲਿਆਉਣ ਲਈ ਕਰਾਂਗਾ ਮਦਦ: ਮਾਨ
NEXT STORY