ਸਾਹਨੇਵਾਲ (ਜਗਰੂਪ)– ਇਕੱਠਿਆਂ ਬੈਠ ਕੇ ਸ਼ਰਾਬ ਪੀਣ ਮੌਕੇ ਹੋਈ ਮਾਮੂਲੀ ਤਕਰਾਰ ਦੌਰਾਨ ਸਾਥੀ ਵੱਲੋਂ ਕੀਤੀ ਗਈ ਕੁੱਟਮਾਰ ਦੇ ਚੱਲਦੇ ਦੂਸਰੇ ਸਾਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਇਕ ਬਜ਼ੁਰਗ ਮਾਂ ਦਾ ਸਹਾਰਾ ਹਮੇਸ਼ਾ ਲਈ ਉਸ ਕੋਲੋਂ ਦੂਰ ਹੋ ਗਿਆ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਧਰੌੜ ’ਚ ਬੀਤੀ 20 ਜੂਨ ਦੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਪਹਿਲਾਂ ਇਹ ਮਾਮਲਾ ਸੜਕ ਹਾਦਸੇ ਦਾ ਜਾਪ ਰਿਹਾ ਸੀ, ਪਰ ਪੋਸਟਮਾਰਟਮ ਰਿਪੋਰਟ ਵਿਚ ਹੋਏ ਖ਼ੁਲਾਸੇੇ ਮਗਰੋਂ ਮਾਮਲੇ ਨੇ ਨਵਾਂ ਮੋੜ ਲੈ ਲਿਆ ਤੇ ਫ਼ਿਰ ਪੁਲਸ ਜਾਂਚ ਵਿਚ ਪੂਰੀ ਕਹਾਣੀ ਪਤਾ ਲੱਗੀ।
ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਬੀਤੀ 21 ਜੂਨ ਦੀ ਸਵੇਰੇ ਪੁਲਸ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਪਿੰਡ ਟਿੱਬਾ ਨੂੰ ਜਾਂਦੀ ਸੜਕ ਦੇ ਕਿਨਾਰੇ ਝਾੜੀਆਂ ’ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਜਦੋਂ ਉਹ ਆਪਣੀ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਆਸਪਾਸ ਪੁੱਛ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਦਾ ਨਾਂ ਅਤੇ ਪਤਾ ਗੁਰਦੀਪ ਸਿੰਘ ਉਰਫ ਗੁਗਲੀ (42) ਪੁੱਤਰ ਤੇਜਾ ਸਿੰਘ ਵਾਸੀ ਪਿੰਡ ਧਰੌੜ ਹੈ। ਜਿਸ ਦੇ ਬਾਅਦ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਬਲਕਾਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਗੁਰਦੀਪ ਸਿੰਘ ਦਿਹਾੜੀ ਮਜ਼ਦੂਰੀ ਕਰਦਾ ਸੀ। ਗੁਰਦੀਪ ਗੁਗਲੀ ਆਪਣੀ ਮਾਂ ਦੇ ਨਾਲ ਅਲੱਗ ਘਰ ’ਚ ਰਹਿੰਦਾ ਸੀ। ਬੀਤੀ 20 ਜੂਨ ਦੀ ਰਾਤ ਕਰੀਬ ਪੌਣੇ 9 ਵਜੇ ਉਹ ਘਰ ਕਹਿ ਕੇ ਗਿਆ ਸੀ ਕਿ ਰੋਟੀ ਲੈਣ ਲਈ ਚੱਲਿਆ ਅਤੇ ਦੂਸਰੀ ਸਵੇਰ ਉਸ ਦੀ ਲਾਸ਼ ਸੜਕ ਦੇ ਕਿਨਾਰੇ ਝਾੜੀਆਂ ’ਚ ਪਈ ਹੋਈ ਮਿਲੀ, ਜਿਸ ਦੇ ਚਿਹਰੇ ਉੱਪਰ ਸੱਟਾਂ ਦੇ ਨਿਸ਼ਾਨ ਸਨ। ਬਲਕਾਰ ਸਿੰਘ ਨੇ ਪਹਿਲਾਂ ਇਸ ਨੂੰ ਇਕ ਸੜਕ ਹਾਦਸਾ ਮੰਨਦੇ ਹੋਏ ਕੋਈ ਕਾਰਵਾਈ ਨਾ ਕਰਵਾਉਣ ਲਈ ਬਿਆਨ ਦਿੱਤਾ ਸੀ। ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਨੇ ਮ੍ਰਿਤਕ ਗੁਰਦੀਪ ਸਿੰਘ ਗੁਗਲੀ ਦਾ ਪੋਸਟਮਾਰਟਮ ਕਰਵਾਇਆ ਤਾਂ ਪੋਸਟਮਾਰਟਮ ਰਿਪੋਰਟ ’ਚ ਗੁਰਦੀਪ ਗੁਗਲੀ ਦੀ ਮੌਤ ਦੇ ਸ਼ੱਕੀ ਕਾਰਨ ਸਾਹਮਣੇ ਆਏ।
ਇਸ ਮਗਰੋਂ ਪੁਲਸ ਨੇ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ 20 ਜੂਨ ਦੀ ਦੇਰ ਰਾਤ ਗੁਰਦੀਪ ਸਿੰਘ ਗੁਗਲੀ ਅਤੇ ਪਿੰਡ ਨੱਤ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਉਰਫ ਛਿੰਦਾ ਦੇ ਨਾਲ ਮਿਲਕੇ ਇਕੱਠਿਆਂ ਸ਼ਰਾਬ ਪੀਤੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸ਼ਰਾਬ ਪੀਂਦੇ ਹੋਏ ਦੋਵਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਦੇ ਬਾਅਦ ਤੈਸ਼ ‘ਚ ਆ ਕੇ ਬਲਜਿੰਦਰ ਸਿੰਘ ਛਿੰਦਾ ਨੇ ਗੁਰਦੀਪ ਸਿੰਘ ਗੁਗਲੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਗੁਰਦੀਪ ਗੁਗਲੀ ਦੀ ਮੌਤ ਹੋ ਗਈ। ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਦੇ ਬਿਆਨਾਂ ’ਤੇ ਬਲਜਿੰਦਰ ਸਿੰਘ ਛਿੰਦਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਗਰ ਕੌਂਸਲ ਚੋਣਾਂ ''ਚ ਪਾਰਦਰਸ਼ਤਾ ਲਈ ਹਾਈ ਕੋਰਟ ਦਾ ਵੱਡਾ ਫੈਸਲਾ
NEXT STORY