ਲੁਧਿਆਣਾ/ਗਿਆਸਪੁਰਾ (ਵੈੱਬ ਡੈਸਕ, ਰਾਜ) : ਗਿਆਸਪੁਰਾ ਸਥਿਤ ਨਿਊ ਰਾਮ ਨਗਰ ਇਲਾਕੇ 'ਚ ਐਤਵਾਰ ਦੇਰ ਰਾਤ ਇਕ ਮਕਾਨ 'ਚ ਭਟਕ ਕੇ ਦਾਖ਼ਲ ਹੋਏ 60 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਮਕਾਨ 'ਚ ਅਣਜਾਣ ਵਿਅਕਤੀ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਚੋਰ ਸਮਝ ਲਿਆ ਅਤੇ ਲਾਠੀ-ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸ ਦੀ ਜਾਨ ਲੈ ਲਈ। ਉੱਥੇ ਹੀ ਦੂਜੇ ਪਾਸੇ ਸਥਾਨਕ ਵਾਸੀਆਂ ਨੇ ਮਾਰਕੁੱਟ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 60 ਸਾਲਾ ਟਿਕਲਾ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਸਥਿਤ ਨਵਾਗੜ੍ਹ ਪਿੰਡ ਦਾ ਰਹਿਣ ਵਾਲਾ ਸੀ। ਟਿਕਲਾ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਗਿਆਸਪੁਰਾ ਦੇ ਮਹਾਦੇਵ ਨਗਰ ਇਲਾਕੇ 'ਚ ਇੱਕ ਨਿੱਜੀ ਫੈਕਟਰੀ 'ਚ ਮਜ਼ਦੂਰੀ ਕਰ ਰਿਹਾ ਸੀ, ਜਦੋਂ ਕਿ ਉਸ ਦੀ ਪਤਨੀ ਰੇਸ਼ਮੀ ਦੇਵੀ ਅਤੇ ਚਾਰ ਬੱਚੇ ਪਿੰਡ 'ਚ ਹੀ ਰਹਿੰਦੇ ਹਨ।
ਮ੍ਰਿਤਕ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਨਸਿਕ ਤੌਰ 'ਤੇ ਬੀਮਾਰ ਚੱਲ ਰਹੇ ਸਨ। ਐਤਵਾਰ ਦੇਰ ਰਾਤ ਲਗਭਗ 12 ਵਜੇ ਉਹ ਭਟਕਦੇ ਹੋਏ ਨਿਊ ਰਾਮ ਨਗਰ ਸਥਿਤ ਇੱਕ ਰਿਹਾਇਸ਼ੀ ਮਕਾਨ ਦੇ ਅੰਦਰ ਦਾਖ਼ਲ ਹੋ ਗਏ। ਅੱਧੀ ਰਾਤ ਦੇ ਸਮੇਂ ਘਰ ਦੇ ਅੰਦਰ ਕਿਸੇ ਅਣਜਾਣ ਬੰਦੇ ਨੂੰ ਦੇਖ ਕੇ ਮਕਾਨ ਮਾਲਕ ਅਤੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾ ਦਿੱਤਾ, ਜਿਸ ਨੂੰ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਇਕੱਠੇ ਹੋ ਗਏ। ਮ੍ਰਿਤਕ ਦੇ ਪੁੱਤਰ ਸੁਨੀਲ ਅਤੇ ਪਰਿਵਾਰ ਦਾ ਸਿੱਧਾ ਦੋਸ਼ ਹੈ ਕਿ ਘਰ 'ਚ ਵੜੇ ਬਜ਼ੁਰਗ ਨੂੰ ਦੇਖਦਿਆਂ ਹੀ ਭੀੜ ਨੇ 'ਚੋਰ-ਚੋਰ' ਦਾ ਰੌਲਾ ਪਾਇਆ ਅਤੇ ਬਿਨਾਂ ਸੱਚਾਈ ਜਾਣੇ ਉਨ੍ਹਾਂ 'ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਗੰਭੀਰ ਸੱਟਾਂ ਲੱਗਣ ਅਤੇ ਬੇਰਹਿਮੀ ਨਾਲ ਹੋਈ ਕੁੱਟਮਾਰ ਕਾਰਨ ਬਜ਼ੁਰਗ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰ ਕੇ ਕਤਲ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਲਾਕੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਅਚਾਨਕ ਇੱਕ ਅਣਜਾਣ ਵਿਅਕਤੀ ਦੇ ਘਰ ਵੜਨ ਨਾਲ ਹੜਕੰਪ ਜ਼ਰੂਰ ਮਚਿਆ ਸੀ ਅਤੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਸੀ ਪਰ ਕਿਸੇ ਨੇ ਵੀ ਬਜ਼ੁਰਗ ਨਾਲ ਕੋਈ ਮਾਰਕੁੱਟ ਜਾਂ ਹਿੰਸਾ ਨਹੀਂ ਕੀਤੀ। ਪੁਲਸ ਨੇ ਮਕਾਨ ਮਾਲਕ ਨੂੰ ਪੁੱਛਗਿੱਛ ਲਈ ਬੁਲਾਇਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਸਬੰਧਿਤ ਮਕਾਨ ਮਾਲਕ ਨੂੰ ਪੁੱਛਗਿੱਛ ਲਈ ਚੌਂਕੀ ਤਲਬ ਕੀਤਾ ਹੈ। ਗਿਆਸਪੁਰਾ ਪੁਲਸ ਚੌਂਕੀ ਦੇ ਇੰਚਾਰਜ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਚੌਂਕੀ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਪੁਲਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ, ਜਿਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ
NEXT STORY