ਲੁਧਿਆਣਾ (ਰਾਜ): ਮਹਾਨਗਰ ਦੇ ਸਮਰਾਲਾ ਚੌਂਕ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਫਲਾਈਓਵਰ ਦੇ ਹੇਠਾਂ ਬਣੇ ਜਨਤਕ ਪਾਰਕ ਵਿਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ਵਿਚ ਬਰਾਮਦ ਹੋਈ। ਨੌਜਵਾਨ ਦੀ ਲਾਸ਼ ਪਾਰਕ ਦੇ ਅੰਦਰ ਇਕ ਬੈਂਚ 'ਤੇ ਪਈ ਸੀ, ਜਿਸ ਨੂੰ ਦੇਖ ਕੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਹੋਸ਼ ਉੱਡ ਗਏ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ।
ਮੌਕੇ 'ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਪਹੁੰਚੀ। ਮੁੱਢਲੀ ਜਾਂਚ ਦੇ ਆਧਾਰ 'ਤੇ ਇਸ ਮੌਤ ਦੇ ਪਿੱਛੇ ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਕਤ ਪਾਰਕ ਵਿਚ ਅਕਸਰ ਨਸ਼ੇੜੀ ਕਿਸਮ ਦੇ ਨੌਜਵਾਨਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ ਅਤੇ ਜਿਸ ਹਾਲਤ ਵਿਚ ਲਾਸ਼ ਮਿਲੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਨੌਜਵਾਨ ਦੀ ਜਾਨ ਨਸ਼ੇ ਦੀ ਬਹੁਤ ਜ਼ਿਆਦਾ ਮਾਤਰਾ ਲੈਣ ਕਾਰਨ ਗਈ ਹੈ। ਪੁਲਸ ਵੱਲੋਂ ਮ੍ਰਿਤਕ ਦੀ ਤਲਾਸ਼ੀ ਲੈਣ 'ਤੇ ਉਸ ਦੀ ਜੇਬ 'ਚੋਂ ਕੋਈ ਮੋਬਾਈਲ ਫੋਨ, ਪਛਾਣ ਪੱਤਰ ਜਾਂ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਜਿਸ ਕਾਰਨ ਮ੍ਰਿਤਕ ਦੀ ਸ਼ਨਾਖਤ ਫਿਲਹਾਲ ਇਕ ਪਹੇਲੀ ਬਣੀ ਹੋਈ ਹੈ।
ਪੁਲਸ ਹੁਣ ਨੌਜਵਾਨ ਦੀ ਪਛਾਣ ਲਈ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਤੋਂ ਪਰਦਾ ਉੱਠ ਸਕੇਗਾ।
ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਮੁੱਖ ਸ਼ੂਟਰ ਦੋ ਦਿਨਾ ਰਿਮਾਂਡ ’ਤੇ
NEXT STORY