ਤਰਨਤਾਰਨ (ਰਮਨ, ਬਲਵਿੰਦਰ ਕੌਰ) - ਜ਼ਿਲ੍ਹਾ ਤਰਨਤਾਰਨ ਦਾ ਅਗਾਂਹ ਵਧੂ ਕਿਸਾਨ ਸੁਖਪਾਲ ਸਿੰਘ ਵਾਸੀ ਪਿੰਡ ਫਤਿਆਬਾਦ 10 ਏਕੜ ਰਕਬੇ ਵਿੱਚ ਵਾਹੀ ਕਰਦਾ ਹੈ। ਕਿਸਾਨ ਸੁਖਪਾਲ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਬਲਾਕ ਚੋਹਲਾ ਸਾਹਿਬ ਨਾਲ ਰਾਬਤਾ ਕਰਕੇ 2 ਸਾਲ ਤੋਂ ਬੇਲਰ ਮਸ਼ੀਨ ਨਾਲ ਆਪਣੇ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਬਿਨਾਂ ਅੱਗ ਲਗਾਏ ਸਾਰੇ ਰਕਬੇ ਵਿਚ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਕਰ ਰਿਹਾ ਹੈ। ਕਿਸਾਨ ਨੇ ਕਿਹਾ ਕਿ ਇਸ ਮਗਰੋਂ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਕਣਕ ਦਾ ਝਾੜ ਵੱਧ ਨਿਕਲਦਾ ਹੈ। ਇਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੋਣ ਦੇ ਨਾਲ-ਨਾਲ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬੱਚਦਾ ਹੈ।
ਇਸ ਮੌਕੇ ਡਾ. ਹਰਪਾਲ ਸਿੰਘ ਪੰਨੂ ਖੇਤੀਬਾਡ਼ੀ ਅਫ਼ਸਰ ਚੋਹਲਾ ਸਾਹਿਬ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜਿਹੜੇ ਕਿਸਾਨ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਵਿਗਿਆਨਕ ਅਤੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਲੱਗੇ ਹਨ। ਇਕ ਪਾਸੇ ਜਿੱਥੇ ਉਹ ਕਿਸਾਨ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੰਦੇ ਹਨ, ਦੂਜੇ ਪਾਸੇ ਉਹ ਧਰਤੀ ਦੀ ਸਿਹਤ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਕਿਸਾਨ ਸੁਖਪਾਲ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ, ਜੋ ਇਲਾਕੇ ਦੇ ਕਿਸਾਨ ਲਈ ਇਕ ਮਿਸਾਲ ਪੈਦਾ ਕੀਤੀ ਹੈ।
ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿਚ ਮਿੱਤਰ ਕੀੜੇ ਜਿਊਂਦੇ ਰਹਿੰਦੇ ਹਨ, ਜੋ ਹਾਨੀ ਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਹਨ। ਇਸ ਲਈ ਇਹ ਕਿਸਾਨ ਬਹੁਤ ਥੋੜ੍ਹੀ ਮਾਤਰਾ ਵਿਚ ਕੀਟਨਾਸ਼ਕ ਦਵਾਈਆਂ ਸਲਫਰ, ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫ਼ੀ ਘੱਟ ਖ਼ਰਚਾ ਆਉਦਾ ਹੈ।
ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਚੋਹਲਾ ਸਾਹਿਬ ਦੇ ਸੰਪਰਕ ਵਿਚ ਰਹਿੰਦਾ ਹੈ, ਜਿਸ ਨਾਲ ਇਨ੍ਹਾਂ ਨੂੰ ਸਮੇਂ-ਸਮੇਂ ਨਾਲ ਵਿਭਾਗ ਦੀਆਂ ਸਹੂਲਤਾਂ ਮਿਲਦੀਆਂ ਰਹਿੰਦੀਆਂ ਹਨ। ਇਸ ਮੌਕੇ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ ਪੰਨੂ, ਪ੍ਰਭਸਿਮਰਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਹਰਜੀਤ ਸਿੰਘ ਖੇਤੀਬਾੜੀ ਉੱਪਨਿਰੀਖਕ ਅਤੇ ਮਨਪ੍ਰੀਤ ਸਿੰਘ ਏ.ਟੀ.ਐੱਮ ਆਦਿ ਹਾਜ਼ਰ ਸਨ।
ਬਲਾਕ ਧਾਰੀਵਾਲ ਦੇ ਪਿੰਡ ਬੰਦੇਸਾਂ ਵਿਖੇ ਗਊ ਹੱਤਿਆ ਦਾ ਪਰਦਾਫਾਸ਼, ਬਰਾਮਦ ਹੋਏ ਗਊਆਂ ਦੇ ਪਿੰਜਰ ਤੇ ਹੋਰ ਸਮਾਨ
NEXT STORY