ਜਲਾਲਾਬਾਦ (ਬਜਾਜ) : ਜਲਾਲਾਬਾਦ ਦੇ ਨਜ਼ਦੀਕੀ ਪਿੰਡ ਭੰਬਾ ਵੱਟੂ ਉਤਾੜ ਵਿਖੇ ਟਰੈਕਟਰ ’ਤੇ ਲੱਗੇ ਡੈੱਕ ਨੂੰ ਲਗਾਉਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ 'ਚ ਦੋਵਾਂ ਧਿਰਾਂ ਵਿਚਾਲੇ ਹੋਏ ਵਿਵਾਦ ਦੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ। ਮਾਮਲਾ 7 ਅਕਤੂਬਰ 2026 ਦੀ ਰਾਤ ਕਰੀਬ 8 ਵਜੇ ਦਾ ਦੱਸਿਆ ਗਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਭੰਬਾ ਵੱਟੂ ਉਤਾੜ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 7 ਅਕਤੂਬਰ ਨੂੰ ਉਸ ਦਾ ਪੁੱਤਰ ਕੁਲਵੰਤ ਸਿੰਘ ਆਪਣੇ ਟਰੈਕਟਰ ’ਤੇ ਸਵਾਰ ਹੋ ਕੇ ਘਰ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਭੰਬਾ ਵੱਟੂ ਉਤਾੜ ਵਿਖੇ ਨਹਿਰ ਦੇ ਨੇੜੇ ਪਹੁੰਚਿਆ ਤਾਂ ਕਥਿਤ ਤੌਰ ’ਤੇ ਰਿੰਕੂ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਰੋਕ ਲਿਆ।
ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਉਕਤ ਵਿਅਕਤੀ ਟਰੈਕਟਰ ’ਤੇ ਲੱਗੇ ਡੈੱਕ ਨੂੰ ਉੱਚੀ ਆਵਾਜ਼ 'ਚ ਲਗਾਉਣ ਸਬੰਧੀ ਗੱਲ ਕਰਨ ਲੱਗੇ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਇਸੇ ਦੌਰਾਨ ਗੁਰਚਰਨ ਸਿੰਘ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਮਾਮਲਾ ਕਥਿਤ ਤੌਰ ’ਤੇ ਲੜਾਈ-ਝਗੜੇ ਤੱਕ ਪਹੁੰਚ ਗਿਆ। ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਰਿੰਕੂ ਸਿੰਘ ਪੁੱਤਰ ਛਿੰਦਾ ਸਿੰਘ, ਰੇਸ਼ਮ ਸਿੰਘ ਪੁੱਤਰ ਬੱਗਾ ਸਿੰਘ, ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ, ਗੁਰਦੀਪ ਸਿੰਘ ਪੁੱਤਰ ਭਲਵਾਨ ਸਿੰਘ, ਸੰਪੂਰਨ ਸਿੰਘ ਪੁੱਤਰ ਲਛਮਣ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ, ਕ੍ਰਿਸ਼ਨਾ ਰਾਣੀ ਪਤਨੀ ਗੁਰਦੀਪ ਸਿੰਘ ਅਤੇ ਕੁਲਵੰਤ ਕੌਰ ਪਤਨੀ ਸੰਪੂਰਨ ਸਿੰਘ ਵਾਸੀਅਨ ਪਿੰਡ ਭੰਬਾ ਵੱਟੂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਨੰਬਰ 223, ਮਿਤੀ 7 ਅਕਤੂਬਰ 2026 ਨੂੰ 126(2), 115(2), 190 ਅਤੇ 191(3) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਸਬੰਧੀ ਅਗਲੀ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਸੰਗਰੂਰ, ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕਰ ਰਹੇ ਮੁਲਾਕਾਤ
NEXT STORY