ਫਿਰੋਜ਼ਪੁਰ (ਕੁਮਾਰ, ਪਰਮਜੀਤ) : ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਇਕ ਵਿਅਕਤੀ ਦੇ ਘਰ ਨੂੰ ਅੱਗ ਲਾਉਣ ਅਤੇ ਉਸ ਦਾ ਲੱਖਾਂ ਰੁਪਏ ਦਾ ਸਮਾਨ ਸਾੜ ਕੇ ਸੁਆਹ ਕਰਨ ਦੇ ਦੋਸ਼ ’ਚ 6 ਲੋਕਾਂ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਨਿਰਮਲ ਸਿੰਘ ਪੁੱਤਰ ਨਿਆਮਤ ਸਿੰਘ ਵਾਸੀ ਪਿੰਡ ਫਰੀਦੇਵਾਲਾ ਉੱਤਾਡ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੇ ਰਿਸ਼ਤੇਦਾਰੀ ’ਚ ਭਰਾ ਲੱਗਦੇ ਕਿੱਕਰ ਦਾ ਲੜਕਾ ਗੋਬਿੰਦਾ ਕੁੱਝ ਦਿਨ ਪਹਿਲਾਂ ਮੁਲਜ਼ਮ ਚੰਨਾ ਦੀ ਬੇਟੀ ਨੂੰ ਆਪਣੇ ਨਾਲ ਲੈ ਗਿਆ ਸੀ।
ਇਸ ਕਾਰਨ ਮੁਲਜ਼ਮ ਚੰਨਾ ਨੇ ਕਰਣਵੀਰ ਸਿੰਘ, ਮਨਵੀਰ ਸਿੰਘ, ਜੋਤੀ, ਸਵਰਨ ਕੌਰ ਅਤੇ ਜਗਜੀਤ ਸਿੰਘ ਉਰਫ ਜੱਗਾ ਨੂੰ ਆਪਣੇ ਨਾਲ ਲੈ ਕੇ ਸ਼ਿਕਾਇਤਕਰਤਾ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਉਸ ਦੇ ਘਰ ਦਾ ਸਾਰਾ ਕਰੀਬ 7-8 ਲੱਖ ਰੁਪਏ ਦਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ : ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਹੁਕਮ! ਦੋਹਰੀ ਡਿਊਟੀ ਦਾ ਪੇਚ ਫਸਿਆ
NEXT STORY