ਸੁਲਤਾਨਪੁਰ ਲੋਧੀ/ਜਲੰਧਰ— ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਅੱਜ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੌਜੂਦ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਅੱਜ ਪੰਜਾਬ ਦੇ ਹਾਲਾਤ ਹਨ, ਉਹ ਬੇਹੱਦ ਮਾੜੇ ਹਨ। ਪਿਛਲੇ ਦਿਨਾਂ 'ਚ ਪਈ ਭਾਰੀ ਬਾਰਿਸ਼ ਕਾਰਨ ਪੰਜਾਬ 'ਚ ਕਾਫੀ ਨੁਕਸਾਨ ਹੋਇਆ ਹੈ। ਪੰਜਾਬ 'ਚ ਆਏ ਹੜ੍ਹਾਂ ਲਈ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਨਰਿੰਦਰ ਮੋਦੀ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਾਂਗੜ ਨੇ ਕਿਹਾ ਕਿ ਮੋਦੀ ਸਾਬ੍ਹ ਪੰਜਾਬ ਨਾਲ ਮਤਰਿਆ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਮਦਦ ਕਰਨ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਸਕੀ ਹੈ।
ਬੰਨ੍ਹਾਂ ਦੀ ਮੁਰੰਮਤ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਡ੍ਰੇਨਜ਼ ਦੀਆਂ ਸਫਾਈਆਂ ਹੋਈਆਂ ਹਨ ਪਰ ਅਜੇ ਉਹ ਵੀ ਘੱਟ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ। ਢਾਈ ਸਾਲਾਂ 'ਚ ਕੇਂਦਰ ਸਰਕਾਰ ਨੇ ਸਾਨੂੰ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਫੋਨ ਜ਼ਰੀਏ ਮੋਦੀ ਸਾਬ੍ਹ ਨਾਲ ਮਦਦ ਕਰਨ ਦੀ ਗੱਲਬਾਤ ਕੀਤੀ ਗਈ ਹੈ ਪਰ ਅਜੇ ਤੱਕ ਰਿਲੀਫ ਫੰਡ ਨਹੀਂ ਮਿਲ ਸਕਿਆ। ਕਾਂਗੜ ਨੇ ਕਿਹਾ ਕਿ ਪੀੜਤਾਂ ਲਈ ਖਾਣ-ਪੀਣ ਤੋਂ ਲੈ ਕੇ ਦਵਾਈਆਂ ਦੇਣ ਤੱਕ ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਖੜਾ 'ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਭਾਖੜਾ ਡੈਮ 'ਚੋਂ ਮਜਬੂਰੀ 'ਚ ਪਾਣੀ ਛੱਡਣਾ ਪਿਆ ਸੀ ਫਿਲਹਾਲ ਹੁਣ ਭਾਖੜਾ 'ਚੋਂ ਅਜੇ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪੀੜਤਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਸਾਡਾ ਪ੍ਰਸ਼ਾਸਨ ਦਿਨ-ਰਾਤ ਇਕ ਕਰਕੇ ਪੀੜਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ ਪਰ ਅਜੇ ਵੀ ਕਈ ਪੀੜਤ ਪਰਿਵਾਰ ਘਰ ਛੱਡਣ ਨੂੰ ਨਹੀਂ ਮੰਨ ਰਹੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸੁਰੱਖਿਅਤ ਥਾਵਾਂ 'ਤੇ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਜਾਵੇਗੀ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਜਿਊਲਰਜ਼ ਤੋਂ ਅਣਪਛਾਤਾ ਨੌਜਵਾਨ ਸੋਨੇ ਦੇ ਗਹਿਣੇ ਖੋਹ ਕੇ ਫਰਾਰ
NEXT STORY