ਜ਼ੀਰਕਪੁਰ,(ਮੇਸ਼ੀ) : ਸਰਕਾਰ ਵਲੋਂ ਖੇਤਾਂ 'ਚ ਪਰਾਲੀ ਨਾ ਸਾੜਨ ਦੀਆਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਖਿਲਾਫ ਕਾਰਵਾਈ ਤਹਿਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸੈਟੇਲਾਈਟ ਸੈਂਸਿੰਗ ਦਾ ਸ਼ਿਕਾਰ ਹੋ ਗਏ । ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਪਿੰਡ ਕਿਸ਼ਨਪੁਰਾ ਵਿਖੇ ਉਨ੍ਹਾਂ ਨੂੰ ਪਰਾਲੀ ਸਾੜਨ ਦਾ ਸਭ ਤੋਂ ਵੱਡਾ ਡਿਫਾਲਟਰ ਬਣਾਇਆ ਗਿਆ ਹੈ, ਜਿਸ ਤਹਿਤ ਉਨ੍ਹਾਂ 'ਤੇ ਵੀ 15 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੇ ਨਾਲ-ਨਾਲ ਅਦਾਲਤ 'ਚ ਮੁਕੱਦਮਾ ਵੀ ਚੱਲ ਸਕਦਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਕਿਸ਼ਨਪੁਰਾ ਵਿਖੇ ਕਰੀਬ 20 ਏਕੜ ਜ਼ਮੀਨ 'ਚ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪੰਜਾਬ ਸੈਂਸਿੰਗ ਸੈਟੇਲਾਈਟ ਸੈਂਟਰ ਵਲੋਂ ਜਾਰੀ ਤਸਵੀਰ ਤੇ ਲੋਕੇਸ਼ਨ ਦੀ ਪੜਤਾਲ ਕਰਨ ਤੋਂ ਬਾਅਦ ਹਲਕਾ ਪਟਵਾਰੀ ਦੀ ਰਿਪੋਰਟ 'ਚ ਪੁਸ਼ਟੀ ਕੀਤੀ ਗਈ ਹੈ।
ਭਾਵੇਂ ਇਹ ਪਰਾਲੀ ਇਸ ਜ਼ਮੀਨ ਦੀ ਸਾਂਭ-ਸੰਭਾਲ ਕਰਨ ਵਾਲੇ ਮਜ਼ਦੂਰ ਕਿਸਾਨ ਵਲੋਂ ਸਾੜੀ ਗਈ ਹੈ ਪਰ ਨਿਯਮਾਂ ਮੁਤਾਬਕ ਪ੍ਰਸ਼ਾਸਨਿਕ ਕਾਰਵਾਈ ਜ਼ਮੀਨ ਦੇ ਮਾਲਕ 'ਤੇ ਹੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜ਼ਮੀਨ ਦੀ ਮਾਲ ਵਿਭਾਗ ਦੇ ਰਿਕਾਰਡ 'ਚ ਪਟਵਾਰੀ ਵਲੋਂ ਲਾਲ ਸਿਆਹੀ ਨਾਲ ਰਿਪੋਰਟ ਵੀ ਦਰਜ ਕੀਤੀ ਗਈ ਹੈ। ਇਸ ਸਬੰਧੀ ਐੱਸ. ਡੀ. ਐੱਮ. ਡੇਰਾਬੱਸੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਹਲਕਾ ਡੇਰਾਬੱਸੀ 'ਚ 44 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਵਾਏ ਜਾ ਰਹੇ ਹਨ।
ਯੂ. ਪੀ. ਸਰਕਾਰ ਵਾਂਗ ਪੰਜਾਬ ਸਰਕਾਰ ਵੀ ਭ੍ਰਿਸ਼ਟ ਅਫਸਰਾਂ 'ਤੇ ਕਰੇ ਕਾਰਵਾਈ : ਰਾਕੇਸ਼ ਰਾਠੌਰ
NEXT STORY