ਫਗਵਾੜਾ (ਹਰਜੋਤ, ਜਲੋਟਾ)— ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ 'ਤੇ ਬੈਂਸ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਖੇਤੀ ਸੁਧਾਰ ਬਿੱਲ ਦੇ ਵਿਰੋਧ 'ਚ ਲੋਕ ਇਨਸਾਫ਼ ਪਾਰਟੀ ਵੱਲੋਂ ਸ਼ੁਰੂ ਕੀਤੇ 'ਸਾਈਕਲ ਰੋਸ ਮਾਰਚ' ਦੇ ਬੁੱਧਵਾਰ ਫਗਵਾੜਾ ਪੁੱਜਣ ਤੋਂ ਬਾਅਦ ਪੁਲਸ ਨੇ ਲੁਧਿਆਣਾ ਦੇ ਦੋਵੇਂ ਵਿਧਾਇਕ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ 5 ਹੋਰ ਸਾਥੀਆਂ ਸਣੇ 150 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਆਈ. ਪੀ. ਸੀ., 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ।
ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਸ ਭਰਾਵਾਂ ਵੱਲੋਂ ਸਾਈਕਲ ਮਾਰਚ ਕੱਢ ਕੇ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਸਬੰਧ 'ਚ ਪੁਲਸ ਨੇ ਸਿਮਰਜੀਤ ਸਿੰਘ ਬੈਂਸ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ ਦੱਖਣੀ, ਲੋਕ ਇਨਸਾਫ਼ ਪਾਰਟੀ ਦੇ ਐੱਸ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਜਰਨੈਲ ਨੰਗਲ ਵਾਸੀ ਪਿੰਡ ਨੰਗਲ, ਸੁਖਵਿੰਦਰ ਸਿੰਘ ਸ਼ੇਰਗਿੱਲ ਵਾਸੀ ਪਿੰਡ ਮਾਨਾਵਾਲੀ, ਸ਼ਸ਼ੀ ਬੰਗੜ, ਬਲਵੀਰ ਠਾਕੁਰ, ਸੁਖਦੇਵ ਚੌਂਕੜੀਆਂ ਸਮੇਤ 150 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਨੇ ਦਰਜ ਕੀਤੀ ਰਿਪੋਰਟ 'ਚ ਕਿਹਾ ਕਿ 50 ਸਾਈਕਲਾਂ, 12-13 ਟਰੈਕਟਰਾਂ ਅਤੇ 13-14 ਕਾਰਾਂ ਆਦਿ ਗੱਡੀਆਂ ਨਾਲ ਜਲੰਧਰ ਸਾਈਡ ਵੱਲੋਂ ਸਾਈਕਲਾਂ 'ਤੇ ਲੋਕ ਇਨਸਾਫ਼ ਪਾਰਟੀ ਦੇ ਝੰਡੇ ਲਗਾਏ ਹੋਏ ਵਾਹਨ ਆਏ ਇਨਾਂ 'ਚੋਂ ਕੁਝ ਵਿਅਕਤੀਆਂ ਨੇ ਮੂੰਹਾਂ 'ਤੇ ਮਾਸਕ ਨਹੀਂ ਲਗਾਏ ਹੋਏ ਸਨ। ਇਨ੍ਹਾਂ ਨੇ ਆਪਸ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮਾਜਿਕ ਦੂਰੀ ਵੀ ਨਹੀਂ ਰੱਖੀ ਸੀ ਜੋ ਕੋਵਿਡ-19 ਦੇ ਮੱਦੇਨਜ਼ਰ ਜਾਰੀ ਹਦਾਇਤਾਂ ਅਨੁਸਾਰ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਇਹ ਕਾਫ਼ਲਾ ਮਾਸਕ ਨਾ ਪਹਿਨ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਕੇ ਅੱਗੇ ਵੱਧਦਾ ਗਿਆ ਅਤੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਇਆ। ਇਸੇ ਸਬੰਧ 'ਚ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਸਹੁਰੇ ਤੋਂ ਤੰਗ ਨੂੰਹ ਨੇ ਚੁੱਕਿਆ ਖੌਫਨਾਕ ਕਦਮ, ਗੋਤਾਖੋਰਾਂ ਨੇ ਬਚਾਇਆ
NEXT STORY