ਮੋਗਾ (ਗੋਪੀ ਰਾਊਕੇ)-ਦਿਨ ਪ੍ਰਤੀਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਸ਼ੁੱਧ ਵਾਤਾਵਰਣ ਲਈ ਵੱਧ ਤੋਂ ਵੱਧ ਦਰੱਖਤ ਅਤੇ ਪੌਦੇ ਸਥਾਪਿਤ ਕਰਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾਨ ਲਿਟਲ ਮਿਲੇਨੀਅਮ ਸਕੂਲ ਜੋ ਕਿ ਸਥਾਨਕ ਓਜੋਨ ਕਾਉਂਟੀ ਵਿਖੇ ਸਥਿਤ ਹੈ, ’ਚ ਅੱਜ ਪੇਂਟਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਵੱਲੋਂ ਕਰਵਾਈ ਇਸ ਗਤੀਵਿਧੀ ’ਚ ਵਿਦਿਆਰਥੀਆਂ ਨੂੰ ਸ਼ੁੱਧ ਵਾਤਾਵਰਣ ’ਤੇ ਆਧਾਰਿਤ ਪੇਂਟਿੰਗ ਬਨਾਉਣ ਦਾ ਵਿਸ਼ਾ ਦਿੱਤਾ ਗਿਆ। ਵਿਦਿਆਰਥੀਆਂ ਨੇ ਦਰੱਖਤਾਂ ਅਤੇ ਪੌਦਿਆਂ ਦੀ ਪੇਂਟਿੰਗ ਬਣਾਕੇ ਸਮਾਜ ਨੂੰ ਸ਼ੁੱਧ ਵਾਤਾਵਰਣ ਸਥਾਪਿਤ ਕਰਨ ਦਾ ਖੂਬਸੂਰਤ ਸੁਨੇਹਾ ਦਿੱਤਾ। ਇਸ ਉਪਰੰਤ ਸੰਬੋਧਨ ਕਰਦਿਆਂ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵਿਦਿਆਰਥੀ ਵਰਗ ਵੀ ਆਪਣੇ ਪੱਧਰ ’ਤੇ ਯੋਗਦਾਨ ਪਾਵੇ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਹੀ ਅੱਜ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਗਤੀਵਿਧੀ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦਰੱਖਤਾਂ ਦੀ ਹੋ ਰਹੀ ਕਟਾਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਦਾ ਵੀ ਇਹ ਮੁੱਖ ਕਾਰਨ ਹੈ ਅਤੇ ਇਸਨੂੰ ਰੋਕਣ ਲਈ ਸਾਰਿਆਂ ਨੂੰ ਜਿੰਦਗੀ ’ਚ ਦੋ ਪੌਦੇ ਲਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਨੁੱਖ ਦਾ ਜੀਵਨ ਪੌਦਿਆਂ ਉੱਪਰ ਨਿਰਭਰ ਕਰਦਾ ਹੈ ਅਤੇ ਜੇਕਰ ਵਾਤਾਵਰਣ ’ਚ ਇਹ ਨਾ ਰਹਿਣਗੇ ਤਾਂ ਮਨੁੱਖੀ ਜੀਵਨ ਜਿਉਣਾ ਅਸੰਭਵ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਆਪ ਵੀ ਪੌਦੇ ਲਾਉਣ ਅਤੇ ਦੂਸਰਿਆਂ ਨੂੰ ਵੀ ਜਾਗਰੂਕ ਕਰਨ ਦਾ ਪ੍ਰਣ ਕੀਤਾ। ਅੰਤ ’ਚ ਸਕੂਲ ਪ੍ਰਿੰਸੀਪਲ ਵੱਲੋਂ ਬੇਹਤਰੀਨ ਪੇਂਟਿੰਗ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨੇ ਸਬੰਧੀ ਮੀਟਿੰਗ
NEXT STORY