ਲੁਧਿਆਣਾ (ਖ਼ੁਰਾਨਾ): ਖਾੜੀ ਦੇਸ਼ਾਂ ਵਿਚ ਜੰਗ ਕਾਰਨ ਪੈਟ੍ਰੋਲੀਅਮ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਵਿਚ LPG ਸਿਲੰਡਰਾਂ ਨੂੰ ਲੈ ਕੇ ਹੜਬੜਾਹਟ ਦੀ ਸਥਿਤੀ ਬਣੀ ਹੋਈ ਹੈ। ਆਮ ਲੋਕਾਂ ਨੂੰ ਸਿਲੰਡਰਾਂ ਦੀ ਬੁਕਿੰਗ ਕਰਨ ਤੋਂ ਲੈ ਕੇ ਸਿਲੰਡਰ ਮਿਲਣ ਤਕ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਗੈਸ ਸਿਲੰਡਰਾਂ ਦੀ ਕਿੱਲਤ ਤੇ ਕਾਲਾਬਾਜ਼ਾਰੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖਦੀਆਂ ਅਹਿਮ ਫ਼ੈਸਲਾ ਲਿਆ ਹੈ। ਆਮ ਲੋਕਾਂ ਨੂੰ ਸਮੱਸਿਆਵਾਂ ਤੋਂ ਬਚਾਉਣ ਅਤੇ ਗੈਸ ਸਿਲੰਡਰਾਂ ਦੀ ਉਪਲਬਧਤਾ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਦੇ ਮੰਤਵ ਨਾਲਲ 6 ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ, ਇਸ ਟੀਮ ਵਿਚ ਵਧੀਕ ਡਿਪਟੀ ਕਮਿਸ਼ਰਨ ਜਨਰਲ, ਵਧੀਕ ਮੁੱਖ ਪ੍ਰਸ਼ਾਸਕ ਗਲਾਡਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ, ਪੁਲਸ ਕਮਿਸ਼ਨਰ ਦਫ਼ਤਰ ਤੇ ਏ. ਸੀ. ਪੀ., ਜ਼ਿਲ੍ਹਾ ਆਬਕਾਰੀ ਤੇ ਕਰ ਕਮਿਸ਼ਨਰ ਅਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਵਿਚ ਜ਼ਿਲ੍ਹਾ ਕੰਟਰੋਲਰ ਖੁਰਾਕ ਨੂੰ ਸ਼ਾਮਲ ਕੀਤਾ ਗਿਆ ਹੈ। ਅਫ਼ਸਰਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਨ੍ਹਾਂ ਦੀ ਟੀਮ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਆਪਣੇ ਪੱਧਰ 'ਤੇ ਜ਼ਿਲ੍ਹੇ ਦੀਆਂ ਸਰਹੱਦਾਂ 'ਤੇ ਸਮੇਂ-ਸਮੇਂ 'ਤੇ ਚੈਕਿੰਗ ਕਰੇ ਅਤੇ ਗੈਸ ਦੀ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰਾਂ ਦੀ ਕਮਰਸ਼ੀਅਲ ਥਾਵਾਂ 'ਤੇ ਕੀਤੀ ਜਾ ਰਹੀ ਦੁਰਵਰਤੋਂ ਦੀ ਵੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਵੇਗੀ ਤੇ ਜਿੱਥੇ ਵੀ ਘਰੇਲੂ ਗੈਸ ਸਿਲੰਡਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੋਈ ਤਾਂ ਸਬੰਧਤ ਵਪਾਰਕ ਸੰਸਥਾਵਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਬੁਕਿੰਗ ਵਿਚ ਵੀ ਨਾ ਆਵੇ ਕੋਈ ਸਮੱਸਿਆ
ਜ਼ਿਲ੍ਹੇ ਭਰ ਦੇ ਸ਼ਹਿਰੀ ਇਲਾਕਿਆਂ ਵਿਚ ਚੱਲ ਰਹੀਆਂ ਸਮੁੱਚੀਆਂ ਗੈਸ ਏਜੰਸੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਦਫ਼ਤਰ ਦੇ ਫ਼ੋਨ ਨੰਬਰ ਤੇ ਹੈਲਪਲਾਈਨ ਨੰਬਰ ਹਮੇਸ਼ਾ ਚਲਦੇ ਰਹਿਣ, ਤਾਂ ਜੋ ਉਪਭੋਗਤਾਵਾਂ ਨੂੰ ਗੈਸ ਸਿਲੰਡਰਾਂ ਦੀ ਬੁਕਿੰਗ ਤੇ ਸਪਲਾਈ ਸਬੰਧੀ ਜਾਣਕਾਰੀ ਹਾਸਲ ਕਰਨ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਉੱਥੇ ਹੀ ਜੇਕਰ ਕਿਸੇ ਕਾਰਨ ਗੈਸ ਸਿਲੰਡਰ ਦੀ ਬੁਕਿੰਗ ਆਨਲਾਈਨ ਮਾਧਿਅਮ ਰਾਹੀਂ ਸੰਭਵ ਨਾ ਹੋਵੇ ਤਾਂ ਸਬੰਧਤ ਗੈਸ ਏਜੰਸੀ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿਚ ਰਖਦਿਆਂ ਆਫਲਾਈਨ ਮਾਧਿਅਮ ਨਾਲ ਬੁਕਿੰਗ ਕਰਨ ਦੇ ਨਾਲ-ਨਾਲ ਨਿਰਧਾਰਰਤ ਸਮੇਂ ਅੰਦਰ ਸਿਲੰਡਰ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵੱਲੋਂ ਮੀਡੀਆ ਤੇ ਜਨਤਕ ਅਪੀਲ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਗੈਸ ਸਿਲੰਡਰ ਦੀ ਉਪਲਬਧਤਾ, ਬੁਕਿੰਗ ਜਾਂ ਫ਼ਿਰ ਬਲੈਕ ਮਾਰਕੀਟਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਜਾਂ ਅਫ਼ਵਾਹ ਨਾ ਫ਼ੈਲਾਉਣ ਅਤੇ ਆਮ ਜਨਤਾ ਤਕ ਸਹੀ ਜਾਣਕਾਰੀ ਪਹੁੰਚਾਈ ਜਾਵੇ।
ਰੇਲ ਯਾਤਰੀਆਂ ਲਈ Good News! ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਇਹ ਵੱਡੀ ਸਹੂਲਤ
NEXT STORY