ਅਜਨਾਲਾ, (ਰਮਨਦੀਪ)- ਸਥਾਨਕ ਸ਼ਹਿਰ ਅਤੇ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡਾਂ 'ਚ ਲਗਾਤਾਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਸਰਹੱਦੀ ਖੇਤਰ ਦੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜੇਕਰ ਅਜਨਾਲਾ ਸ਼ਹਿਰ ਦੀ ਹੀ ਗੱਲ ਕੀਤੀ ਜਾਵੇ ਤਾਂ ਇਥੇ ਦਿਨ-ਰਾਤ ਚੋਰਾਂ ਵੱਲੋਂ ਨਕਦੀ, ਸੋਨੇ ਦੇ ਗਹਿਣੇ ਤੇ ਦੋਪਹੀਆ ਵਾਹਨ ਚੋਰੀ ਕਰਨਾ ਆਮ ਗੱਲ ਹੋ ਗਈ ਹੈ। ਪਹਿਲਾਂ ਦੀ ਤਰ੍ਹਾਂ ਬੀਤੀ ਰਾਤ ਵੀ ਚੋਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਕਰਨ ਗਏ ਇਕ ਪਰਿਵਾਰ ਦੇ ਘਰੋਂ 8 ਲੱਖ ਰੁਪਏ ਨਕਦ ਤੇ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਮੰਡਲ ਜਸਤਰਵਾਲ 'ਚ ਜੇ. ਈ. ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਸ਼ੋਤਮ ਸਿੰਘ ਵਾਸੀ ਵਾਰਡ ਨੰ. 1 ਮੁਹੱਲਾ ਗੋਪਾਲ ਨਗਰ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਹਰ ਬੁੱਧਵਾਰ ਦੀ ਤਰ੍ਹਾਂ ਬੀਤੀ ਸ਼ਾਮ 8 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕਰਨ ਲਈ ਗਿਆ ਸੀ, ਜਦ ਅਸੀਂ ਰਾਤ 1 ਵਜੇ ਦੇ ਕਰੀਬ ਘਰ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਜਦ ਮੈਂ ਸਟੋਰ ਵਿਚ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਲੋਹੇ ਦੀ ਅਲਮਾਰੀ ਦਾ ਤਾਲਾ ਤੇ ਲਾਕਰ ਵੀ ਟੁੱਟਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਮੈਂ ਆਪਣੀ ਲੜਕੀ ਦੀ ਫੀਸ ਜਮ੍ਹਾ ਕਰਵਾਉਣ ਅਤੇ ਘਰ ਦੇ ਹੋਰ ਜ਼ਰੂਰੀ ਕੰਮ ਕਰਵਾਉਣ ਲਈ 8 ਲੱਖ ਰੁਪਏ ਅਲਮਾਰੀ ਵਿਚ ਰੱਖੇ ਸਨ, ਜੋ ਚੋਰਾਂ ਨੇ ਚੋਰੀ ਕਰ ਲਏ। ਇਸ ਤੋਂ ਇਲਾਵਾ 11 ਤੋਲੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ। ਜੇ. ਈ. ਪ੍ਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਇਹ ਪੈਸੇ ਮੈਂ ਆਪਣੀ ਜ਼ਮੀਨ 'ਚੋਂ ਦਰੱਖਤ ਕਟਵਾ ਕੇ ਅਤੇ ਕੁਝ ਪੈਸੇ ਫਸਲ ਵੇਚ ਕੇ ਘਰ ਵਿਚ ਰੱਖੇ ਹੋਏ ਸਨ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਥਾਣਾ ਅਜਨਾਲਾ ਦੇ ਸਬ-ਇੰਸਪੈਕਟਰ ਧਨਵਿੰਦਰ ਸਿੰਘ ਤੇ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਜੇ. ਈ. ਪ੍ਰਸ਼ੋਤਮ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।
ਅਜਨਾਲਾ 'ਚ ਵੱਧ ਰਹੀਆਂ ਚੋਰੀਆਂ ਸਬੰਧੀ ਜਦ ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ 'ਚ ਚੋਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਪਰਿਵਾਰਾਂ ਨੂੰ ਲਾਸ਼ਾਂ ਦੀ ਉਡੀਕ
NEXT STORY