ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਸਟੂਡੈਂਟਸ ਕੌਂਸਲ (ਪੀ. ਯੂ. ਸੀ. ਐੱਸ. ਸੀ.) ਚੋਣਾਂ 2026-27 ਲਈ ਰਸਮੀ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਡੀਨ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਿਊ.) ਦਫ਼ਤਰ ਵੱਲੋਂ ਜਾਰੀ ਚੋਣ ਬੁਲੇਟਿਨ ਮੁਤਾਬਕ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ 31 ਅਗਸਤ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਅਹੁਦੇਦਾਰਾਂ ਦੇ ਨਤੀਜੇ ਵੀ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 24 ਅਗਸਤ ਤੋਂ ਨਾਮਜ਼ਦਗੀਆਂ ਨਾਲ ਸ਼ੁਰੂ ਹੋਵੇਗੀ। ਚੋਣ ਪ੍ਰੋਗਰਾਮ ਮੁਤਾਬਕ 24 ਅਗਸਤ ਸਵੇਰੇ 9:30 ਤੋਂ 10:30 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਵੇਰੇ 10:35 ਵਜੇ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਸਬੰਧਿਤ ਵਿਭਾਗਾਂ ਦੇ ਨੋਟਿਸ ਬੋਰਡਾਂ ’ਤੇ ਉਮੀਦਵਾਰਾਂ ਦੀ ਸੂਚੀ ਪ੍ਰਦਰਸ਼ਿਤ ਕੀਤੀ ਜਾਵੇਗੀ। ਉਮੀਦਵਾਰਾਂ ਜਾਂ ਹੋਰ ਸਬੰਧਿਤ ਪੱਖਾਂ ਨੂੰ ਨਾਮਜ਼ਦਗੀਆਂ ’ਤੇ ਇਤਰਾਜ਼ ਦਰਜ ਕਰਵਾਉਣ ਲਈ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਰਜ਼ੀ ਉਮੀਦਵਾਰ ਸੂਚੀ ਦੁਪਹਿਰ 2:30 ਵਜੇ ਤੱਕ ਡੀ. ਐੱਸ. ਡਬਲਿਊ. ਦਫ਼ਤਰ ਨੂੰ ਭੇਜਣੀ ਹੋਵੇਗੀ। 25 ਅਗਸਤ ਸਵੇਰੇ 10 ਵਜੇ ਪ੍ਰਵਾਨਿਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਸਵੇਰੇ 10:30 ਤੋਂ ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਨੂੰ ਆਪਣੇ ਨਾਮ ਵਾਪਸ ਲੈਣ ਦਾ ਮੌਕਾ ਮਿਲੇਗਾ। ਨਾਮ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੁਪਹਿਰ 2:30 ਵਜੇ ਅੰਤਮ ਉਮੀਦਵਾਰਾਂ ਦੀ ਸੂਚੀ ਪ੍ਰਦਰਸ਼ਿਤ ਕਰ ਦਿੱਤੀ ਜਾਵੇਗੀ।
ਡੀ.ਆਰ. ਦੇ ਨਤੀਜੇ 8 ਸਤੰਬਰ ਤੱਕ ਭੇਜਣੇ ਹੋਣਗੇ
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਲਈ 31 ਅਗਸਤ ਸਵੇਰੇ 9:30 ਵਜੇ ਵੋਟਿੰਗ ਸ਼ੁਰੂ ਹੋਵੇਗੀ। ਵੋਟਿੰਗ ਤੋਂ ਬਾਅਦ ਅਹੁਦੇਦਾਰਾਂ ਦੀਆਂ ਵੋਟਾਂ ਵਾਲੇ ਬੈਲਟ ਬਾਕਸ ਜਿਮਨੇਜ਼ੀਅਮ ਹਾਲ ’ਚ ਲਿਆਂਦੇ ਜਾਣਗੇ। ਵਿਭਾਗੀ ਨੁਮਾਇੰਦਿਆਂ (ਡੀ.ਆਰ.) ਦੀਆਂ ਵੋਟਾਂ ਦੇ ਨਤੀਜੇ ਦੁਪਹਿਰ 12 ਤੋਂ ਬਾਅਦ ਸਬੰਧਤ ਵਿਭਾਗਾਂ ’ਚ ਐਲਾਨੇ ਜਾਣਗੇ। ਇਸੇ ਤਰ੍ਹਾਂ ਅਹੁਦੇਦਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਵੀ ਦੁਪਹਿਰ 12 ਵਜੇ ਤੋਂ ਬਾਅਦ ਜਿਮਨੇਜ਼ੀਅਮ ਹਾਲ ’ਚ ਕੀਤਾ ਜਾਵੇਗਾ। ਚੋਣ ਪ੍ਰੋਗਰਾਮ ’ਚ ਵਿਭਾਗੀ ਨੁਮਾਇੰਦਿਆਂ ਦੇ ਨਤੀਜਿਆਂ ਸਬੰਧੀ ਵੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਸਬੰਧਤ ਵਿਭਾਗਾਂ ਵੱਲੋਂ ਡੀ.ਆਰ. ਚੋਣਾਂ ਦੇ ਨਤੀਜੇ 8 ਸਤੰਬਰ ਦੁਪਹਿਰ 12 ਵਜੇ ਤੱਕ ਡੀ.ਐੱਸ.ਡਬਲਿਊ. ਦਫ਼ਤਰ ਨੂੰ ਭੇਜਣੇ ਲਾਜ਼ਮੀ ਹੋਣਗੇ।
11 ਸਤੰਬਰ ਨੂੰ ਹੋਵੇਗੀ ਕਾਰਜਕਾਰਨੀ ਕਮੇਟੀ ਦੀ ਚੋਣ
ਚੋਣ ਪ੍ਰਕਿਰਿਆ ਦਾ ਅਗਲਾ ਪੜਾਅ 11 ਸਤੰਬਰ ਨੂੰ ਹੋਵੇਗਾ। ਇਸ ਦਿਨ ਸਵੇਰੇ 11 ਵਜੇ ਜ਼ੂਆਲੋਜੀ ਵਿਭਾਗ ਦੇ ਆਡੀਟੋਰੀਅਮ ’ਚ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ’ਚ ਸਿਰਫ਼ ਚੁਣੇ ਹੋਏ ਵਿਭਾਗੀ ਨੁਮਾਇੰਦੇ ਤੇ ਚੁਣੇ ਗਏ ਅਹੁਦੇਦਾਰ ਹੀ ਹਿੱਸਾ ਲੈ ਸਕਣਗੇ। ਇਸ ਨਾਲ ਚੋਣ ਪ੍ਰਕਿਰਿਆ ਦਾ ਅਗਲਾ ਪੜਾਅ ਪੂਰਾ ਹੋਵੇਗਾ। ਪੀ. ਯੂ. ਪ੍ਰਸ਼ਾਸਨ ਵੱਲੋਂ ਜਾਰੀ ਇਸ ਚੋਣ ਪ੍ਰੋਗਰਾਮ ਤੋਂ ਬਾਅਦ ਕੈਂਪਸ ’ਚ ਵਿਦਿਆਰਥੀ ਸੰਗਠਨਾਂ ਤੇ ਸੰਭਾਵੀ ਉਮੀਦਵਾਰਾਂ ਵਿਚਕਾਰ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਹੁਣ 24 ਅਗਸਤ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਦੀ ਤਸਵੀਰ ਵੀ ਸਪੱਸ਼ਟ ਹੋਣ ਲੱਗੇਗੀ।
ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਪਤੀ-ਪਤਨੀ ਦੀ ਇਕੱਠਿਆਂ ਨਿਕਲੀ ਜਾਨ
NEXT STORY