ਚੰਡੀਗੜ੍ਹ : ਪੰਜਾਬ ਪੁਲਸ ਨੇ ਲੁਧਿਆਣਾ ਤੋਂ ਇੱਕ ਨਿੱਜੀ ਬੀਜ ਫਰਮ ਦੇ ਮਾਲਕ ਦੀ ਗ੍ਰਿਫਤਾਰੀ ਨਾਲ ਪੰਜਾਬ 'ਚ ਝੋਨੇ ਦੇ ਬੀਜ ਘੋਟਾਲੇ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਝੋਨੇ ਦੀਆਂ ਕੁੱਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ 'ਚ ਭਾਰੀ ਕੀਮਤਾਂ ‘ਤੇ ਕਿਸਾਨਾਂ ਨੂੰ ਜਾਅਲੀ ਬੀਜ ਵੇਚਦਾ ਸੀ, ਜਿਸ ਦੀ ਅਜੇ ਤੱਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ। ਇਸ ਬਾਰੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਇੱਕ ਨਿੱਜੀ ਫਰਮ ਦੀ ‘ਬਰਾੜ ਬੀਜ ਸਟੋਰ' ਵਜੋਂ ਪਛਾਣ ਹੋਈ ਹੈ, ਜਿਸ ਦੀ ਮਾਲਕੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਹੈ, ਜਿਸ ਨੂੰ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। '
ਪੀ. ਏ. ਯੂ. ਗੇਟ ਨੰਬਰ 1, ਲੁਧਿਆਣਾ ਦੇ ਬਿਲਕੁਲ ਸਾਹਮਣੇ ਚੱਲਦੇ ਬਰਾੜ ਬੀਜ ਸਟੋਰ ਦੇ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕੇਸ 'ਚ ਹਰਦਿਆਲ ਸਿੰਘ ਦੇ ਪੁੱਤਰ, 56 ਸਾਲਾ ਕਾਕਾ ਬਰਾੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਇਸ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਨੇ ਬਰਾੜ ਦੇ ਬੀਜ ਸਟੋਰ ਦੀ ਪਹਿਲਾਂ ਚੈਕਿੰਗ ਕੀਤੀ ਅਤੇ ਉਸ ਵੱਲੋਂ ਗਲਤ ਬੀਜ ਵੇਚਣ ਪ੍ਰਤੀ ਕਾਰਵਾਈ ਕਰਨ ਦਾ ਸ਼ੱਕ ਪਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਸ. ਆਈ. ਟੀ. ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸਨਰ ਪੁਲਸ, ਲੁਧਿਆਣਾ ਦੇ ਰੈਂਕ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਧੀਨ ਬਣਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੂੰ ਟੀਮ 'ਚ ਤਕਨੀਕੀ ਮਾਹਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਐਸ. ਆਈ. ਟੀ. ਵੱਲੋਂ ਮਾਰੇ ਗਏ ਵਿਆਪਕ ਛਾਪਿਆਂ ਦੌਰਾਨ ਬਰਾੜ ਬੀਜ ਸਟੋਰ 'ਚੋਂ ਬੀਜਾਂ ਦਾ ਵਿਸ਼ਾਲ ਭੰਡਾਰ ਜ਼ਬਤ ਕੀਤਾ ਗਿਆ ਹੈ ਅਤੇ ਨਮੂਨੇ ਵਿਸ਼ਲੇਸਣ ਲਈ ਖੇਤੀਬਾੜੀ ਵਿਭਾਗ ਦੀ ਲੈਬਾਰਟਰੀ ਨੂੰ ਭੇਜੇ ਗਏ। ਅੱਗਰਵਾਲ ਨੇ ਕਿਹਾ ਕਿ ਵਿਸਲੇਸ਼ਣ ਤੋਂ ਕੁੱਝ ਬੀਜ ਜਾਅਲੀ ਪਾਏ ਗਏ ਦੱਸੇ ਜਾ ਰਹੇ ਹਨ। ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਬਰਾੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਵਿਕਸਤ ਕੀਤੀਆਂ ਗਈਆਂ ਝੋਨੇ ਦੀਆਂ ਨਵੀਂਆਂ ਕਿਸਮਾਂ ਦੇ ਨਾਮ (ਪੀ.ਆਰ. 128 ਅਤੇ ਪੀ.ਆਰ. 129) ਦੀ ਵਰਤੋਂ ਕਰਕੇ ਜਾਅਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਸੀ। ਇਤਫਾਕਨ, ਪੀਏਯੂ ਨੇ ਅਜੇ ਵਪਾਰਕ ਤੌਰ ‘ਤੇ ਉਨ੍ਹਾਂ ਬੀਜਾਂ ਦਾ ਉਤਪਾਦਨ ਕਰਨਾ ਹੈ ਤੇ ਹਾਲੇ ਤੱਕ ਕਿਸੇ ਵੀ ਨਿੱਜੀ ਕੰਪਨੀ ਨੂੰ ਸਪਲਾਈ ਨਹੀਂ ਕੀਤੇ ਗਏ ਸਨ। ਜਾਅਲੀ ਬੀਜਾਂ ਦੀ ਬਰਮਦਗੀ ਅਤੇ ਜ਼ਬਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸਾਸਨ ਨੇ ਪੁਲਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ 'ਚ ਬੀਜ ਵੇਚਣ ਵਾਲੀਆਂ ਦੁਕਾਨਾਂ ਦੀ ਵਿਆਪਕ ਚੈਕਿੰਗ ਕੀਤੀ ਅਤੇ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਵੀ ਲਏ। ਇਹ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭਿਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ਼
NEXT STORY