ਜਲੰਧਰ (ਪੁਨੀਤ) : ਬੀਤੇ ਦਿਨੀਂ ਪਏ ਹਲਕੇ ਮੀਂਹ ਤੋਂ ਬਾਅਦ ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਦੇ ਤਾਪਮਾਨ ਵਿਚ 4 ਤੋਂ 5 ਡਿਗਰੀ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਸੀ। ਹਾਲਾਂਕਿ ਇਹ ਰਾਹਤ ਜ਼ਿਆਦਾ ਸਮਾਂ ਨਹੀਂ ਰਹਿ ਸਕੀ। ਸੋਮਵਾਰ ਨੂੰ ਤਾਪਮਾਨ ਵਿਚ ਲਗਭਗ 3 ਡਿਗਰੀ ਦਾ ਵਾਧਾ ਦਰਜ ਹੋਣ ਦੇ ਨਾਲ ਹੀ ਗਰਮੀ ਨੇ ਫਿਰ ਤੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਹੁੰਮਸ ਭਰੀ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਦੁਪਹਿਰ ਵੇਲੇ ਸੜਕਾਂ ’ਤੇ ਆਵਾਜਾਈ ਘੱਟ ਦਿਖਾਈ ਦਿੱਤੀ। ਆਉਣ ਵਾਲੇ ਦਿਨਾਂ ਵਿਚ ਮੌਸਮ ਦਾ ਮਿਜਾਜ਼ ਬਦਲਦਾ ਰਹਿ ਸਕਦਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 23 ਜੂਨ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ, ਹਨੇਰੀ-ਤੂਫ਼ਾਨ ਆਉਣ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਪ੍ਰਗਟਾਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
ਪਿਛਲੇ ਕੁਝ ਦਿਨਾਂ ਤੋਂ ਵੈਸਟਰਨ ਡਿਸਟਰਬੈਂਸ ਅਤੇ ਸਥਾਨਕ ਮੌਸਮੀ ਸਰਗਰਮੀਆਂ ਦੇ ਪ੍ਰਭਾਵ ਕਾਰਨ ਮੌਸਮ ਵਿਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਂਦਾ ਹੈ ਤਾਂ ਤਾਪਮਾਨ ਵਿਚ ਦੁਬਾਰਾ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ। ਹਾਲਾਂਕਿ ਮੀਂਹ ਤੋਂ ਪਹਿਲਾਂ ਹੁੰਮਸ ਦਾ ਪੱਧਰ ਵਧਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਸੋਮਵਾਰ ਨੂੰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਦਿਨ ਦੇ ਮੁਕਾਬਲੇ ਲਗਭਗ 3 ਡਿਗਰੀ ਵੱਧ ਰਿਹਾ। ਉੱਥੇ ਹੀ, ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਤਾਪਮਾਨ ਆਮ ਸ਼੍ਰੇਣੀ ਵਿਚ ਹੋਣ ਦੇ ਬਾਵਜੂਦ ਹਵਾ ਵਿਚ ਨਮੀ ਜ਼ਿਆਦਾ ਰਹਿਣ ਕਾਰਨ ਲੋਕਾਂ ਨੂੰ ਅਸਲ ਤਾਪਮਾਨ ਨਾਲੋਂ ਜ਼ਿਆਦਾ ਗਰਮੀ ਮਹਿਸੂਸ ਹੋਈ। ਸਵੇਰ ਅਤੇ ਸ਼ਾਮ ਵੇਲੇ ਮੌਸਮ ਮੁਕਾਬਲਤਨ ਸੁਹਾਵਣਾ ਰਿਹਾ, ਪਰ ਦੁਪਹਿਰ ਵੇਲੇ ਹੁੰਮਸ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਦਾ ਅਹਿਮ ਫ਼ੈਸਲਾ
ਪੰਜਾਬ ਦੇ ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ 35.4 ਡਿਗਰੀ, ਅੰਮ੍ਰਿਤਸਰ ਵਿਚ 34.9 ਡਿਗਰੀ ਅਤੇ ਲੁਧਿਆਣਾ ਵਿਚ 34.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿਚ ਹਲਕਾ ਮੀਂਹ ਵੀ ਦਰਜ ਕੀਤਾ ਗਿਆ। ਵਿਭਾਗ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਕਈ ਜ਼ਿਲਿਆਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕੁਝ ਥਾਵਾਂ ’ਤੇ ਹਵਾ ਦੇ ਬੁੱਲਿਆਂ ਦੀ ਰਫ਼ਤਾਰ ਇਸ ਤੋਂ ਵੀ ਵੱਧ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ ਜੇਲ੍ਹ ਤੇ ਫ਼ਿਰ ਨਸ਼ਾ ਛੁਡਾਊ ਕੇਂਦਰ ਤੋਂ ਨਿਕਲ ਕੇ ਸ਼ੁਰੂ ਕੀਤੀਆਂ ਚੋਰੀਆਂ, ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY