ਚੰਡੀਗੜ੍ਹ (ਬਿਊਰੋ) : ਸੂਬੇ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ, ਲੁਧਿਆਣਾ ਜ਼ੋਨ-ਡੀ ਵਿਖੇ ਤਾਇਨਾਤ ਸੈਨੇਟਰੀ ਇੰਸਪੈਕਟਰ ਜਤਿੰਦਰ ਵਿੱਜ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੈਨੇਟਰੀ ਇੰਸਪੈਕਟਰ ਨੂੰ ਮਾਹੀ ਰਾਮ ਵਾਸੀ ਟਾਵਰ ਕਲੋਨੀ, ਨੇੜੇ ਅਨਾਜ ਮੰਡੀ, ਲੁਧਿਆਣਾ (ਜੋ ਮੂਲ ਰੂਪ ’ਚ ਪਿੰਡ ਹਿੰਦਬਾਠੀ, ਜ਼ਿਲ੍ਹਾ ਦਮੋ, ਮੱਧ ਪ੍ਰਦੇਸ਼ ਦਾ ਨਿਵਾਸੀ ਹੈ) ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਹ ਬੱਸ ਸਟੈਂਡ ਲੁਧਿਆਣਾ ਨੇੜੇ ਕੂੜੇ ਦੇ ਢੇਰ ’ਚੋਂ ਕੱਚ ਦੀਆਂ ਬੋਤਲਾਂ, ਪਲਾਸਟਿਕ ਅਤੇ ਲੋਹੇ ਦਾ ਸਾਮਾਨ ਇਕੱਠਾ ਕਰਦਾ ਸੀ ਅਤੇ ਉਕਤ ਸੈਨੇਟਰੀ ਇੰਸਪੈਕਟਰ ਉਸ ਤੋਂ ਇਹ ਫਾਲਤੂ ਸਾਮਾਨ ਇਕੱਠਾ ਕਰਨ ਬਦਲੇ 15,000 ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕਰਦਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਪਹਿਲਾਂ ਹੀ ਉਸ ਪਾਸੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 8,000 ਰੁਪਏ ਲੈ ਚੁੱਕਾ ਹੈ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ
ਬੁਲਾਰੇ ਨੇ ਦੱਸਿਆ ਕਿ ਦੋਸ਼ਾਂ ਦੀ ਮੁੱਢਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 4,000 ਰੁਪਏ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਇਸ ਸੈਨੇਟਰੀ ਇੰਸਪੈਕਟਰ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਜੀ. ਐੱਮ. ਫਸਲਾਂ ਦੇ ਟ੍ਰਾਇਲ ਦਾ ਰਾਹ ਹੋਵੇਗਾ ਸਾਫ਼, ਪੰਜਾਬ ਵਿਚ ਪੱਕੀ ਜਗ੍ਹਾ ਨੋਟੀਫਾਈਡ ਕਰਨ ਦੀ ਤਿਆਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਸਰਕਾਰ ਵੱਲੋਂ 2 IAS ਤੇ 5 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ
NEXT STORY