ਅੰਮ੍ਰਿਤਸਰ: “ਪਵਿੱਤਰ ਗੁਰਬਾਣੀ ਸਿੱਖ ਭਾਈਚਾਰੇ ਦੀ ਸਭ ਤੋਂ ਵੱਡੀ ਅਤੇ ਅਹਿਮ ਵਿਰਾਸਤ ਹੈ, ਪਰ ਗੁਰਬਾਣੀ ਤੋਂ ਇਲਾਵਾ ਸਾਡੀ ਵਿਰਾਸਤ ਵਿੱ ਉਹ ਸਾਰੇ ਪਵਿੱਤਰ ਅਸਥਾਨ ਵੀ ਸ਼ਾਮਲ ਹਨ, ਜਿੱਥੇ ਗੁਰੂ ਸਹਿਬਾਨ ਨੇ ਆਪਣੇ ਚਰਨ ਪਾਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਥਾਨਾਂ ’ਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਹਨ, ਪਰ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਦੌਰਾਨ ਕਈ ਪੜਾਅ ਰਹੇ ਅਜਿਹੇ ਅਨੇਕਾਂ ਸਥਾਨ ਵੀ ਹਨ, ਜਿੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਬਣਾਇਆ ਗਿਆ। ਇਸ ਦੇ ਬਾਵਜੂਦ ਇਨ੍ਹਾਂ ਸਥਾਨਾਂ ਦਾ ਦਸਤਾਵੇਜ਼ੀਕਰਨ ਕਰਨਾ, ਇਨ੍ਹਾਂ ਦੇ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਦਰਜ ਕਰਨਾ, ਸਾਂਭ-ਸੰਭਾਲ ਕਰਨਾ ਅਤੇ ਇਨ੍ਹਾਂ ਦੀ ਮਹੱਤਤਾ ਨੂੰ ਪਛਾਣਨਾ ਬੇਹੱਦ ਜ਼ਰੂਰੀ ਹੈ। ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਸਿਰਫ਼ ਸਫ਼ਰ ਨਹੀਂ ਸਨ, ਸਗੋਂ ਮੇਰੀ ਨਜ਼ਰ ਵਿੱਚ ਇਹ ਸਿੱਖ ਭਾਈਚਾਰੇ ਅਤੇ ਸਿੱਖ ਧਰਮ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀਆਂ ਯਾਤਰਾਵਾਂ ਸਨ। ਇਨ੍ਹਾਂ ਯਾਤਰਾਵਾਂ ਰਾਹੀਂ ਗੁਰੂ ਸਾਹਿਬਾਨ ਨੇ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖੀ ਦਾ ਬੂਟਾ ਲਗਾਇਆ,” ਇਹ ਵਿਚਾਰ ਰਾਜ ਸਭਾ ਮੈਂਬਰ ਅਤੇ ਲੇਖਕ ਸਤਨਾਮ ਸਿੰਘ ਸੰਧੂ ਨੇ ਵੀਰਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਵਿਚ ਸਵਰਾਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ (ਪੰਜਾਬੀ ਅਤੇ ਹਿੰਦੀ) ਦੇ ਲੋਕ ਅਰਪਣ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਵਿਰਾਸਤ ਅਤੇ ਇਤਿਹਾਸਕ ਸਿੱਖ ਅਸਥਾਨ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ’ ਦੀ ਸਾਂਭ-ਸੰਭਾਲ ਲਈ ਕੀਤੇ ਗਏ ਵਿਲੱਖਣ ਯਤਨਾਂ ਨੂੰ ਸਮਰਪਿਤ ਇਹ ਪੁਸਤਕ ਗੁਰੂ ਸਾਹਿਬ ਦੀਆਂ ਉਦਾਸੀਆਂ ਨਾਲ ਸਬੰਧਤ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਅਤੇ ਅਧਿਆਤਮਕ ਮਹੱਤਤਾ ਨੂੰ ਉਜਾਗਰ ਕਰਦੀ ਹੈ। ਇਹ ਪੁਸਤਕ ਗੁਰੂ ਸਾਹਿਬ ਦੀਆਂ ਸਦੀਵੀ ਸਿੱਖਿਆਵਾਂ ਨੂੰ ਸਾਹਿਤਕ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਗੁਜਰਾਤ ਦੇ ਕੱਛ ਸਥਿਤ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਦੇ ਇਤਿਹਾਸ, 2001 ਦੇ ਵਿਨਾਸ਼ਕਾਰੀ ਗੁਜਰਾਤ ਭੂਚਾਲ ਤੋਂ ਬਾਅਦ ਇਸ ਦੀ ਮੁੜ ਉਸਾਰੀ ਅਤੇ ਇਸ ਦੀ ਇਮਾਰਤੀ ਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਸਿੱਖ ਸੰਗਤ, ਸੰਭਾਲ ਮਾਹਿਰਾਂ ਅਤੇ ਰਵਾਇਤੀ ਕਾਰੀਗਰਾਂ ਵੱਲੋਂ ਨਿਭਾਈ ਗਈ ਸਾਂਝੀ ਸੇਵਾ ਦੇ ਯੋਗਦਾਨ ਨੂੰ ਵੀ ਵਿਸਥਾਰ ਨਾਲ ਦਰਜ ਕਰਦੀ ਹੈ।
ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, “ਸਾਡੀ ਸਭ ਤੋਂ ਵੱਡੀ ਵਿਰਾਸਤ ਅਤੇ ਬਹੁਤੇ ਇਤਿਹਾਸਕ ਗੁਰਧਾਮ ਪਾਕਿਸਤਾਨ ਵਿੱਚ ਹਨ, ਪਰ ਉੱਥੇ ਇਨ੍ਹਾਂ ਦੀ ਮੌਜੂਦਾ ਸਥਿਤੀ ਤਸੱਲੀਬਖ਼ਸ਼ ਨਹੀਂ ਹੈ। ਆਜ਼ਾਦੀ ਸਮੇਂ ਹੋਈ ਦੇਸ਼ ਦੀ ਵੰਡ ਕਾਰਨ ਸਾਡੇ ਬਹੁਤੇ ਮਹੱਤਵਪੂਰਨ ਇਤਿਹਾਸਕ ਅਸਥਾਨ ਸਰਹੱਦ ਪਾਰ ਰਹਿ ਗਏ। ਮੇਰੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਅਜਿਹੇ ਲਗਭਗ 150 ਤੋਂ 160 ਇਤਿਹਾਸਕ ਅਸਥਾਨ ਹਨ। ਉਸ ਸਮੇਂ ਸੰਗਤ ਵੱਲੋਂ ਸਥਾਪਿਤ ਕੀਤੇ ਗਏ ਗੁਰਧਾਮਾਂ ਦੀ ਕੁੱਲ ਗਿਣਤੀ ਲਗਭਗ 550 ਤੋਂ 600 ਦੇ ਵਿਚਕਾਰ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਕਿੰਨੀ ਵਿਸ਼ਾਲ ਇਤਿਹਾਸਕ ਵਿਰਾਸਤ ਅੱਜ ਸਾਡੀ ਪਹੁੰਚ ਤੋਂ ਬਾਹਰ ਹੈ। ਇਨ੍ਹਾਂ ਗੁਰਧਾਮਾਂ ਦੀ ਹਾਲਤ ਚੰਗੀ ਨਹੀਂ ਹੈ। ਅਸੀਂ ਆਮ ਤੌਰ ’ਤੇ ਕਰਤਾਰਪੁਰ ਸਾਹਿਬ ਜਾਂ ਕੁਝ ਹੋਰ ਵਿਸ਼ੇਸ਼ ਅਸਥਾਨਾਂ ਦੇ ਹੀ ਦਰਸ਼ਨ ਕਰਨ ਜਾਂਦੇ ਹਾਂ, ਜਿੱਥੇ ਸਾਂਭ-ਸੰਭਾਲ ਅਤੇ ਪ੍ਰਬੰਧਾਂ ਵੱਲ ਉਚਿਤ ਧਿਆਨ ਦਿੱਤਾ ਜਾ ਰਿਹਾ ਹੈ। ਸਿੱਖ ਵਿਰਾਸਤ ਦੀ ਸੰਭਾਲ ਇੱਕ ਬਹੁਤ ਵੱਡਾ ਮੁੱਦਾ ਹੈ। ਧਾਰਮਿਕ ਸ਼ਰਧਾ ਅਤੇ ਅਧਿਆਤਮਕਤਾ ਆਪਣੀ ਥਾਂ ’ਤੇ ਹਨ, ਪਰ ਜੇਕਰ ਅਸੀਂ ਆਪਣੀ ਵਿਰਾਸਤ ਨੂੰ ਸਾਂਭਣ ਵਿੱਚ ਅਸਫ਼ਲ ਰਹੇ ਤਾਂ ਇਹ ਹੌਲੀ-ਹੌਲੀ ਸਾਡੇ ਹੱਥੋਂ ਨਿਕਲ ਜਾਵੇਗੀ ਅਤੇ ਹਮੇਸ਼ਾ ਲਈ ਗੁਆਚ ਸਕਦੀ ਹੈ।”
ਉਨ੍ਹਾਂ ਅੱਗੇ ਕਿਹਾ, “ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਸਭ ਤੋਂ ਵੱਡਾ ਖ਼ਜ਼ਾਨਾ ਅਤੇ ਸਿੱਖ ਵਿਰਾਸਤ ਦਾ ਅਨਮੋਲ ਸਰਮਾਇਆ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਸੀ, ਜੋ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਗੁਆਚ ਗਿਆ। ਸਾਨੂੰ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਇਸ ਦੇ ਡਿਜੀਟਲੀਕਰਨ ਦਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੀਦਾ ਹੈ। ਸਾਨੂੰ ਗੁਰੂ ਸਾਹਿਬਾਨ ਦੀਆਂ ਉਨ੍ਹਾਂ ਪੁਰਾਤਨ ਬੀੜਾਂ ਨੂੰ, ਜੋ ਉੱਥੋਂ ਲਾਪਤਾ ਹੋ ਗਈਆਂ ਸਨ, ਕਿਸੇ ਵੀ ਢੰਗ ਨਾਲ ਲੱਭਣ ਅਤੇ ਮੁੜ ਪ੍ਰਾਪਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ।”
ਸਸਕਾਰ ਤੋਂ ਪਹਿਲਾਂ ਪਰਵਿੰਦਰ ਝੋਟਾ ਦੀ ਮਾਂ ਦਾ ਵੱਡਾ ਬਿਆਨ
NEXT STORY