ਲੁਧਿਆਣਾ (ਰਾਜ/ਤਰੁਣ): ਮਹਾਨਗਰ ਵਿਚ ਲੁਟੇਰਿਆਂ ਦਾ ਆਤੰਕ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਲੁਟੇਰੇ ਬੇਖ਼ੌਫ਼ ਹੋ ਕੇ ਕਿਸੇ ਵੀ ਵੇਲੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਇਸੇ ਲੜੀ ਤਹਿਤ ਦੇਰ ਰਾਤ ਰੇਲਵੇ ਸਟੇਸ਼ਨ ਤੋਂ ਘਰ ਪਰਤ ਰਹੇ ਇੱਕ ਲੋਕੋ ਪਾਇਲਟ ਨੂੰ ਮੋਟਰਸਾਈਕਲ ਸਵਾਰ 3-4 ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਲੁਟੇਰਿਆਂ ਨੇ ਇਹ ਵਾਰਦਾਤ ਭਾਰਤ ਨਗਰ ਚੌਂਕ ਨੇੜੇ ਅੰਜਾਮ ਦਿੱਤੀ। ਪੀੜਤ ਵਿਜੇ ਸਿੰਘ ਯਾਦਵ (51) ਨੇ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਲਾਕਾ ਪੁਲਸ ਮੌਕੇ ''ਤੇ ਪਹੁੰਚੀ। ਇਹ ਵਾਰਦਾਤ 24 ਜੁਲਾਈ ਦੀ ਅੱਧੀ ਰਾਤ ਦੀ ਹੈ ਅਤੇ ਘਟਨਾ ਦੇ ਕਰੀਬ ਇੱਕ ਮਹੀਨੇ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਹੈ।
ਪੀੜਤ ਵਿਜੇ ਸਿੰਘ ਯਾਦਵ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿਚ ਬਤੌਰ ਲੋਕੋ ਪਾਇਲਟ ਸੇਵਾ ਨਿਭਾਉਂਦਾ ਹੈ। 24 ਜੁਲਾਈ ਦੀ ਰਾਤ ਨੂੰ ਡਿਊਟੀ ਖ਼ਤਮ ਕਰ ਕੇ ਉਹ ਰੇਲਵੇ ਸਟੇਸ਼ਨ ਤੋਂ ਘਰ ਵੱਲ ਪੈਦਲ ਜਾ ਰਿਹਾ ਸੀ। ਜਦੋਂ ਉਹ ਭਾਰਤ ਨਗਰ ਚੌਂਕ ਗੁਲਮੋਹਰ ਹੋਟਲ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਉਸ ਦਾ ਰਾਹ ਰੋਕ ਲਿਆ। ਹਥਿਆਰ ਦੀ ਨੋਕ ''ਤੇ ਲੁਟੇਰਿਆਂ ਨੇ ਉਸ ਦੇ ਮੋਢੇ ''ਤੇ ਟੰਗਿਆ ਬੈਗ ਖੋਹ ਲਿਆ।
ਬੈਗ ਵਿਚ ਰੇਲਵੇ ਵਿਭਾਗ ਵੱਲੋਂ ਦਿੱਤਾ ਗਿਆ ਵਾਇਰਲੈੱਸ/ਵਾਕੀ-ਟਾਕੀ, ਇੱਕ ਟਾਰਚ, ਸਿਗਨਲ ਲਈ ਹਰੀ ਤੇ ਲਾਲ ਝੰਡੀਆਂ, ਇੰਟਰੋਡਕਸ਼ਨ ਬੁੱਕ, ਕੰਪੀਟੈਂਸੀ ਬੁੱਕ, ਵਰਕਿੰਗ ਟਾਈਮ ਟੇਬਲ, ਟ੍ਰਬਲ ਸ਼ੂਟਿੰਗ ਬੁੱਕ, ਡਰਾਈਵਰ ਮੈਮੋ ਬੁੱਕ, ਇੱਕ ਮੋਬਾਈਲ, ਪਰਸ (1500 ਰੁਪਏ), ਆਧਾਰ ਕਾਰਡ, ਪੈਨ ਕਾਰਡ, ਰੇਲਵੇ ਆਈ. ਕਾਰਡ, ਸਰਕਾਰੀ ਵਰਦੀ ਅਤੇ ਕੁਝ ਕੱਪੜੇ ਸਨ, ਜਿਨ੍ਹਾਂ ਨੂੰ ਲੁਟੇਰੇ ਲੈ ਕੇ ਫ਼ਰਾਰ ਹੋ ਗਏ।
ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਪੀੜਤ ਲੋਕੋ ਪਾਇਲਟ ਵਿਜੇ ਸਿੰਘ ਯਾਦਵ (ਵਾਸੀ ਰਾਮ ਨਗਰ, ਬੈਕ ਸਾਈਡ ਗੁਲਮੋਹਰ ਹੋਟਲ) ਦੇ ਬਿਆਨਾਂ ''ਤੇ 3 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕੇ ''ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇੱਕ ਮਹੀਨੇ ਬਾਅਦ ਕੇਸ ਦਰਜ ਕਰਨ ਸਬੰਧੀ ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣੇ ਵਿਚ ਇੱਕ ਹਫ਼ਤਾ ਪਹਿਲਾਂ ਹੀ ਡਿਊਟੀ ਜੁਆਇਨ ਕੀਤੀ ਹੈ। ਜਿਵੇਂ ਹੀ ਉਨ੍ਹਾਂ ਨੂੰ ਇਸ ਕੇਸ ਦੀ ਜਾਣਕਾਰੀ ਮਿਲੀ, ਉਨ੍ਹਾਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੂਏ ਵਿਚ ਜਾ ਡਿੱਗਿਆ ਚਾਵਲਾਂ ਨਾਲ ਭਰਿਆ ਟਰੱਕ! ਲੱਖਾਂ ਰੁਪਏ ਦਾ ਨੁਕਸਾਨ
NEXT STORY