ਚੰਡੀਗੜ੍ਹ (ਰਾਏ) : ਦੀਵਾਲੀ ਮੌਕੇ ਦੁਕਾਨਦਾਰਾਂ ਨੂੰ ਤਾਂ ਅਸਥਾਈ ਸਟਾਲ ਲਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਪਰ ਇਸ ਸਾਲ ਤਿਉਹਾਰ ਦਾ ਸਾਮਾਨ ਵੇਚਣ ਵਾਲੇ ਵੈਂਡਰਾਂ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੋ ਸਕੀ। ਸੋਮਵਾਰ ਨੂੰ ਨਗਰ ਨਿਗਮ ਦਫ਼ਤਰ ਵੈਂਡਰਾਂ ਦੇ ਕੂਪਨ ਤਾਂ ਨਹੀਂ ਕੱਟੇ ਗਏ, ਉਨ੍ਹਾਂ ਨੂੰ ਸਿਰਫ ਭਰੋਸਾ ਦਿੱਤਾ ਗਿਆ। ਸੋਮਵਾਰ ਨੂੰ ਵੱਖ-ਵੱਖ ਸੈਕਟਰਾਂ ਤੋਂ ਰੇਹੜੀ-ਫੜ੍ਹੀ ਲਾਉਣ ਵਾਲੇ ਵੈਂਡਰਜ਼ ਸਟਾਲ ਲਾਏ ਜਾਣ ਦੀ ਮੰਗ ਨੂੰ ਲੈ ਕੇ ਨਿਗਮ ਪਹੁੰਚੇ। ਵੈਂਡਰਾਂ ਦੀ ਭੀੜ ਇੰਨੀ ਵਧ ਗਈ ਕਿ ਪੁਲਸ ਬੁਲਾਉਣੀ ਪਈ ਅਤੇ ਉਨ੍ਹਾਂ ਨੂੰ ਨਿਗਮ ਕੰਪਲੈਕਸ ਤੋਂ ਬਾਹਰ ਖਦੇੜਿਆ ਗਿਆ।
ਇਸ ਤੋਂ ਪਹਿਲਾਂ ਵੈਂਡਰਾਂ ਨੇ ਅਸਥਾਈ ਸਟਾਲ ਦੀ ਮਨਜ਼ੂਰੀ ਸਬੰਧੀ ਲੱਗੇ ਕੈਂਪ 'ਚ ਕੂਪਨ ਦੇਣ ਦੀ ਮੰਗ ਕੀਤੀ। ਉਨ੍ਹਾਂ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਗਿਆ ਕਿ ਸਿਰਫ ਦੁਕਾਨਦਾਰਾਂ ਨੂੰ ਹੀ ਅਸਥਾਈ ਸਟਾਲ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸਤੋਂ ਨਾਰਾਜ਼ ਵੈਂਡਰਾਂ ਨੇ ਮੇਅਰ ਰਾਜੇਸ਼ ਕੁਮਾਰ ਕਾਲੀਆ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ 'ਤੇ ਮੇਅਰ ਨੇ ਪਹਿਲਾਂ ਇਨਫੋਰਸਮੈਂਟ ਵਿੰਗ ਦੇ ਇੰਸਪੈਕਟਰ, ਓ. ਐੱਸ. ਡੀ. ਅਤੇ ਲਾਅ ਅਫਸਰ ਨਾਲ ਸਲਾਹ-ਮਸ਼ਵਰਾ ਕੀਤਾ। ਇਸਤੋਂ ਬਾਅਦ ਮੇਅਰ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਮਿਲਣ ਪਹੁੰਚੇ।
ਸੀਨੀਅਰ ਸਟੈਂਡਿੰਗ ਕਾਊਂਸਿਲ ਨੂੰ ਭੇਜੀ ਫਾਈਲ
ਸਲਾਹਾਕਾਰ ਨਾਲ ਮੁਲਾਕਾਤ ਤੋਂ ਬਾਅਦ ਨਿਗਮ ਪਰਤਣ 'ਤੇ ਮੇਅਰ ਨੇ ਵੈਂਡਰਾਂ ਨੂੰ ਭਰੋਸਾ ਦਿੱਤਾ ਕਿ ਸੈਕਟਰ-22 ਅਤੇ 17 ਨੂੰ ਛੱਡ ਕੇ ਦੀਵਾਲੀ ਦੇ ਤਿਉਹਾਰ ਤੱਕ ਤਿੰਨ ਦਿਨਾਂ ਲਈ ਆਪਣੀ ਜਗ੍ਹਾ 'ਤੇ ਬੈਠ ਸਕਦੇ ਹਨ। ਉਥੇ ਹੀ ਮੇਅਰ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਫਾਈਲ ਸੀਨੀਅਰ ਸਟੈਡਿੰਗ ਕਾਊਂਸਲ ਨੂੰ ਭੇਜ ਦਿੱਤੀ ਗਈ ਹੈ। ਮੇਅਰ ਅਨੁਸਾਰ ਉਨ੍ਹਾਂ ਨੇ ਸਲਾਹਕਾਰ ਦੇ ਸਾਹਮਣੇ ਇਹ ਗੱਲ ਰੱਖੀ, ਜਿਨ੍ਹਾਂ ਨੇ ਆਗਿਆ ਦਿੱਤੇ ਜਾਣ ਦਾ ਭਰੋਸਾ ਦਿੱਤਾ। ਯੂ. ਟੀ. ਸਕੱਤਰੇਤ 'ਚ ਮੇਅਰ ਦੀ ਮੁਲਾਕਾਤ ਨਿਗਮ ਕਮਿਸ਼ਨਰ ਨਾਲ ਵੀ ਹੋਈ।
ਨਿਗਮ ਨੂੰ ਹੋ ਰਿਹਾ ਮਾਲੀਆ ਦਾ ਨੁਕਸਾਨ
ਪਿਛਲੇ ਸਾਲ ਤੱਕ ਵੈਂਡਰ ਵੀ ਸਟਾਲ ਲਾਉਂਦੇ ਸਨ, ਜਿਸ ਨਾਲ ਨਿਗਮ ਨੂੰ ਮਾਲੀਆ ਪ੍ਰਾਪਤ ਹੁੰਦਾ ਸੀ। ਇਸ ਵਾਰ ਸਿਰਫ ਦੁਕਾਨਦਾਰਾਂ ਨੂੰ ਕੂਪਨ ਜਾਰੀ ਕਰ ਦਿੱਤੇ ਗਏ। ਪਿਛਲੇ ਦੋ ਦਿਨਾਂ ਤੱਕ ਕੱਟੇ ਗਏ ਕੂਪਨਾਂ ਤੋਂ ਨਿਗਮ ਨੂੰ ਦਸ ਲੱਖ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਥੇ ਹੀ ਇਸ ਵਾਰ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਨਿਗਮ ਕੋਈ ਜ਼ੋਖਮ ਲੈਣ ਦੇ ਮੂਡ 'ਚ ਨਹੀਂ ਸੀ। ਭਾਵੇਂ ਹੀ ਮੇਅਰ ਵੱਲੋਂ ਵੈਂਡਰਾਂ ਨੂੰ ਭਰੋਸਾ ਮਿਲ ਗਿਆ ਹੈ ਪਰ ਸਭ ਦੇ ਮਨਾਂ 'ਚ ਡਰ ਬਣਿਆ ਹੋਇਆ ਹੈ ਕਿ ਕਿਤੇ ਉਨ੍ਹਾਂ ਦਾ ਸਾਮਾਨ ਜ਼ਬਤ ਨਾ ਹੋ ਜਾਵੇ।
ਪਿਓ ਨੇ ਘਰ ਗਿਰਵੀ ਰੱਖ ਕੇ ਕੀਤਾ ਸੀ ਧੀ ਦਾ ਵਿਆਹ, ਪਤੀ ਨੇ ਕੀਤਾ ਅਜਿਹਾ ਕਾਰਾ
NEXT STORY