ਜਲੰਧਰ (ਵੈੱਬ ਡੈਸਕ) : ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕਾਂ 'ਚ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਸੂਹਾ ਦੀਆਂ ਸਮੂਹ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਲਾਕ ਟਾਂਡਾ ਦੇ ਪਿੰਡ ਮੂਨਕ ਕਲਾਂ ਸਮੇਤ 90 ਪਿੰਡਾਂ 'ਚ ਪੰਚਾਇਤੀ ਚੋਣਾਂ ਦੀ ਸ਼ੁਰੂਆਤ ਹੋ ਗਈ। ਸਵੇਰ ਦੇ ਸਮੇਂ ਹੀ ਵੋਟਾਂ ਲਈ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਵਿਆਂਗ ਲੋਕ ਵੀ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਲਈ ਪਹੁੰਚ ਰਹੇ ਹਨ। ਕਈ ਥਾਵਾਂ 'ਤੇ ਜਿੱਥੇ ਅਮਨ-ਅਮਾਨ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਹੈ, ਉੱਥੇ ਹੀ ਕਈ ਥਾਵਾਂ 'ਤੇ ਲੜਾਈ-ਝਗੜੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਤਰਨਤਾਰਨ 'ਚ ਗੋਲੀਆਂ ਵੀ ਚੱਲ ਗਈਆਂ।
ਜਾਣੋੋ ਕਿੱਥੇ ਕੀ ਹੋਇਆ
ਮੁੱਲਾਂਪੁਰ ਦਾਖਾ ਦੇ ਪਿੰਡ ਸੁਧਾਰ ਅਤੇ ਘੁਮਾਣ 'ਚ ਚੋਣ ਨਿਸ਼ਾਨ ਬਦਲੇ ਹੋਣ ਕਾਰਨ 2 ਘੰਟੇ ਰੁਕੀ ਰਹੀ ਵੋਟਿੰਗ
ਤਰਨਤਾਰਨ 'ਚ ਚੱਲੀਆਂ ਗੋਲੀਆਂ
ਤਰਨਤਾਰਨ 'ਚ ਵੋਟਾਂ ਪੈਣ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸੋਹਲ ਸੈਣ ਭਗਤ 'ਚ ਲਾਈਨਾ 'ਚ ਲੱਗਣ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਜਿਸ 'ਚ ਇਕ ਗੰਭੀਰ ਜ਼ਖ਼ਮੀ ਹੋ ਗਿਆ।
ਵਿਵਾਦਾਂ 'ਚ ਘਿਰੀ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ, ਰਾਤੋਂ-ਰਾਤ ਬਦਲਿਆ ਚੋਣ ਨਿਸ਼ਾਨ
ਸਰਪੰਚੀ ਦੇ ਉਮੀਦਵਾਰ ਕਮਲਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰੱਤੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦਾ ਚੋਣ ਨਿਸ਼ਾਨ ਰਾਤੋਂ-ਰਾਤ ਬਦਲ ਦਿੱਤਾ ਗਿਆ। ਉਕਤ ਉਮੀਦਵਾਰ ਨੂੰ ਮਿਤੀ 7 ਅਕਤੂਬਰ 2024 ਨੂੰ ਚੋਣ ਨਿਸ਼ਾਨ ਲੰਚ ਬਾਕਸ ਦਿੱਤਾ ਗਿਆ ਸੀ, ਜਦਕਿ ਚੋਣਾਂ ਤੋਂ ਮਹਿਜ਼ ਇਕ ਦਿਨ ਪਹਿਲਾਂ 14 ਅਕਤੂਬਰ 2024 ਨੂੰ ਰਾਤ 9 ਵਜੇ ਪਤਾ ਲੱਗਾ ਕਿ ਹੁਣ ਚੋਣ ਨਿਸ਼ਾਨ ਬਦਲ ਦਿੱਤਾ ਗਿਆ। ਜੋ ਹੁਣ ਲੰਚ ਬਾਕਸ ਦੀ ਬਜਾਏ ਟਰੈਕਟਰ ਕਰ ਦਿੱਤਾ ਗਿਆ ਹੈ। ਕਮਲਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬੀਤੀ ਰਾਤ ਹੀ ਮੇਲ ਰਾਹੀਂ ਸ਼ਿਕਾਇਤ ਭੇਜ ਦਿੱਤੀ ਹੈ।
ਪਿੰਡ ਭੱਗੂਪੁਰ ਬੇਟ ਵਿਖੇ ਰੁਕਿਆ ਵੋਟਿੰਗ ਦਾ ਕੰਮ
ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਰਿਟਰਨਿੰਗ ਅਫ਼ਸਰ ਨੂੰ ਲੈ ਕੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਵੋਟਾਂ ਸ਼ੁਰੂ ਨਹੀਂ ਹੋਣ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਿਟਰਨਿੰਗ ਅਫ਼ਸਰ ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਇਹ ਲੋਕ ਆਪਣੀ ਜਿੱਦ 'ਤੇ ਅੜੇ ਹੋਏ ਸਨ ਕਿ ਜਿੰਨਾ ਚਿਰ ਰਿਟਰਨਿੰਗ ਅਫ਼ਸਰ ਨੂੰ ਬਦਲਿਆ ਨਾ ਗਿਆ, ਉਨਾ ਚਿਰ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਅਤੇ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ
ਕੁੱਲ 1 ਕਰੋੜ, 33 ਲੱਖ ਵੋਟਰ ਪਾਉਣਗੇ ਵੋਟ
ਪੰਜਾਬ 'ਚ ਕੁੱਲ 13937 ਗ੍ਰਾਮ ਪੰਚਾਇਤਾਂ ਹਨ। ਇੱਥੇ ਕੁੱਲ 1 ਕਰੋੜ, 33 ਲੱਖ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਸਰਪੰਚ ਦੇ ਅਹੁਦਿਆਂ ਲਈ 52,825 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਦੋਂ ਕਿ ਪੰਚਾਂ ਲਈ 1,66,338 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪੰਜਾਬ ਭਰ ਦੇ ਪਿੰਡਾਂ 'ਚ 19110 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਲੋਕਾਂ 'ਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਚੋਣਾਂ ਲਈ ਕੁੱਲ 96 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ, ਜਦੋਂ ਕਿ ਇਸ ਤੋਂ ਬਾਅਦ ਨਤੀਜੇ ਜਾਰੀ ਕੀਤੇ ਜਾਣਗੇ। ਇਹ ਵੋਟਾਂ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ’ਚੋਂ ਕੋਈ ਇਕ ਦਸਤਾਵੇਜ਼ ਦਿਖਾ ਕੇ ਵੋਟਰ ਪਾ ਸਕਣਗੇ ਵੋਟ
ਪੰਜਾਬ ਦੇ ਲੋਕ ਪੋਲਿੰਗ ਕੇਂਦਰਾਂ 'ਤੇ ਪਛਾਣ ਪੱਤਰ ਵਜੋਂ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਜੌਬ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।
ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ
ਇਸ ਦੇ ਇਲਾਵਾ ਫੋਟੋ ਵਾਲੀ ਨਾਗਰਿਕ ਪਾਸਬੁੱਕ, ਸਿਹਤ ਬੀਮਾ ਕਾਰਡ, ਸੇਵਾ ਪਛਾਣ ਪੱਤਰ (ਫੋਟੋ ਸਮੇਤ) ਜੋ ਕੇਂਦਰ/ਸੂਬਾਈ ਸਰਕਾਰ/ਪੀ. ਐੱਸ. ਯੂ./ਸਮਾਰਟ ਕਾਰਡ (ਵੱਲੋਂ ਜਾਰੀ ਐੱਨ. ਪੀ. ਆਰ. ਤਹਿਤ ਆਰ. ਜੀ. ਆਈ), ਪੈਨਸ਼ਨ ਦਸਤਾਵੇਜ਼, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਐੱਮ. ਪੀ./ਐੱਮ. ਐੱਲ.ਏ. ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਪਛਾਣ-ਪੱਤਰ ਅਤੇ ਵਿਸ਼ੇਸ਼ ਦਿਵਿਆਂਗ ਆਈ. ਡੀ. ਕਾਰਡ (ਯੂ. ਡੀ. ਆਈ. ਡੀ. ਕਾਰਡ) ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਬੰਦ ਰਹਿਣਗੇ PU ਦੇ ਕਾਲਜ, ਦਫ਼ਤਰ ਤੇ ਅਦਾਰੇ
NEXT STORY