ਅਫ਼ਗਾਨਿਸਤਾਨ ਵਿੱਚ ਅਗਸਤ ਮਹੀਨੇ ਦੌਰਾਨ ਹਰ ਰੋਜ਼ ਔਰਤਾਂ ਤੇ ਬੱਚਿਆ ਸਣੇ ਐਵਰੇਜ਼ 74 ਮੌਤਾਂ ਹੋਈਆਂ ਹਨ। ਇਹ ਜਾਣਕਾਰੀ ਬੀਬੀਸੀ ਦੀ ਖ਼ਾਸ ਪੜਤਾਲ ਵਿਚ ਸਾਹਮਣੇ ਆਈ ਹੈ।
ਪੜਤਾਲ ਦੇ ਨਤੀਜੇ ਦੱਸਦੇ ਨੇ ਕਿ ਪੂਰੇ ਮੁਲਕ ਨੂੰ ਘਿਨਾਊਣੀ ਹਿੰਸਾ ਦਾ ਸਾਹਮਣਾ ਕਰਨਾ ਪੈ ਕਿਹਾ ਹੈ। ਜੰਗੀ ਹਾਲਾਤ ਨਾਲ ਜੂਝ ਰਹੇ ਅਫ਼ਗਾਨਿਸਤਾਨ ਵਿਚੋਂ 18 ਸਾਲ ਬਾਅਦ ਅਮਰੀਕਾ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਦੁਬਿਧਾ ਵਿਚ ਹੈ।
ਬੀਬੀਸੀ ਦੀ ਪੜ੍ਹਤਾਲ ਤੋਂ ਅਗਸਤ ਮਹੀਨੇ ਦੌਰਾਨ 611 ਹਿੰਸਕ ਵਾਰਦਾਤਾਂ ਵਿਚ 2307 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੁੰਦੀ ਹੈ। ਇਨ੍ਹਾਂ ਮਾਮਲਿਆਂ ਵਿੱਚ 1,948 ਲੋਕ ਜ਼ਖਮੀ ਹੋਏ ਹਨ।
ਹਾਲਾਂਕਿ ਇਹ ਸਿਰਫ਼ ਅੰਕੜੇ ਹਨ ਪਰ ਹਾਲ ਹੀ ਵਿੱਚ ਇਕੱਠੇ ਕੀਤੇ ਗਏ ਡਾਟਾ ਤੋਂ ਪਤਾ ਲਗਦਾ ਹੈ ਕਿ ਹਾਲ ਵਿੱਚ ਜ਼ਿਆਦਾਤਰ ਮੌਤਾਂ ਆਮ ਨਾਗਰਿਕਾਂ ਅਤੇ ਤਾਲਿਬਾਨ ਲੜਾਕਿਆਂ ਦੀਆਂ ਹੋਈਆਂ ਹਨ।
ਅਫ਼ਗਾਨਿਸਤਾਨ ਦੀਆਂ ਮੌਤਾਂ ਦੀ ਗਿਣਤੀ ਉਮੀਦ ਨਾਲੋਂ ਕਿਤੇ ਵੱਧ ਹੈ
ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਦੋਵਾਂ ਨੇ ਬੀਬੀਸੀ ਵੱਲੋਂ ਦੱਸੇ ਗਏ ਮ੍ਰਿਤਕਾਂ ਦੇ ਅੰਕੜਿਆਂ ਦੀ ਪ੍ਰਮਾਣਕਿਤਾ ਉੱਤੇ ਸਵਾਲ ਚੁੱਕੇ ਹਨ।ਤਾਲਿਬਾਨ ਅਤੇ ਅਫ਼ਗਾਨ ਰੱਖਿਆ ਮੰਤਰਾਲੇ ਦੇ ਅੰਕੜੇ ਬੀਬੀਸੀ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦੇ।
ਇਹ ਵੀ ਪੜ੍ਹੋ:
ਤਾਲਿਬਾਨ ਦਾ ਦਾਅਵਾ ਹੈ ਕਿ ਤਾਲਿਬਾਨ ਲੜਾਕਿਆਂ ਦੀਆਂ ਮੌਤਾਂ ਦਾ ਇਹ ਅੰਕੜਾ ਅਫ਼ਗਾਨਿਸਤਾਨ ਸਰਕਾਰ ਦੇ 'ਰੋਜ਼ਾਨਾ ਏਜੰਡੇ' ਦੇ ਪ੍ਰਾਪੇਗੰਡੇ ਤਹਿਤ ਇਲਜ਼ਾਮ ਹੈ।
ਇਹ ਅਫ਼ਗਨਾਸਿਤਾਨ ਵਿੱਚ ਹਾਲਾਤ ਦੀ ਸਿਰਫ਼ ਇੱਕ ਤਸਵੀਰ ਹੈ। ਅਮਰੀਕਾ ਲਈ ਅਫ਼ਗਾਨਿਸਤਾਨ ਤੋਂ ਆਪਣੀ ਫ਼ੌਜ ਨੂੰ ਬਾਹਰ ਕੱਢਣਾ ਉਸ ਦੀ ਵਿਦੇਸ਼ ਨੀਤੀ ਦਾ ਹਿੱਸਾ ਰਿਹਾ ਹੈ।
ਤਕਰੀਬਨ ਹਫ਼ਤਾ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਸ਼ਾਂਤੀ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਅੱਗੇ ਵੀ ਗੱਲਬਾਤ ਦੀ ਗੁੰਜਾਇਸ਼ ਖ਼ਤਮ ਨਹੀਂ ਹੋਈ ਹੈ।
ਪਰ ਇਸ ਦੌਰਾਨ ਰਸਮੀ ਤੌਰ 'ਤੇ ਜੰਗਬੰਦੀ ਨਾ ਹੋਣ ਕਾਰਨ ਅਫ਼ਗਾਨਿਸਤਾਨ ਵਿੱਚ ਹਰ ਹਫ਼ਤੇ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਇਸੇ ਮਹੀਨੇ ਦੇ ਅਖ਼ੀਰ ਵਿੱਚ ਅਫ਼ਗਾਨਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਇਹ ਹਿੰਸਾ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਅਫ਼ਗਾਨਿਸਤਾਨ ਵਿੱਚ ਹਿੰਸਾ ਦੇ ਸਬੰਧ ਵਿੱਚ ਬੀਬੀਸੀ ਨੇ ਕਿਵੇਂ ਅੰਕੜੇ ਇਕੱਠੇ ਕੀਤੇ ਹਨ, ਜਾਣਨ ਲਈ ਰਿਪੋਰਟ ਦੇ ਅਖੀਰ ਵਿੱਚ ਜਾਓ।
ਮਹੀਨੇ ਭਰ ਤੱਕ ਲਗਾਤਾਰ ਹਿੰਸਾ
ਇਕੱਠੇ ਕੀਤੇ ਗਏ ਅੰਕੜਿਆਂ ਤੋਂ ਬੀਬੀਸੀ ਨੂੰ ਪਤਾ ਲੱਗਿਆ ਕਿ ਅਗਸਤ ਮਹੀਨੇ ਵਿੱਚ ਹਰ ਦਿਨ ਅਫ਼ਗਾਨਿਸਤਾਨ ਵਿੱਚ ਤਕਰੀਬਨ 74 ਲੋਕਾਂ ਦੀ ਮੌਤ ਹਿੰਸਕ ਘਟਨਾਵਾਂ ਵਿੱਚ ਹੋਈ ਹੈ।
ਈਦ-ਉਲ-ਅਜਹਾ ਦੇ ਤਿਓਹਾਰ ਦੌਰਾਨ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਦੇ ਤਿੰਨ ਦਿਨਾਂ ਤੱਕ ਗੈਰ-ਰਸਮੀ ਤੌਰ 'ਤੇ ਜੰਗਬੰਦੀ ਦਾ ਪਾਲਣ ਕੀਤਾ।
ਪਰ ਬੀਬੀਸੀ ਦੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਤਿਓਹਾਰ ਦੇ ਦਿਨਾਂ ਵਿੱਚ 10 ਅਗਸਤ ਦੀ ਸ਼ਾਮ ਤੋਂ ਲੈ ਕੇ 13 ਅਗਸਤ ਦੀ ਸ਼ਾਮ ਤੱਕ 90 ਲੋਕਾਂ ਦੀ ਮੌਤ ਹੋਈ।
ਜਿਸ ਇੱਕ ਦਿਨ ਵਿੱਚ ਸਭ ਤੋਂ ਵੱਧ ਲੋਕ ਜ਼ਖਮੀ ਹੋਏ ਸਨ ਉਹ 27 ਅਗਸਤ ਦੀ ਤਰੀਕ ਸੀ, ਜਦੋਂ ਇੱਕ ਹਵਾਈ ਹਮਲੇ ਵਿੱਚ 162 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਫ਼ਗਾਨਿਸਤਾਨ ਲੜਾਕੇ ਸਨ।
ਕਾਬੁਲ ਵਿੱਚ ਇੱਕ ਵਿਆਹ ਸਮਾਗਮ ਵਿੱਚ ਧਮਾਕੇ ਕਾਰਨ 92 ਲੋਕਾਂ ਦੀ ਮੌਤ ਹੋ ਗਈ ਸੀ ਤੇ 142 ਲੋਕ ਜ਼ਖਮੀ ਹੋਏ ਸਨ
ਆਮ ਨਾਗਰਿਕਾਂ 'ਤੇ ਸਭ ਤੋਂ ਖ਼ਤਰਨਾਕ ਹਮਲਾ 18 ਅਗਸਤ ਨੂੰ ਹੋਇਆ ਸੀ। ਇਨ੍ਹਾਂ ਹਮਲਿਆਂ ਵਿੱਚ 112 ਲੋਕਾਂ ਦੀਆਂ ਜਾਨਾਂ ਗਈਆਂ ਸਨ।
ਇਨ੍ਹਾਂ ਵਿੱਚੋਂ ਇੱਕ ਆਤਮਘਾਤੀ ਹਮਲੇ ਵਿੱਚ ਸਭ ਤੋਂ ਵੱਧ 92 ਲੋਕਾਂ ਦੀ ਮੌਤ ਹੋਈ ਸੀ, ਜਦੋਂ ਉਹ ਕਾਬੁਲ ਵਿੱਚ ਹੋ ਰਹੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ। ਇਸ ਹਮਲੇ ਵਿੱਚ 142 ਲੋਕ ਜ਼ਖਮੀ ਹੋਏ ਸਨ।
ਇਸ ਵਿਆਹ ਵਿੱਚ ਲਾੜਾ ਬਣਨ ਵਾਲੇ ਮੀਰਵਾਇਜ਼ ਪੇਸ਼ੇ ਵਜੋਂ ਟੇਲਰ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਬਿਹਤਰ ਦਿਨ ਹੋਣ ਵਾਲਾ ਸੀ ਅਤੇ ਇਸ ਲਈ ਉਨ੍ਹਾਂ ਨੇ ਪਹਿਲਾਂ ਤੋਂ ਹੀ ਪੈਸੇ ਜੋੜੇ ਸਨ।
ਇਹ ਵੀ ਪੜ੍ਹੋ:
ਪਰ ਇਸ ਆਤਮਘਾਤੀ ਹਮਲੇ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਮਾਰੇ ਗਏ ਸਨ। ਉਨ੍ਹਾਂ ਦੀ ਪਤਨੀ ਦੇ ਭਰਾ ਅਤੇ ਕਈ ਰਿਸ਼ਤੇ ਵਿੱਚ ਭਰਾ ਹਮਲੇ ਵਿੱਚ ਮਾਰੇ ਗਏ।
ਮੀਰਵਾਇਜ਼ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਹੁਣ ਆਪਣੇ ਵਿਆਹ ਦੇ ਕੱਪੜੇ ਅਤੇ ਵਿਆਹ ਦੇ ਕੱਪੜੇ ਅਤੇ ਵਿਆਹ ਦੀ ਐਲਬਮ ਸਾੜ ਦੇਣਾ ਚਾਹੁੰਦੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇੱਕ ਹੀ ਝਟਕੇ ਵਿੱਚ ਮੇਰੀਆਂ ਸਾਰੀਆਂ ਉਮੀਦਾਂ ਤੇ ਸਾਰੀਆਂ ਖੁਸ਼ੀਆਂ ਖ਼ਤਮ ਹੋ ਗਈਆਂ।"
ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਇਸਲਾਮਿਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਸੀ।
ਹਿੰਸਾ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕੌਣ?
ਸਾਲ 2001 ਤੋਂ ਬਾਅਦ ਤਾਲਿਬਾਨ ਕਦੇ ਵੀ ਜ਼ਿਆਦਾ ਤਾਕਤਵਰ ਨਹੀਂ ਰਿਹਾ ਪਰ ਬੀਬੀਸੀ ਦੇ ਅੰਕੜਿਆਂ ਮੁਤਾਬਕ ਅਗਸਤ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਤਕਰੀਬਨ 50 ਫੀਸਦ ਮੌਤਾਂ ਲਈ ਤਾਲਿਬਾਨ ਦੇ ਲੜਾਕੇ ਜ਼ਿੰਮੇਵਾਰ ਹਨ।
ਇਹ ਅੰਕੜਾ ਖੁਦ ਵਿੱਚ ਕਾਫ਼ੀ ਵੱਡਾ ਹੈ ਅਤੇ ਹੈਰਾਨ ਕਰਨ ਵਾਲਾ ਵੀ।
ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਉਣ ਦੇ ਪਿੱਛੇ ਕਈ ਕਾਰਕ ਹੋ ਸਕਦੇ ਹਨ। ਜਿਸ ਵਿੱਚ ਇਹ ਵੀ ਸ਼ਾਮਿਲ ਹੈ ਕਿ ਸ਼ਾਂਤੀ ਵਾਰਤਾ ਦੇ ਦੌਰਾਨ ਤਾਲਿਬਾਨ ਹਮਲਾਵਰ ਰਿਹਾ ਅਤੇ ਇਸ ਦੇ ਜਵਾਬ ਵਿੱਚ ਅਮਰੀਕੀ ਅਗਵਾਈ ਵਾਲੀ ਫ਼ੌਜ ਨੇ ਹਵਾਈ ਹਮਲੇ ਅਤੇ ਰਾਤ ਨੂੰ ਛਾਪੇਮਾਰੀ ਵਧਾਈ ਹੈ। ਇਸ ਕਾਰਨ ਕਈ ਤਾਲਿਬਾਨ ਲੜਾਕਿਆਂ ਤੇ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਹੁਣ ਤੱਕ ਇਸ ਗੱਲ ਦੀ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਹਾਲ ਦੇ ਸਾਲਾਂ ਵਿੱਚ ਤਾਲਿਬਾਨ ਦੇ ਕਿੰਨੇ ਲੜਾਕੇ ਮਾਰੇ ਗਏ ਹਨ। ਮੰਨਿਆ ਜਾਂਦਾ ਹੈ ਕਿ ਤਾਲਿਬਾਨ ਕੋਲ ਹਾਲੇ ਵੀ ਤਕਰਬੀਨ 30,000 ਹਥਿਆਰਬੰਦ ਲੜਾਕੇ ਹੋ ਸਕਦੇ ਹਨ।
ਇੱਕ ਬਿਆਨ ਵਿੱਚ ਤਾਲਿਬਾਨ ਨੇ ਕਿਹਾ ਕਿ ਉਹ ਪਿਛਲੇ ਮਹੀਨੇ 1000 ਲੜਾਕਿਆਂ ਦੇ ਮਾਰੇ ਜਾਣ ਦੇ 'ਆਧਾਰਹੀਨ ਦਾਅਵੇ' ਦਾ ਮਜ਼ਬੂਤੀ ਨਾਲ ਵਿਰੋਧ ਕਰਦੇ ਹਨ। ਉਨ੍ਹਾਂ ਕਿਹ ਕਿ ਇਸ ਦਾ ਕਈ ਸਬੂਤ ਨਹੀਂ ਹੈ ਜੋ ਸਾਬਿਤ ਕਰ ਸਕੇ ਕਿ 'ਇੰਨੇ ਵੱਡੇ ਪੱਧਰ 'ਤੇ ਮੌਤਾਂ' ਹੋਈਆਂ।
ਉਨ੍ਹਾਂ ਨੇ ਬੀਬੀਸੀ ਦੀ ਰਿਪੋਰਟ ਨੂੰ ਕਾਬੁਲ ਪ੍ਰਸ਼ਾਸਨ ਦੇ ਅੰਦਰੂਨੀ ਤੇ ਰੱਖਿਆ ਮੰਤਰਾਲੇ ਦੇ ਰੋਜ਼ਾਨਾ ਏਜੰਡੇ ਦਾ ਹਿੱਸਾ ਕਰਾਰ ਦਿੱਤਾ।
ਅਫ਼ਗਾਨ ਸੁਰੱਖਿਆ ਮੁਲਾਜ਼ਮਾਂ ਦੇ ਕਿੰਨੇ ਫੌਜੀ ਹਿੰਸਾ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਇਹ ਅੰਕੜੇ ਟੌਪ ਸੀਕਰੇਟ ਹਨ। ਇਸ ਕਾਰਨ ਬੀਬੀਸੀ ਵਲੋਂ ਇਕੱਠੇ ਕੀਤੇ ਗਏ ਅੰਕੜੇ ਅਸਲ ਅੰਕੜਿਆਂ ਤੋਂ ਘੱਟ ਹੋ ਸਕਦੇ ਹਨ।
ਇਸੇ ਸਾਲ ਜਨਵਰੀ ਵਿੱਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਸੀ ਕਿ 2014 ਤੋਂ ਬਾਅਦ ਹੁਣ ਤੱਕ ਸੁਰੱਖਿਆ ਕਰਮੀਆਂ ਦੇ 45,000 ਮੈਂਬਰ ਮਾਰੇ ਗਏ ਹਨ।
ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਰਿਸਰਚ ਦਾ 'ਗੰਭੀਰ ਰਿਵਿਊ ਤੇ ਜ਼ਮੀਨੀ ਹਕੀਕਤ 'ਤੇ ਆਧਾਰਿਤ ਹੋਰ ਗੰਭੀਰ ਰਿਸਰਚ ਦੀ ਲੋੜ ਹੈ।'
ਬੀਬੀਸੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਗਸਤ ਵਿੱਚ 473 ਆਮ ਨਾਗਰਿਕ ਮਾਰੇ ਗਏ ਅਤੇ ਕੁੱਲ 786 ਆਮ ਨਾਗਰਿਕ ਜ਼ਖਮੀ ਹੋਏ ਹਨ।
ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ (ਯੂਐਨਏਏਏਐਮਏ) ਲਈ ਮਨੁੱਖੀ ਅਧਿਕਾਰ ਦੇ ਮੁਖੀ ਫਿਓਨਾ ਫ੍ਰੇਜ਼ਰ ਦਾ ਕਹਿਣਾ ਹੈ, "ਇਸ ਸੰਘਰਸ਼ ਦਾ ਆਮ ਨਾਗਰਿਕਾਂ 'ਤੇ ਮਾੜਾ ਅਸਰ ਪਿਆ ਹੈ।"
"ਯੂਐਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੁਨੀਆਂ ਵਿੱਚ ਕਿਸੇ ਹੋਰ ਥਾਂ ਦੇ ਮੁਕਾਬਲੇ ਅਫ਼ਗਾਨਿਸਤਾਨ ਵਿੱਚ ਸਸ਼ਤਰ ਸੰਘਰਸ਼ ਕਾਰਨ ਜ਼ਿਆਦਾਤਰ ਆਮ ਨਾਗਰਿਕਾਂ ਦੀ ਮੌਤ ਜਾਂ ਜ਼ਖਮੀ ਹੋਏ ਹਨ।"
"ਹਾਲਾਂਕਿ ਨਾਗਰਿਕਾਂ ਦੇ ਘਾਣ ਹੋਣ ਨਾਲ ਜੁੜੇ ਅੰਕੜੇ ਵੱਡੀ ਗਿਣਤੀ ਵਿੱਚ ਹਨ ਪਰ ਅੰਕੜਿਆਂ ਦੀ ਪੁਸ਼ਟੀ ਦੀ ਸਖ਼ਤ ਪ੍ਰਕਿਰਿਆ ਕਾਰਨ ਛਪੇ ਅੰਕੜੇ ਪੱਕੇ ਤੌਰ 'ਤੇ ਸਹੀ ਤਸਵੀਰ ਨਹੀਂ ਦਿਖਾਉਂਦੇ ਹਨ।"
ਅਮਰੀਕਾ ਅਤੇ ਅਫ਼ਗਾਨ ਫੌਜ ਪੱਕੇ ਤੌਰ 'ਤੇ ਆਮ ਨਾਗਰਿਕ ਦੇ ਘਾਣ ਦੇ ਅੰਕੜਿਆਂ ਨੂੰ ਜਾਂ ਤਾਂ ਖਾਰਿਜ ਕਰਦੇ ਰਹੇ ਹਨ ਜਾਂ ਇਨ੍ਹਾਂ ਦੀ ਗਿਣਤੀ ਨਹੀਂ ਦੱਸਦੇ।
ਕਿਵੇਂ ਹੁੰਦੀ ਹੈ ਸੰਘਰਸ਼ ਦੀ ਤਸਵੀਰ?
ਦੇਸ ਦੇ ਉੱਤਰੀ ਸ਼ਹਿਰ ਕੁੰਦੂਜ਼ ਦੀ ਲੜਾਈ ਅਤੇ ਕਾਬੁਲ ਵਿੱਚ ਵਿਆਹ ਸਮਾਗਮ ਵਿੱਚ ਆਤਮਘਾਤੀ ਹਮਲੇ ਵਰਗੀ ਹਿੰਸਾ ਦੀ ਵੱਡੀਆਂ ਘਟਨਾਵਾਂ ਕੌਮਾਂਤਰੀ ਸੁਰੱਖਿਆ ਬਣੀ।
ਪਰ ਅਫ਼ਗਾਨਿਸਤਾਨ ਵਿੱਚ ਆਮ ਤੌਰ 'ਤੇ ਅਫ਼ਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਵਿੱਚ ਲੜਾਈ ਜਾਂ ਮੁਠਭੇੜ ਵਰਗੀਆਂ ਲਗਾਤਾਰ ਛੋਟੀਆਂ-ਮੋਟੀਆਂ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਅਫ਼ਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਸਿਰਫ਼ ਤਿੰਨ ਹੀ ਸੂਬਿਆਂ ਵਿੱਚ ਬੀਬੀਸੀ ਅਗਸਤ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਦੀ ਪੁਸ਼ਟੀ ਕਰਨ ਵਿੱਚ ਅਸਮਰਥ ਰਿਹਾ ਹੈ।
ਅਫ਼ਗਾਨਿਸਤਾਨ ਵਿੱਚ ਹੋਣ ਵਾਲੀਆਂ ਹਰ ਦੱਸ ਮੌਤਾਂ ਵਿੱਚੋਂ ਇੱਕ ਮੌਤ ਤਾਲਿਬਾਨ ਦੇ ਕਾਬੂ ਹੇਠ ਮੌਜੂਦ ਤੁਲਨਾ ਵਿੱਚ ਸ਼ਾਂਤ ਗਜ਼ਨੀ ਸੂਬੇ ਵਿੱਚ ਹੋਈ। ਇਸ ਕਾਰਨ ਅਫ਼ਗਾਨ ਫੌਜੀ ਮੁਹਿੰਮਾਂ ਦਾ ਮੁੱਖ ਟੀਚਾ ਰਿਹਾ ਹੈ।
ਗਜ਼ਨੀ ਵਿੱਚ ਹੋਣ ਵਾਲੇ 66 ਹਮਲਿਆਂ ਵਿੱਚੋਂ ਇੱਕ ਤਿਹਾਈ ਸ਼ੱਕੀ ਤਾਲਿਬਾਨ ਠਿਕਾਣਿਆਂ 'ਤੇ ਹਵਾਈ ਹਮਲੇ ਸਨ।
ਅਫ਼ਗਾਨਿਸਤਾਨ ਦੇ ਲੋਕ ਮੰਨਦੇ ਹਨ ਕਿ ਉਹ ਸਭ ਤੋਂ ਵੱਧ ਅਨਿਸ਼ਚਿਤਤਾ ਦੇ ਦੌਰ ਵਿੱਚ ਰਹਿੰਦੇ ਹਨ।
ਕੰਧਾਰ ਦੇ ਮੁੱਖ ਹਸਪਤਾਲ ਵਿੱਚ ਬੀਬੀਸੀ ਦੀ ਮੁਲਾਕਾਤ ਉਰੁਜ਼ਗਾਨ ਸੂਬੇ ਦੇ ਮੋਹਿਬੁੱਲਾਹ ਨਾਲ ਹੋਈ। ਉਨ੍ਹਾਂ ਦੇ ਭਰਾ ਦੇ ਮੋਢਿਆਂ ਤੋਂ ਡਾਕਟਰਾਂ ਨੇ ਇੱਕ ਗੋਲੀ ਕੱਢੀ ਸੀ।
ਮੋਹਿਬੁੱਲਾਹ ਗੁੱਸੇ ਵਿੱਚ ਹਨ। ਉਹ ਦੱਸਦੇ ਹਨ, "ਜਦੋਂ ਵੀ ਸਾਡੇ ਇਲਾਕੇ ਵਿੱਚ ਕੋਈ ਅਭਿਆਨ ਹੁੰਦਾ ਹੈ ਤਾਂ ਆਮ ਨਾਗਰਿਕ ਕਿਤੇ ਆ-ਜਾ ਨਹੀਂ ਸਕਦੇ। ਜੇ ਉਹ ਕਿਸੇ ਕਾਰਨ ਅਜਿਹਾ ਕਰਦੇ ਹਨ ਤਾਂ ਅਮਰੀਕੀ ਜਾਂ ਅਫ਼ਗਾਨ ਫ਼ੌਜੀ ਉਨ੍ਹਾਂ ਨੂੰ ਗੋਲੀ ਮਾਰ ਦਿੰਦੇ ਹਨ।"
"ਉਹ ਜਿੱਥੇ ਚਾਹੁਣ ਉੱਥੇ ਬੰਬ ਸੁੱਟ ਦਿੰਦੇ ਹਨ। ਸਾਡੇ ਨੇੜੇ-ਤੇੜੇ ਦੇ ਸਾਰੇ ਘਰ ਨਸ਼ਟ ਹੋ ਚੁੱਕੇ ਹਨ।"
ਕੀ ਦੁਨੀਆਂ ਵਿੱਚ ਸਭ ਤੋਂ ਹਿੰਸਕ ਸੰਘਰਸ਼ ਹੈ?
ਅਫ਼ਗਾਨਿਸਤਾਨ ਵਿੱਚ ਚੱਲ ਰਹੀ ਜੰਗ ਨੂੰ ਹੁਣ ਚਾਰ ਦਹਾਕੇ ਹੋ ਗਏ ਹਨ ਅਤੇ ਉੱਥੇ ਕਈ ਸਾਲਾਂ ਤੋਂ ਗਤੀਰੋਧ ਬਣਿਆ ਹੋਇਆ ਹੈ।
ਬੀਤੇ ਸਾਲ ਦੇ ਅਖ਼ੀਰ ਵਿੱਚ ਆਰਮਡ ਨਾਕਫਲਿਕਟਸ ਲੋਕੇਸ਼ਨ ਐਂਡ ਇਵੈਂਟ ਡਾਟਾ ਪ੍ਰੋਜੈਕਟ (ਏਸੀਐਲਈਡੀ) ਅਫ਼ਗਾਨਿਸਤਾਨ ਵਿੱਚ ਜੰਗ ਕਾਰਨ ਹੋਣ ਵਾਲੀਆਂ ਮੌਤਾਂ ਦੇ ਸੰਦਰਭ ਵਿੱਚ ਇਸ ਦੇ ਦੁਨੀਆਂ ਵਿੱਚ ਸਭ ਤੋਂ ਹਿੰਸਕ ਸੰਘਰਸ਼ ਦੱਸਿਆ ਸੀ।
ਸਾਲ 2019 ਦੇ ਏਸੀਐਲਈਡੀ ਦੇ ਘਾਣ ਸਬੰਧੀ ਅੰਕੜਿਆਂ ਮੁਤਾਬਕ ਅਫ਼ਗਾਨਿਸਤਾਨ ਹਾਲੇ ਵੀ ਹਿੰਸਕ ਸੰਘਰਸ਼ ਦਾ ਗੜ੍ਹ ਬਣਿਆ ਹੋਇਆ ਹੈ।
ਇਨ੍ਹਾਂ ਅੰਕੜਿਆਂ ਮੁਤਾਬਕ ਅਫ਼ਗਾਨਿਸਾਨ ਵਿੱਚ ਅਗਸਤ ਦੇ ਮਹੀਨੇ ਵਿੱਚ ਸੀਰੀਆ ਜਾਂ ਯਮਨ ਦੀ ਤੁਲਨਾ ਵਿੱਚ ਤਿੰਨ ਗੁਣਾ ਵੱਧ ਮੌਤਾਂ ਹੋਈਆਂ ਹਨ।
ਉੱਥੇ ਹੀ ਜੂਨ, 2019 ਵਿੱਚ ਗਲੋਬਲ ਪੀਸ ਇੰਡੈਕਸ ਰਿਪੋਰਟ ਨੇ ਅਫ਼ਗਾਨਿਸਤਾਨ ਨੂੰ ਦੁਨੀਆਂ ਵਿੱਚ ਸਭ ਤੋਂ ਘੱਟ ਸ਼ਾਂਤੀ ਵਾਲੀ ਥਾਂ ਦਾ ਨਾਮ ਦਿੱਤਾ ਸੀ।
ਬੀਬੀਸੀ ਨੇ ਕਿਵੇਂ ਇਕੱਠਾ ਕੀਤਾ ਡਾਟਾ
ਸਾਲ 2019 ਵਿੱਚ ਇੱਕ ਅਗਸਤ ਤੋਂ ਲੈ ਕੇ 31 ਅਗਸਤ ਵਿਚਾਲੇ ਬੀਬੀਸੀ ਨੇ ਅਫ਼ਗਾਨਿਸਤਾਨ ਵਿੱਚ ਹੋਣ ਵਾਲੀਆਂ 1200 ਤੋਂ ਵੱਧ ਹਿੰਸਕ ਘਟਨਾਵਾਂ ਦੀ ਸੂਚੀ ਤਿਆਰ ਕੀਤੀ।
ਇਸ ਤੋਂ ਬਾਅਦ ਬੀਬੀਸੀ ਅਫ਼ਗਾਨ ਸੇਵਾ ਨਾਲ ਜੁੜੇ ਪੱਤਰਕਾਰਾਂ ਨੇ ਹਰ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਗਈਆਂ ਘਟਨਾਵਾਂ ਦਾ ਪਤਾ ਲਾਇਆ- ਭਲੇ ਹੀ ਉਹ ਵੱਡੀ ਕੌਮਾਂਤਰੀ ਸੁਰਖੀਆਂ ਬਣਨ ਵਾਲੀ ਖ਼ਬਰ ਹੋਵੇ ਜਾਂ ਫਿਰ ਹਿੰਸਾ ਦੀ ਛੋਟੀ-ਮੋਟੀ ਘਟਨਾ।
ਬੀਬੀਸੀ ਨੇ ਹਰ ਖ਼ਬਰ ਦੀ ਪੁਸ਼ਟੀ ਕਰਕੇ ਉਸ ਦੀ ਪੜਤਾਲ ਕਰਨ ਦੇ ਸਰਕਾਰੀ ਅਧਿਕਾਰੀਆਂ, ਸਿਹਤ ਵਰਕਰਾਂ, ਕਬੀਲੇ ਦੇ ਬੁਜ਼ਰਗਾਂ, ਸਥਾਨਕ ਨਿਵਾਸੀਆਂ, ਚਸ਼ਮਦੀਦਾਂ, ਹਸਪਤਾਲ ਦੇ ਦਸਤਾਵੇਜ਼ ਅਤੇ ਤਾਲਿਬਾਨ ਨਾਲ ਜੁੜੇ ਸਰੋਤਾਂ ਸਣੇ ਅਫ਼ਗਾਨਿਸਤਾਨ ਵਿੱਚ ਮੌਜੂਦ ਆਪਣੇ ਕਈ ਸਰੋਤਾਂ ਨਾਲ ਸੰਪਰਕ ਕੀਤਾ ਅਤੇ ਇਸ ਲਈ ਆਪਣੀ ਗਰਾਉਂਡ ਟੀਮ ਦੀ ਵਰਤੋਂ ਕੀਤੀ।
ਹਰ ਘਟਨਾ ਦੀ ਪੁਸ਼ਟੀ ਲਈ ਬੀਬੀਸੀ ਨੂੰ ਘੱਠੋ-ਘੱਟ ਦੋ ਭਰੇਸੋਯੋਗ ਸਰੋਤਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ:
ਹਿੰਸਾ ਦੀਆਂ ਘਟਨਾਵਾਂ ਦੀ ਪੁਸ਼ਟੀ ਕਰਨ ਦੌਰਾਨ ਘਾਣ ਦੀ ਗਿਣਤੀ ਨਾਲ ਜੁੜੇ ਜਿਸ ਸਭ ਤੋਂ ਘੱਟ ਅੰਕੜੇ ਦੀ ਪੁਸ਼ਟੀ ਦੋ ਸਰੋਤਾਂ ਨੇ ਕੀਤੀ ਉਸ ਨੂੰ ਦਸਤਾਵੇਜ਼ ਵਿੱਚ ਰਿਕਾਰਡ ਕੀਤਾ ਗਿਆ।
ਜਿਹੜੇ ਮਾਮਲਿਆਂ ਵਿੱਚ ਘਾਣ ਦੀ ਗਿਣਤੀ ਇੱਕ ਹੱਦਬੰਦੀ ਵਿੱਚ ਦਿੱਤੀ ਗਈ ਤਾਂ (ਜਿਵੇਂ 10 ਤੋਂ 12) ਉਨ੍ਹਾਂ ਵਿੱਚ ਘੱਟੋ-ਘੱਟ ਗਿਣਤੀ ਨੂੰ ਹੀ ਸਭ ਤੋਂ ਭਰੋਸੇ ਵਾਲਾ ਮੰਨਿਆ ਗਿਆ।
ਵੱਖ-ਵੱਖ ਸਰੋਤਾਂ ਤੋਂ ਮਿਲਣ ਵਾਲੇ ਅੰਕੜਿਆਂ ਵਿੱਚ ਫ਼ਰਕ ਦਿਖਿਆ ਤਾਂ ਅਜਿਹੇ ਮਾਮਲਿਆਂ ਵਿੱਚ ਨੁਕਸਾਨ ਹੋਣ ਦੀ ਸਭ ਤੋਂ ਘੱਟ ਗਿਣਤੀ ਨੂੰ ਹੀ ਭਰੋਸੇ ਵਾਲਾ ਮੰਨਿਆ ਹੈ।
ਇਸ ਕਾਰਨ ਹਿੰਸਾ ਦੇ ਸੈਂਕੜੇ ਮਾਮਲਿਆਂ ਨੂੰ ਅੰਕੜਿਆਂ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਜਾ ਸਕਿਆ ਅਤੇ ਇਸ ਕਾਰਨ ਮਨੁੱਖੀ ਘਾਣ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=AOgfNwVRvAs
https://www.youtube.com/watch?v=BHsmEpkqbO0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪਾਕਿਸਤਾਨੀ ਹਿੰਦੂ ਵਿਦਿਆਰਥਣ ਦੀ ਮੌਤ ''ਤੇ ਗੁੱਸਾ, ਲੋਕਾਂ ਨੇ ਟਵੀਟ ''ਚ ਲਿਖਿਆ, ''ਇਮਰਾਨ ਖ਼ਾਨ ਇਸ ਕੁੜੀ...
NEXT STORY