ਸ਼ਰਜੀਲ ਇਮਾਮ
ਦਿੱਲੀ ਦੀ ਸਾਕੇਤ ਅਦਾਲਤ ਨੇ ਕੇਂਦਰੀ ਯੂਨੀਵਰਸਿਟੀ ਜਾਮੀਆ ਮਿਲਿਆ ਇਸਲਾਮੀਆ ਨੇੜੇ ਹੋਈ ਹਿੰਸਾ ਦੇ ਮਾਮਲੇ ਵਿੱਚ ਜੇਐੱਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਅਤੇ ਦਸ ਹੋਰ ਲੋਕਾਂ ਨੂੰ ਦੋਸ਼ ਮੁਕਤ ਕੀਤਾ ਹੈ।
ਅਦਾਲਤ ਨੇ ਕਿਹਾ ਕਿ ਅਸਹਿਮਤੀ ਵਿਅਕਤੀ ਦੀ ਆਜ਼ਾਦੀ ਵਰਗੇ ਮੌਲਿਕ ਅਧਿਕਾਰਾਂ ਨੂੰ ਅੱਗੇ ਵਧਾਉਣਾ ਹੀ ਹੈ।
ਬਾਰ ਐਂਡ ਬੈਂਚ ਦੀ ਇੱਕ ਰਿਪੋਰਟ ਮੁਤਾਬਕ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, “ਹਾਲਾਂਕਿ, ਚੇਤਾਵਨੀ ਇਹ ਹੈ ਕਿ ਅਸਹਿਮਤੀ ਬਿਲਕੁਲ ਸ਼ਾਂਤੀਪੂਰਨ ਹੋਣੀ ਚਾਹੀਦੀ ਹੈ ਅਤੇ ਹਿੰਸਾ ਵਿੱਚ ਨਹੀਂ ਬਦਲਣੀ ਚਾਹੀਦੀ।"
ਅਦਾਲਤ ਨੇ “ਗਲਤ ਧਾਰਨਾ” ਵਾਲੀ ਚਾਰਜਸ਼ੀਟ ਦਾਖਿਲ ਕਰਨ ਲਈ ਦਿੱਲੀ ਪੁਲਿਸ ਨੂੰ ਝਾੜ ਵੀ ਲਗਾਈ ਅਤੇ ਕਿਹਾ ਕਿ ਉਨ੍ਹਾਂ ਦਾ ਕੇਸ “ਅਟੁੱਟ ਸਬੂਤਾਂ ਤੋਂ ਸੱਖਣਾ” ਸੀ।
ਜਾਮੀਆ ਕੇਸ ਬਾਰੇ ਖਾਸ ਗੱਲਾਂ:
- ਅਦਾਲਤ ਨੇ ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਤੇ ਦਸ ਹੋਰਾਂ ਨੂੰ ਦੋਸ਼ ਮੁਕਤ ਕੀਤਾ
- ਅਦਾਲਤ ਨੇ ਅਸਹਿਮਤੀ ਨੂੰ ਵਿਅਕਤੀ ਦੀ ਆਜ਼ਾਦੀ ਵਰਗੇ ਮੌਲਿਕ ਅਧਿਕਾਰਾਂ ਦਾ ਵਿਸਥਾਰ ਦੱਸਿਆ
- ਅਦਾਲਤ ਨੇ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਉਪਰ ਸਖ਼ਤ ਟਿੱਪਣੀਆਂ ਕੀਤੀਆਂ
- ਸ਼ਰਜੀਲ ਵਿਦਿਆਰਥੀ ਆਗੂ ਅਤੇ ਜਹਾਨਾਬਾਦ ਦੇ ਰਹਿਣ ਵਾਲੇ ਹਨ
ਅਦਾਲਤ ਨੇ ਕੀ ਕਿਹਾ ?
ਸਾਕੇਤ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਆਰੁਲ ਵਰਮਾ ਨੇ ਇਸ ਮਾਮਲੇ ਵਿੱਚ ਸ਼ਰਜੀਲ ਇਮਾਮ, ਆਸਿਫ਼ ਇਕਬਾਲ ਤਨਹਾ, ਸਫੂਰਾ ਜ਼ਰਗਰ ਅਤੇ ਅੱਠ ਹੋਰ ਲੋਕਾਂ ਨੂੰ ਦੋਸ਼ ਮੁਕਤ ਕੀਤਾ ਹੈ।
ਇਹਨਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ।
ਇਹਨਾਂ ਵਿੱਚੋਂ ਸਿਰਫ਼ ਇੱਕ ਮੁਲਜ਼ਮ ਮੁਹੰਮਦ ਇਲਿਆਸ ਨੂੰ ਛੱਡ ਕੇ ਸਾਰਿਆਂ ਨੂੰ ਦੋਸ਼ ਮੁਕਤ ਕੀਤਾ ਗਿਆ ਹੈ।
ਅਦਾਲਤ ਨੇ ਕਿਹਾ, “ਇਸ ਮਾਮਲੇ ਵਿੱਚ ਦਾਖਿਲ ਕੀਤੀ ਚਾਰਜਸ਼ੀਟ ਅਤੇ ਤਿੰਨ ਪੂਰਕ ਚਾਰਜਸ਼ੀਟ ਦੇਖਣ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ, ਉਹਨਾਂ ਤੋਂ ਅਦਾਲਤ ਇਸ ਨਤੀਜੇ ਉਪਰ ਪਹੁੰਚੀ ਹੈ ਕਿ ਪੁਲਿਸ ਅਸਲ ਮੁਲਜ਼ਮਾਂ ਨੂੰ ਫੜਨ ਵਿੱਚ ਅਸਫ਼ਲ ਰਹੀ ਹੈ। ਪਰ ਇਹਨਾਂ ਲੋਕਾਂ ਨੂੰ ਬਲੀ ਦੇ ਬੱਕਰੇ ਵੱਜੋਂ ਫੜਨ ਵਿੱਚ ਕਾਮਯਾਬ ਰਹੀ।”
-
ਅਦਾਲਤ ਨੇ ਸਾਰੇ 11 ਲੋਕਾਂ ਨੂੰ ਬਰੀ ਕਰਦੇ ਹੋਏ, ਪੁਲਿਸ ਦੇ ਕੰਮ ਕਰਨ ਦੇ ਤਰੀਕੇ ਉਪਰ ਸਖ਼ਤ ਟਿੱਪਣੀਆਂ ਕੀਤੀਆਂ।
ਫੈਸਲਾ ਸੁਣਾਉਂਦੇ ਹੋਏ ਜੱਜ ਅਰੁਲ ਵਰਮਾ ਨੇ ਕਿਹਾ ਕਿ ''ਪੁਲਿਸ ਹਿੰਸਾ ਦੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਫੜਨ ''ਚ ਅਸਫਲ ਰਹੀ ਹੈ। ਇਸ ਦੀ ਬਜਾਏ, ਉਨ੍ਹਾਂ ਨੇ ਇਮਾਮ, ਤਨਹਾ ਅਤੇ ਸਫੂਰਾ ਜ਼ਰਗਰ ਨੂੰ ਬਲੀ ਦਾ ਬੱਕਰਾ ਬਣਾਇਆ। ਪੁਲਿਸ ਦੀ ਅਜਿਹੀ ਕਾਰਵਾਈ ਅਜਿਹੇ ਨਾਗਰਿਕਾਂ ਦੀ ਆਜ਼ਾਦੀ ਨੂੰ ਠੇਸ ਪਹੁੰਚਾਉਂਦੀ ਹੈ ਜੋ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਸ਼ਾਂਤਮਈ ਪ੍ਰਦਰਸ਼ਨ ਲਈ ਇਕੱਠੇ ਹੁੰਦੇ ਹਨ।”
ਅਦਾਲਤ ਨੇ ਕਿਹਾ, “ਸ਼ਰਜੀਲ ਇਮਾਮ ਅਤੇ ਆਸਿਫ਼ ਇਕਬਾਲ ਤਨਹਾ ਨੂੰ ਲੰਬੇ ਅਤੇ ਸਖ਼ਤ ਮੁਕੱਦਮੇ ਵਿੱਚ ਘਸੀਟਣਾ ਦੇਸ਼ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਲਈ ਚੰਗਾ ਨਹੀਂ ਹੈ।"
‘ਅੰਤਰ-ਆਤਮਾ ਦੇ ਖ਼ਿਲਾਫ਼ ਕਿਸੇ ਗੱਲ ਦਾ ਵਿਰੋਧ ਕਰਨਾ ਸਾਡਾ ਫ਼ਰਜ਼ ਹੈ’
ਜੱਜ ਨੇ ਕਿਹਾ, “ਇਹ ਦੱਸਣਾ ਜ਼ਰੂਰੀ ਹੈ ਕਿ ਅਸਹਿਮਤੀ ਹੋਰ ਕੁਝ ਨਹੀਂ ਹੈ ਬਲਕਿ ਭਾਰਤੀ ਸੰਵਿਧਾਨ ਦੇ ਆਰਟੀਕਲ-19 ਦੀਆਂ ਮਦਾ ਅਧੀਨ ਭਾਸ਼ਣ ਦੇਣ ਅਤੇ ਵਿਅਕਤੀ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਵਿਸਥਾਰ ਹੈ। ਇਹ ਇੱਕ ਅਜਿਹਾ ਅਧਿਕਾਰ ਹੈ ਜਿਸ ਨੂੰ ਬਰਕਰਾਰ ਰੱਖਣ ਦੀ ਅਸੀਂ ਸਹੁੰ ਖਾਧੀ ਹੈ।”
ਅਦਾਲਤ ਨੇ ਕਿਹਾ, “ਜਦੋਂ ਵੀ ਕੋਈ ਚੀਜ਼ ਸਾਡੀ ਆਤਮਾ ਦੇ ਖ਼ਿਲਾਫ਼ ਜਾਂਦੀ ਹੈ ਤਾਂ ਅਸੀਂ ਇਸ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ। ਆਪਣਾ ਫ਼ਰਜ ਸਮਝਦੇ ਹੋਏ ਅਸੀਂ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਾਂ। ਇਹ ਸਾਡਾ ਫ਼ਰਜ ਬਣ ਜਾਂਦਾ ਹੈ ਕਿ ਅਸੀਂ ਕਿਸੇ ਅਜਿਹੀ ਗੱਲ ਨੂੰ ਮੰਨਣ ਤੋਂ ਇਨਕਾਰ ਕਰੀਏ ਜੋ ਸਾਡੀ ਆਤਮਾ ਦੇ ਖ਼ਿਲਾਫ਼ ਹੈ।”
ਜੱਜ ਵਰਮਾ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂਡ ਦੀ ਉਸ ਟਿੱਪਣੀ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਸਵਾਲ ਕਰਨ ਅਤੇ ਅਸਹਿਮਤੀਆਂ ਲਈ ਥਾਂ ਖਤਮ ਕਰਨਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤਰੱਕੀ ਦੇ ਅਧਿਕਾਰ ਨੂੰ ਖਤਮ ਕਰਨਾ ਹੈ। ਇਸ ਹਿਸਾਬ ਨਾਲ ਅਸਹਿਮਤੀ ਲੋਕਤੰਤਰ ਦਾ ਸੇਫਟੀ ਵਾਲਵ ਹੈ।
ਅਦਾਲਤ ਨੇ ਚੀਫ਼ ਜਸਟਿਸ ਦੀ ਇਸ ਟਿੱਪਣੀ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਇਸ ਦਾ ਮਤਲਬ ਇਹ ਹੈ ਕਿ ਅਸਹਿਮਤੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਕੁਚਲਣਾ ਚਾਹੀਦਾ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਅਸਹਿਮਤੀ ਸ਼ਾਂਤੀਪੂਰਨਕ ਹੋਵੇ ਅਤੇ ਹਿੰਸਾ ਵਿੱਚ ਤਬਦੀਲ ਨਾ ਹੋਵੇ।”
ਦਿੱਲੀ ਪੁਲਿਸ ਨੇ ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਦੇ ਖਿਲਾਫ਼ ‘ਦੇਸ਼ ਧ੍ਰੋਹ’ ਅਤੇ ਜਾਮੀਆ ਵਿੱਚ ਦੰਗੇ ਭੜਕਾਉਣ ਵਾਲੇ ਭਾਸ਼ਣ ਲਈ ਚਾਰਜਸ਼ੀਟ ਦਾਖਿਲ ਕੀਤੀ ਸੀ।
ਸ਼ਰਜੀਲ ਇਮਾਮ ਨੇ ਇਹ ਭਾਸ਼ਣ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਦੌਰਾਨ ਦਿੱਤਾ ਸੀ।
ਪੁਲਿਸ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਜਾਮੀਆ ਇਲਾਕੇ ਵਿੱਚ ਹਿੰਸਾ ਭੜਕ ਗਈ ਸੀ।
ਸ਼ਰਜੀਲ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ।
ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਆਤਮ-ਸਮਰਪਣ ਕੀਤਾ ਸੀ।
ਕੌਣ ਹੈ ਸ਼ਰਜੀਲ ਇਮਾਮ?
ਸ਼ਰਜੀਲ ਜਹਾਨਾਬਾਦ ਦੇ ਕਾਕੋ ਦੇ ਰਹਿਣ ਵਾਲੇ ਹਨ। ਕਾਕੋ ਬਲਾਕ ਹੈੱਡਕੁਆਰਟਰ ਵੀ ਹੈ। ਇੱਥੋਂ ਦੀ ਆਬਾਦੀ ਰਲਵੀਂ-ਮਿਲਵੀਂ ਹੈ।
ਪਰ ਕਾਕੋ ਪਿੰਡ ਵਿੱਚ ਮੁਸਲਮਾਨ ਆਬਾਦੀ ਜ਼ਿਆਦਾ ਹੈ।
ਉਹਨਾਂ ਦੇ ਪਿਤਾ ਅਕਬਰ ਇਮਾਮ ਦਾ ਅਕਸ ਇਲਾਕੇ ਵਿੱਚ ਚੰਗਾ ਹੈ। ਉਹ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ।
ਉਹ ਸਾਲ 2005 ''ਚ ਆਖਰੀ ਵਾਰ ਜੇਡੀਯੂ ਦੀ ਟਿਕਟ ''ਤੇ ਚੋਣ ਲੜੇ ਸੀ ਤਾਂ ਉਹ 2250 ਵੋਟਾਂ ਨਾਲ ਹਾਰ ਗਏ ਸਨ।
ਸ਼ਰਜੀਲ ਨੇ ਆਪਣੀ ਸ਼ੁਰੂਆਤੀ ਸਿੱਖਿਆ ਕਾਕੋ ਤੋਂ ਪ੍ਰਾਪਤ ਕੀਤੀ।
ਫਿਰ ਉਹ ਪਟਨਾ ਦੇ ਸੇਂਟ ਜ਼ੇਵੀਅਰ ਸਕੂਲ ਵਿੱਚ ਪੜ੍ਹਨ ਚਲੇ ਗਏ।
ਉਥੋਂ ਡੀਪੀਐਸ ਵਸੰਤ ਕੁੰਜ ਅਤੇ ਫਿਰ ਆਈਆਈਟੀ ਪੋਵਈ ਤੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ ਕੀਤੀ।
ਹੁਣ ਉਹ ਜੇਐਨਯੂ ਤੋਂ ਪੀਐੱਚਡੀ ਕਰ ਰਹੇ ਹਨ।
ਸ਼ਰਜੀਲ ਇਮਾਮ ਦੇ ਚਾਚਾ ਅਰਸ਼ਦ ਇਮਾਮ
ਕਦੋਂ ਅਤੇ ਕਿਉਂ ਚਰਚਾ ਵਿੱਚ ਆਏ
ਸੀਏਏ ਅਤੇ ਐਨਆਰਸੀ ਦਾ ਵਿਰੋਧ ਕਰਦੇ ਹੋਏ ਸ਼ਰਜੀਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ।
ਵਾਇਰਲ ਵੀਡੀਓ ਵਿੱਚ ਸ਼ਰਜੀਲ ਦਾ ਕਹਿੰਦੇ ਹਨ ਕਿ, “ਜੇਕਰ ਅਸਾਮ ਦੇ ਲੋਕਾਂ ਦੀ ਮਦਦ ਕਰਨੀ ਹੈ ਤਾਂ ਉਸ ਨੂੰ ਭਾਰਤ ਤੋਂ ਵੱਖ ਕਰਨਾ ਹੋਵੇਗਾ।”
ਸ਼ਰਜੀਲ ਖੁਦ ਨੂੰ ਸ਼ਾਹੀਨ ਬਾਗ ''ਚ ਚੱਲੇ ਵਿਰੋਧ ਪ੍ਰਦਰਸ਼ਨ ਦਾ ਮੁੱਖ ਪ੍ਰਬੰਧਕ ਦੱਸਦੇ ਸਨ।
ਉਨ੍ਹਾਂ ਨੇ 2 ਜਨਵਰੀ ਨੂੰ ਧਰਨਾ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਉਸ ਸਮੇਂ ਸ਼ਰਜੀਲ ਨੇ ਫੇਸਬੁੱਕ ''ਤੇ ਲਿਖਿਆ ਸੀ, "ਰਾਜਨੀਤਿਕ ਪਾਰਟੀਆਂ ਦੇ ਗੁੰਡਿਆਂ ਵੱਲੋਂ ਹਿੰਸਾ ਦੀ ਸੰਭਾਵਨਾ ਅਤੇ ਅੰਦੋਲਨ ਦੇ ਸਿਆਸੀਕਰਨ ਤੋਂ ਬਚਣ ਲਈ ਸ਼ਾਹੀਨ ਬਾਗ ਰੋਡ ਦਾ ਚੱਕਾ ਜਾਮ ਵਾਪਸ ਲਿਆ ਹੈ।”
ਹਾਲਾਂਕਿ ਇਸ ਦੇ ਬਾਵਜੂਦ ਵੀ ਵਿਰੋਝ ਪ੍ਰਦਰਸ਼ਨ ਜਾਰੀ ਰਿਹਾ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਲੀਬਿਆ ’ਚ ਫਸੇ ਪੰਜਾਬੀ: ‘ਸਾਨੂੰ ਕੁੱਟਿਆ ਜਾ ਰਿਹਾ, ਭੁੱਖਿਆਂ ਰੱਖਿਆ ਜਾ ਰਿਹਾ, ਸਾਨੂੰ ਇੱਥੋਂ ਕੱਢ ਲਓ’
NEXT STORY