ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਹਾਲ ਹੀ ਵਿੱਚ ਆਪਣੀਆਂ ਇਮੀਗ੍ਰੇਸ਼ਨ ਗਾਈਡਲਾਈਨਜ਼ ਨੂੰ ਅਪਡੇਟ ਕਰ ਦਿੱਤਾ ਹੈ, ਜਿਸ ਤਹਿਤ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਰੀ ਹੋ ਚੁੱਕੇ ਵਿਜ਼ਟਰ ਵੀਜ਼ੇ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਰੱਦ ਕਰਨ ਦੀ ਸ਼ਕਤੀ ਦੇ ਦਿੱਤੀ ਗਈ ਹੈ। ਇਹ ਬਦਲਾਅ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਇਮੀਗ੍ਰੇਸ਼ਨ ਸ਼ਰਤਾਂ ਦੀ ਲਗਾਤਾਰ ਪਾਲਣਾ ਜ਼ਰੂਰੀ ਹੈ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਾਰ-ਵਾਰ ਆਉਣ ਵਾਲੇ ਯਾਤਰੀਆਂ 'ਤੇ ਖਾਸ ਤੌਰ 'ਤੇ ਅਸਰ ਪਵੇਗਾ।
ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 4 ਨਵੰਬਰ 2025 ਨੂੰ ਆਪਣੀ ਆਪਰੇਸ਼ਨਲ ਗਾਈਡੈਂਸ ਨੂੰ ਅਪਡੇਟ ਕੀਤਾ। ਇਹ ਬਦਲਾਅ, ਜੋ ਕਿ ਇਸ ਸਾਲ ਦੇ ਸ਼ੁਰੂ ਵਿੱਚ ਲਾਗੂ ਕੀਤੇ ਗਏ ਰੈਗੂਲੇਟਰੀ ਢਾਂਚੇ ਦਾ ਹਿੱਸਾ ਹੈ, ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਸਿਸਟਮ ਹੁਣ ਸਿਰਫ਼ ਇੱਕ ਵਾਰ ਦੀ ਮਨਜ਼ੂਰੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਲਗਾਤਾਰ ਪਾਲਣਾ ਦੀ ਮੰਗ ਕਰਦਾ ਹੈ।
ਇਹ ਨਵੇਂ ਨਿਯਮ ਜੂਨ 2024 ਵਿੱਚ ਪੇਸ਼ ਕੀਤੇ ਗਏ ਸਨ ਅਤੇ ਫਰਵਰੀ 2025 ਵਿੱਚ ਲਾਗੂ ਕੀਤੇ ਗਏ ਸਨ। ਮਾਹਿਰਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਹੁਣ ਵੀਜ਼ਾ ਜਾਂ ਪਰਮਿਟ ਜਾਰੀ ਹੋਣ ਤੋਂ ਬਾਅਦ ਵੀ ਇਸ ਨੂੰ ਰੱਦ ਕਰ ਸਕਦੇ ਹਨ। ਇਹ ਕਾਰਵਾਈ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ, ਪੋਰਟ ਆਫ ਐਂਟਰੀ 'ਤੇ ਜਾਂ ਕੈਨੇਡਾ ਵਿੱਚ ਰਹਿਣ ਦੀ ਮਿਆਦ ਦੌਰਾਨ ਵੀ ਹੋ ਸਕਦਾ ਹੈ।
ਇਸ ਨਵੇਂ ਢਾਂਚੇ ਤਹਿਤ ਸਟੱਡੀ ਪਰਮਿਟ ਸਿਰਫ ਤਾਂ ਹੀ ਵੈਲਿਡ ਰਹਿੰਦਾ ਹੈ ਜੇ ਵਿਦਿਆਰਥੀ ਆਪਣੇ ਪੂਰੇ ਸਟੇਅ ਦੌਰਾਨ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਰਹਿਣ। ਰਿਪੋਰਟਾਂ ਅਨੁਸਾਰ 30 ਸਤੰਬਰ, 2024 ਤੱਕ ਕੈਨੇਡਾ ਵਿੱਚ 5.10 ਲੱਖ ਭਾਰਤੀ ਸਟੱਡੀ-ਪਰਮਿਟ ਹੋਲਡਰ ਸਨ, ਜੋ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਲਗਭਗ 40 ਫ਼ੀਸਦੀ ਬਣਦੇ ਹਨ।
ਨਵੇਂ ਨਿਯਮਾਂ ਮੁਤਾਬਕ ਹੁਣ ਇੱਥੇ ਜਾਇਜ਼ ਤੌਰ 'ਤੇ ਰਹਿਣ ਵਾਲੇ ਵਿਦਿਆਰਥੀ ਦਾ ਇਕ ਮਾਨਤਾਪ੍ਰਾਪਤ ਲਰਨਿੰਗ ਇੰਸਟੀਚਿਊਸ਼ਨ ਵਿੱਚ ਦਾਖਲ ਹੋਣਾ ਜ਼ਰੂਰੀ ਹੈ ਤੇ ਉਹ ਅਕਾਦਮਿਕ ਤਰੱਕੀ ਕਰ ਰਿਹਾ ਹੋਵੇ। ਇਸ ਤੋਂ ਇਲਾਵਾ ਉਸ ਦਾ ਆਪਣੇ ਪਰਮਿਟ ਦੁਆਰਾ ਨਿਰਧਾਰਤ ਸੀਮਾਵਾਂ ਦੇ ਅੰਦਰ ਹੀ ਕੰਮ ਕਰਨਾ ਵੀ ਜ਼ਰੂਰੀ ਹੈ। ਜੇ ਕੋਈ ਵਿਦਿਆਰਥੀ ਅਧਿਕਾਰਤ ਮਨਜ਼ੂਰੀ ਤੋਂ ਬਿਨਾਂ ਆਪਣਾ ਕੋਰਸ ਲੋਡ ਘਟਾਉਂਦਾ ਹੈ, ਕਲਾਸਾਂ ਵਿੱਚ ਜਾਣਾ ਬੰਦ ਕਰ ਦਿੰਦਾ ਹੈ ਜਾਂ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਦਾ ਸਟੱਡੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
ਇਸ ਤੋਂ ਇਲਾਵਾ ਜੇਕਰ ਕੋਈ ਇੰਸਟੀਟਿਊਟ ਆਪਣੀ ਮਾਨਤਾ ਗੁਆ ਦਿੰਦਾ ਹੈ ਜਾਂ ਮੁਅੱਤਲ ਹੋ ਜਾਂਦਾ ਹੈ ਤਾਂ ਵਿਦਿਆਰਥੀ ਨੂੰ ਆਪਣਾ ਸਟੇਟਸ ਬਰਕਰਾਰ ਰੱਖਣ ਲਈ ਸਮੇਂ ਸਿਰ ਕਿਸੇ ਹੋਰ ਯੋਗ ਸੰਸਥਾ ਵਿੱਚ ਟ੍ਰਾਂਸਫਰ ਕਰਨਾ ਲਾਜ਼ਮੀ ਹੈ। ਬੋਗਸ Letters of Acceptance ਨਾਲ ਸਬੰਧਤ ਹਾਲੀਆ ਮਾਮਲਿਆਂ ਕਾਰਨ ਵੀ ਵੱਡੀ ਗਿਣਤੀ 'ਚ ਸਟੱਡੀ ਪਰਮਿਟ ਰੱਦ ਕੀਤੇ ਜਾ ਰਹੇ ਹਨ, ਭਾਵੇਂ ਵਿਦਿਆਰਥੀਆਂ ਨੂੰ ਲੈਟਰ ਆਫ਼ ਐਕਸੈਪਟੈਂਸ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਹੋਵੇ ਜਾਂ ਨਾ।
ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਵਾਰ-ਵਾਰ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇੱਕ ਅਧਿਕਾਰੀ ਹੁਣ ਮੌਜੂਦਾ ਅਸਥਾਈ ਨਿਵਾਸੀ ਵੀਜ਼ਾ (ਵਿਜ਼ਟਰ ਵੀਜ਼ਾ) ਰੱਦ ਕਰ ਸਕਦਾ ਹੈ ਜੇਕਰ ਅਧਿਕਾਰੀ ਦਾ ਮੰਨਣਾ ਹੈ ਕਿ ਵੀਜ਼ਾ ਧਾਰਕ ਆਪਣੀ ਸਟੇਅ ਦੀ ਮਿਆਦ ਦੇ ਖ਼ਤਮ ਹੋਣ 'ਤੇ ਵੀ ਕੈਨੇਡਾ ਤੋਂ ਵਾਪਸ ਨਹੀਂ ਜਾਵੇਗਾ। ਇਸ ਦੇ ਨਾਲ ਹੀ ਇਹ ਨਿਯਮ ਉਨ੍ਹਾਂ ਮਾਪਿਆਂ 'ਤੇ ਵੀ ਅਸਰ ਪਾਉਣਗੇ, ਜੋ ਕਿ ਵਾਰ-ਵਾਰ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਜਾਂਦੇ ਹਨ।
ਇਸ ਦੇ ਨਾਲ ਹੀ, 'The Strengthening Canada’s Immigration System and Borders Act' ਨਾਮਕ ਬਿੱਲ C-12 ਨੂੰ ਹਾਲ ਹੀ ਵਿੱਚ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਬਾਰੇ ਸਥਾਈ ਕਮੇਟੀ ਕੋਲ ਵਿਸਥਾਰਤ ਸਮੀਖਿਆ ਲਈ ਭੇਜਿਆ ਗਿਆ ਹੈ। ਇਹ ਬਿੱਲ ਇਮੀਗ੍ਰੇਸ਼ਨ ਮੰਤਰੀ ਅਤੇ ਸਰਹੱਦੀ ਅਧਿਕਾਰੀਆਂ ਨੂੰ ਵੀਜ਼ੇ ਅਤੇ ਪਰਮਿਟਾਂ ਨੂੰ ਰੱਦ ਕਰਨ ਦੀ ਵਿਸਤ੍ਰਿਤ ਅਥਾਰਟੀ ਦੇਣ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਮੰਗ ਕਰਦਾ ਹੈ। ਇਮੀਗ੍ਰੇਸ਼ਨ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਿੱਲ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਨੂੰ ਵਧਾ ਸਕਦਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੇ ਜਾਰਜੀਆ ਤੋਂ ਫੜੇ ਗਏ ਮੋਸਟ ਵਾਂਟੇਡ ਗੈਂਗਸਟਰ ! ਭਾਰਤ 'ਚ ਕਰ ਚੁੱਕੇ ਕਈ ਕਾਂਡ
ਓ ਤੇਰੀ..; ਮੂੰਹ 'ਚ ਅੱਖਾਂ ! ਦੁਨੀਆ ਦਾ ਸਭ ਤੋਂ ਅਨੋਖਾ ਡੱਡੂ ਦੇਖ ਵਿਗਿਆਨੀਆਂ ਦੇ ਵੀ ਉੱਡੇ ਹੋਸ਼
NEXT STORY