ਹਿੰਡਨਬਰਗ ਰਿਸਰਚ ਦੀ ਰਿਪੋਰਟ ਕਾਰਨ ਗੌਤਮ ਅਡਾਨੀ ਨੂੰ ਕਰੀਬ ਦਸ ਲੱਖ ਕਰੋੜ ਰੁਪਏ ਦਾ ਝਟਕਾ ਲੱਗਿਆ ਹੈ।
ਇੰਨੀ ਰਕਮ ਉਨ੍ਹਾਂ ਦੀ ਜੇਬ ''ਚੋਂ ਨਹੀਂ ਗਈ ਹੈ ਪਰ ਜਿੱਥੇ ਇਕ ਹਫ਼ਤਾ ਪਹਿਲਾਂ ਉਨ੍ਹਾਂ ਦੀ ਕੁੱਲ ਜਾਇਦਾਦ ਸੀ, ਉੱਥੇ ਇਸ ਦੀ ਕੀਮਤ ''ਚ ਕਮੀ ਜ਼ਰੂਰ ਆਈ ਹੈ।
ਇੱਕ ਹਫ਼ਤੇ ਦੇ ਅੰਦਰ, ਉਹ ਅਮੀਰਾਂ ਦੀ ਸੂਚੀ ਵਿੱਚ ਸ਼ੁੱਕਰਵਾਰ ਸ਼ਾਮ ਤੱਕ ਦੋ ਵੱਖ-ਵੱਖ ਸੂਚੀਆਂ ਵਿੱਚ ਤੀਜੇ ਨੰਬਰ ਤੋਂ ਖਿਸਕ ਕੇ 17ਵੇਂ ਅਤੇ 22ਵੇਂ ਨੰਬਰ ''ਤੇ ਆ ਗਏ ਹਨ।
ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਜਦੋਂ ਸੋਮਵਾਰ ਨੂੰ ਖੁੱਲ੍ਹੇ ਤਾਂ ਵੀ ਅਡਾਨੀ ਸਮੂਹ ਦੀਆਂ ਕਈ ਕੰਪਨੀਆਂ ਦੇ ਸ਼ੇਅਰਾਂ ''ਚ ਵਿਕਰੀ ਜਾਰੀ ਸੀ।
ਪਰ ਵੱਡਾ ਸਵਾਲ ਇਹ ਹੈ ਕਿ ਅਡਾਨੀ ਗਰੁੱਪ ਦੇ ਸ਼ੇਅਰਧਾਰਕਾਂ ਨੂੰ ਇੰਨੇ ਵੱਡੇ ਨੁਕਸਾਨ ਦਾ ਫਾਇਦਾ ਕਿਸ ਨੂੰ ਹੋਇਆ?
ਹਿੰਡਨਬਰਗ ਨੇ ਰਿਪੋਰਟ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ ਉਸ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਛੋਟੀ ਪੁਜ਼ੀਸ਼ਨ ਲੈ ਰੱਖੀ ਹੈ।
ਉਸ ਨੇ ਅਜਿਹਾ ਅਮਰੀਕੀ ਬਾਜ਼ਾਰਾਂ ਵਿੱਚ ਖਰੀਦੇ ਅਤੇ ਵੇਚੇ ਗਏ ਬਾਂਡਾਂ ਰਾਹੀਂ ਅਤੇ ਅਜਿਹੇ ''ਡੈਰੀਵੇਟਿਵ ਇਨਸਟਰੂਮੈਂਟਸ'' ਰਾਹੀਂ ਕੀਤਾ ਹੈ ਜਿਨ੍ਹਾਂ ਦਾ ਲੈਣ-ਦੇਣ ਭਾਰਤੀ ਬਾਜ਼ਾਰਾਂ ਵਿੱਚ ਨਹੀਂ ਹੁੰਦਾ ਹੈ।
ਸ਼ਾਰਟ ਪੌਜੀਸ਼ਨ ਨੂੰ ਵਿਕਰੀ ਕਿਉਂ ਨਹੀਂ ਕਹਿੰਦੇ?
ਸ਼ਾਰਟ ਪੌਜੀਸ਼ਨ ਦਾ ਸਿੱਧਾ ਮਤਲਬ ਹੈ ਵੇਚਣ ਦਾ ਸੌਦਾ। ਫਿਰ ਇਸ ਨੂੰ ਸਿੱਧਾ-ਸਿੱਧਾ ਵੇਚਣਾ ਜਾਂ ਵਿਕਰੀ ਕਿਉਂ ਨਾ ਕਿਹਾ ਜਾਂਦਾ? ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਕਿਸੇ ਕੋਲ ਸ਼ੇਅਰ ਜਾਂ ਬਾਂਡ ਹੁੰਦੇ ਹਨ, ਤਾਂ ਉਹ ਉਨ੍ਹਾਂ ਨੂੰ ਸਿੱਧਾ ਵੇਚ ਕੇ ਪੈਸਾ ਵਸੂਲ ਕਰ ਸਕਦਾ ਹੈ।
ਪਰ ਸ਼ੌਰਟ ਕਰਨ ਦਾ ਮਤਲਬ ਹੁੰਦਾ ਹੈ ਕਿ ਵੇਚਣ ਵਾਲੇ ਕੋਲ ਸ਼ੇਅਰ (ਜਾਂ ਇਸ ਮਾਮਲੇ ਵਿੱਚ ਬਾਂਡ) ਨਹੀਂ ਹਨ, ਪਰ ਉਸ ਨੂੰ ਪੂਰੀ ਉਮੀਦ ਹੈ ਕਿ ਅੱਜ ਉਨ੍ਹਾਂ ਦਾ ਮੋਲ ਹੈ, ਉਹ ਛੇਤੀ ਹੀ ਡਿੱਗਣ ਵਾਲਾ ਹੈ।
ਗੌਤਮ ਅਡਾਨੀ ਅਤੇ ਐਡਰਸਨ
ਇਸ ਲਈ ਉਹ ਅੱਜ ਵੇਚਣ ਦਾ ਸੌਦਾ ਕਰ ਲੈਂਦਾ ਹੈ ਅਤੇ ਗਿਰਾਵਟ ਤੋਂ ਬਾਅਦ ਹੇਠਲੇ ਮੋਲ ''ਤੇ ਸ਼ੇਅਰ ਜਾਂ ਬਾਂਡ ਖੀਰਦ ਕੇ ਉਨ੍ਹਾਂ ਨੂੰ ਖੀਰਦਦਾਰ ਨੂੰ ਸੌਂਪ ਦਿੰਦਾ ਹੈ।
ਮੁੱਲ ਦਾ ਫਰਕ ਹੀ ਉਸ ਦਾ ਫਾਇਦਾ ਹੁੰਦਾ ਹੈ।
ਇਸੇ ਸੌਦੇ ਦਾ ਇੱਕ ਪੁਖ਼ਤਾ ਤਰੀਕਾ ਹੁੰਦਾ ਹੈ ਕਿ ਉਹ ਸ਼ੇਅਰ ਜਾਂ ਬਾਂਡ ਕਿਸੇ ਤੋਂ ਉਧਾਰ ਲੈ ਕੇ ਸਾਹਮਣੇ ਵਾਲੇ ਨੂੰ ਸੌਂਪ ਦਿੰਦੇ ਹਨ ਅਤੇ ਫਿਰ ਮੁੱਲ ਡਿੱਗਣ ''ਤੇ ਆਪਣਾ ਉਧਾਰ ਚੁਕਾ ਦਿੰਦੇ ਹਨ।
ਇਸ ਤਰ੍ਹਾਂ ਦੇ ਸੌਦੇ ਨੂੰ ਵਾਇਦਾ ਸੌਦਾ ਵੀ ਕਿਹਾ ਜਾਂਦਾ ਹੈ, ਜਿੱਥੇ ਵੇਚਣ ਵਾਲਾ ਇੱਕ ਨਿਸ਼ਚਿਤ ਤਰੀਕ ''ਤੇ ਇੱਕ ਨਿਸ਼ਚਿਤ ਮੁੱਲ ''ਤੇ ਵੇਚਣ ਦਾ ਅਤੇ ਖਰੀਦਣ ਵਾਲਾ ਉਸੇ ਤਰੀਕ ''ਤੇ ਉਸੇ ਮੁੱਲ ''ਤੇ ਖਰੀਦਣ ਦਾ ਵਾਅਦਾ ਕਰ ਲੈਂਦੇ ਹਨ।
ਉਸ ਦਿਨ ਜੇਕਰ ਮੁੱਲ ਹੇਠਾਂ ਹੁੰਦਾ ਹੈ ਤਾਂ ਵੇਚਣ ਵਾਲਾ ਫਾਇਦੇ ਵਿੱਚ ਅਤੇ ਜੇਕਰ ਵਧਿਆ ਹੁੰਦਾ ਹੈ ਤਾਂ ਖਰੀਦਣਵਾਲਾ ਫਾਇਦੇ ਵਿੱਚ ਹੁੰਦਾ ਹੈ।
ਵਾਅਦਾ ਬਾਜ਼ਾਰਾ ਜਾਂ ਫਿਊਚਰ ਐਂਡ ਆਪਸ਼ੰਸ ਮਾਰਕਿਟ ਇਸੇ ਤਰ੍ਹਾਂ ਕੰਮ ਕਰਦਾ ਹੈ।
ਹੁਣ ਇਸ ਦਿਨ ਦੋਵੇਂ ਲੋਕ ਸ਼ੇਅਰਾਂ ਦਾ ਲੈਣ-ਦੇਣ ਵੀ ਕਰ ਸਕਦੇ ਹਨ ਅਤੇ ਇਹ ਵੀ ਕਹਿ ਸਕਦੇ ਹਨ ਕਿ ਕਿਤਿਓਂ ਸ਼ੇਅਰ ਲਿਆ ਕੇ ਦੇਣ ਦੀ ਬਜਾਇ ਅਸੀਂ ਸਿਰਫ਼ ਕੀਮਤ ਵਿੱਚ ਫਰਕ ਦੇਖ ਕੇ ਉਸ ਰਕਮ ਦਾ ਲੈਣ-ਦੇਣ ਕਰ ਲਈਏ, ਜਿੰਨੇ ਦਾ ਫਾਇਦਾ ਜਾਂ ਨੁਕਸਾਨ ਹੋਇਆ ਹੈ।
ਪਰ ਇਸ ਤਰ੍ਹਾਂ ਦੇ ਸੌਦੇ ਨੂੰ ਨੇਕੇਡ ਸ਼ੌਰਟ ਸੇਲਿੰਗ ਕਿਹਾ ਜਾਂਦਾ ਹੈ, ਸਾਲ 2007 ਵਿੱਚ ਭਾਰਤ ਵਿੱਚ ਅਜਿਹੇ ਸੌਦੇ ''ਤੇ ਰੋਕ ਲਗਾ ਦਿੱਤੀ ਗਈ ਸੀ।
ਅਡਾਨੀ ਗਰੁੱਪ ਦੀ ਹਾਲਤ ਬਾਰੇ ਖਾਸ ਗੱਲਾਂ:
- ਅਡਾਨੀ ਸਮੂਹ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਿਹਾ ਹੈ
- ਨਿਵੇਸ਼ਕ ਅਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਅਡਾਨੀ ਦੇ ਪੈਸਾ ਇਕੱਠਾ ਕਰਨ ਤੇ ਕਰਜ਼ ਦੀ ਜਾਂਚ ਕਰ ਰਹੀਆਂ ਹਨ
- ਅਡਾਨੀ ਸਮੂਹ ਲਈ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਕੁਝ ਕੰਪਨੀਆਂ ਕੋਲ ਚੰਗੀ ਜਾਇਦਾਦ ਹੈ
- ਹਾਲਾਂਕਿ, ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਇੰਨੀਆਂ ਸੁਰੱਖਿਅਤ ਨਹੀਂ ਹਨ
ਕੀ ਹੁੰਦਾ ਹੈ ''ਨੇਕੇਡ ਸ਼ੌਰਟ ਸੇਲਿੰਗ''?
ਇਸ ਦਾ ਇੱਕ ਉਦਾਹਰਣ ਦੇ ਲਓ। ਫਰਜ ਕਰੋ ਕਿ ਕਿਸੇ ਕੰਪਨੀ ਦਾ ਸ਼ੇਅਰ ਅੱਜ 200 ਰੁਪਏ ਪ੍ਰਤੀ ਸ਼ੇਅਰ ਦਾ ਮਿਲ ਰਿਹਾ ਹੈ।
ਪਰ ਮੈਨੂੰ ਭਰੋਸਾ ਹੈ ਕਿ ਇਹ ਸ਼ੇਅਰ ਛੇਤੀ ਹੀ ਡਿੱਗਣ ਵਾਲਾ ਹੈ। ਮੈਂ ਉਸ ਦੇ ਸੌ ਸ਼ੇਅਰ ਇਸੇ ਭਾਅ ''ਤੇ ਵੇਚਣ ਦਾ ਸੌਦਾ ਤੁਹਾਨੂੰ ਨਲ ਜੋੜ ਲੈਂਦਾ ਹੈ।
ਵਾਅਦਾ ਹੈ ਕਿ ਅਗਲੇ ਹਫ਼ਤੇ ਅਸੀਂ ਇਹ ਲੈਣ-ਦੇਣ ਕਰਾਂਗੇ। ਹੁਣ ਮੈਂ ਉਹ ਸ਼ੇਅਰ ਕਿਸੇ ਤੋਂ ਉਧਾਰ ਲਵਾਂ ਜਾਂ ਨਾ ਲਵਾਂ, ਹਫ਼ਤੇ ਭਰ ਵਿੱਚ ਕੰਪਨੀ ਦਾ ਭਾਅ ਡਿੱਗ ਕੇ 150 ਰੁਪਏ ਹੋ ਗਿਆ। ਜੋ ਸ਼ੇਅਰ ਵੀਹ ਹਜ਼ਾਰ ਦੇ ਸਨ, ਉਹ ਪੰਦਰਾ ਦੇ ਰਹਿ ਗਏ।.
ਹੁਣ ਮੈਂ ਬਜ਼ਾਰ ਵਿੱਚੋਂ ਪੰਦਰਾਂ ਹਜ਼ਾਰ ਵਿੱਚ ਖਰੀਦ ਕੇ ਤੁਹਾਡੇ ਹਵਾਲੇ ਕਰਾਂਗਾ ਅਤੇ ਵੀਹ ਹਜ਼ਾਰ ਰੁਪਏ ਲੈ ਲਵਾਂਗਾ। ਇਸ ਨੂੰ ਸ਼ੌਰਟ ਇਸ ਲਈ ਕਿਹਾ ਜਾਂਦਾ ਹੈ ਕਿ ਮੇਰੇ ਕੋਲ ਓਨਏ ਸ਼ੇਅਰ ਘੱਟ ਹਨ ਯਾਨਿ ਨਹੀਂ ਹੈ, ਜਿਨ੍ਹਾਂ ਦਾ ਮੈਂ ਸੌਦਾ ਕਰ ਰਿਹਾ ਸੀ।
ਪਰ ਇਸ ਦਾ ਇੱਕ ਉਲਟ ਪਹਿਲੂ ਵੀ ਹੈ।
ਦੋ ਸੌ ਰੁਪਏ ਦਾ ਸ਼ੇਅਰ ਡਿੱਗ ਕੇ ਵੱਧ ਤੋਂ ਵੱਧ ਜ਼ੀਰੋ ਹੋ ਸਕਦਾ ਹੈ, ਯਾਨਿ ਇਸ ਸੌਦੇ ਵਿੱਚ ਵੇਚਣ ਵਾਲਾ ਵੱਧ ਤੋਂ ਵੱਧ ਵੀਹ ਹਜ਼ਾਰ ਰੁਪਏ ਹੀ ਕਮਾ ਸਕਦਾ ਹੈ।
ਪਰ ਉਸ ਦਾ ਜੋਖਮ ਬੇਅੰਤ ਹੈ ਕਿਉਂਕਿ ਜੇਕਰ ਸ਼ੇਅਰ ਡਿੱਗਣ ਦੀ ਬਜਾਏ ਵਧਣ ਲੱਗੇ ਤਾਂ ਇਹ ਕਿਤੇ ਵੀ ਜਾ ਸਕਦਾ ਹੈ।
ਕੈਲਕੁਲੇਟਰ ਕੱਢ ਕੇ ਆਪ ਹੀ ਹਿਸਾਬ ਲਗਾ ਲਓ ਕਿ ਜੇਕਰ ਪਿਛਲੇ ਤਿੰਨ ਸਾਲਾਂ ਤੋਂ ਅਡਾਨੀ ਗਰੁੱਪ ਦੇ ਸ਼ੇਅਰ ਜਿਸ ਰਫ਼ਤਾਰ ਨਾਲ ਵਧ ਰਹੇ ਸਨ, ਜੇ ਉਸੇ ਰਫ਼ਤਾਰ ਨਾਲ ਇਹ ਸ਼ੇਅਰ ਵਧਣ ਲੱਗ ਪੈਂਦੇ ਤਾਂ ਵੇਚਣ ਵਾਲੇ ਨੂੰ ਕਿੰਨਾ ਘਾਟਾ ਰਹਿੰਦਾ ਹੈ।
ਪਰ ਅਡਾਨੀ ਅਤੇ ਹਿੰਡਨਬਰਗ ਦਾ ਮਾਮਲਾ ਥੋੜ੍ਹਾ ਹੋਰ ਗੁੰਝਲਦਾਰ ਹੈ।
ਅਡਾਨੀ ਦੇ ਸ਼ੇਅਰਾਂ ਨੂੰ ਡੇਗਣ ਲਈ ਹਿੰਡਨਬਰਗ ਨੇ ਕੀ ਕੀਤਾ?
ਇੱਥੇ ਮਾਮਲਾ ਇਹ ਹੈ ਕਿ ਹਿੰਡਨਬਰਗ ਦਾ ਨਾਂ ਹਿੰਡਨਬਰਗ ਰਿਸਰਚ ਹੈ, ਜਿਸ ਤੋਂ ਪਤਾ ਲਗਦਾ ਹੈ ਉਹ ਇੱਕ ਵੱਡੀ ਰਿਸਰਚ ਏਜੰਸੀ ਹੈ। ਪਰ ਉਸ ਨੇ ਸਾਫ਼-ਸਾਫ਼ ਕਿਹਾ ਹੈ ਕਿ ਉਹ ਮੰਦੀ ਦਾ ਵਪਾਰੀ ਯਾਨਿ ਸ਼ਾਰਟ ਸੇਲਰ ਹੈ।
ਉਹ ਵੀ ਇੱਕ ਖਾਸ ਕਿਸਮ ਦਾ ਜਿਸ ਨੂੰ ''ਐਕਟੀਵਿਸਟ ਸ਼ਾਰਟ ਸੇਲਰ'' ਕਿਹਾ ਜਾਂਦਾ ਹੈ। ਆਮ ਤੌਰ ''ਤੇ ਮੰਦੀ ਦੇ ਵਪਾਰੀ ਆਪਣੀ ਜਾਣਕਾਰੀ, ਬਾਜ਼ਾਰ ਅਤੇ ਕਾਰੋਬਾਰੀ ਮਾਹੌਲ ਆਦਿ ਨੂੰ ਦੇਖ ਕੇ ਅਜਿਹੇ ਸੌਦੇ ਕਰਦੇ ਹਨ ਅਤੇ ਇਸ ਤੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ।
ਪਰ ਐਕਟੀਵਿਸਟ ਸ਼ਾਰਟ ਸੇਲਰ ਅਜਿਹੀਆਂ ਕੰਪਨੀਆਂ ਦੀ ਖੋਜ ਕਰਦੇ ਰਹਿੰਦੇ ਹਨ ਜਿਨ੍ਹਾਂ ਦੇ ਕੰਮਕਾਜ ਵਿੱਚ ਅਜਿਹੀਆਂ ਗੜਬੜੀਆਂ ਹੋਣ, ਜਿਨ੍ਹਾਂ ਨੂੰ ਉਜਾਗਰ ਕਰਕੇ ਉਹ ਇਸ ਦੇ ਸ਼ੇਅਰਾਂ ਦੀ ਕੀਮਤ ਨੂੰ ਹੇਠਾਂ ਲਿਆ ਸਕਦੀਆਂ ਹਨ।
ਜਾਂਚ ਪੂਰੀ ਕਰਨ ਤੋਂ ਬਾਅਦ ਉਹ ਪਹਿਲਾਂ ਉਨ੍ਹਾਂ ਕੰਪਨੀਆਂ ''ਚ ਮੰਦੀ ਦੇ ਸੌਦੇ ਕਰਦੇ ਹਨ ਅਤੇ ਫਿਰ ਆਪਣੀ ਰਿਪੋਰਟ ਦੁਨੀਆਂ ਦੇ ਸਾਹਮਣੇ ਰੱਖਦੇ ਹਨ ਤਾਂ ਜੋ ਕੰਪਨੀ ਦੇ ਸ਼ੇਅਰ ਡਿੱਗਣ ਅਤੇ ਉਨ੍ਹਾਂ ਨੂੰ ਫਾਇਦਾ ਮਿਲੇ।
ਹਿੰਡਨਬਰਗ ਨੇ ਅਡਾਨੀ ਨਾਲ ਅਜਿਹਾ ਹੀ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪੂਰੇ ਦੋ ਸਾਲਾਂ ਤੱਕ ਅਡਾਨੀ ਦੇ ਕਾਰੋਬਾਰ ਦੀ ਜਾਂਚ ਕੀਤੀ ਅਤੇ ਇਸ ਨਾਲ ਜੁੜੇ ਤੱਥਾਂ ਅਤੇ ਦਸਤਾਵੇਜ਼ਾਂ ਦੀ ਖੋਜ ਕੀਤੀ।
ਪਰ ਪਹਿਲੀ ਮੁਸ਼ਕਲ ਇਹ ਸੀ ਕਿ ਹਿੰਡਨਬਰਗ ਲਈ ਭਾਰਤੀ ਬਾਜ਼ਾਰ ਵਿੱਚ ਅਡਾਨੀ ਦੀਆਂ ਕੰਪਨੀਆਂ ਵਿੱਚ ਸ਼ੌਰਟ ਸੇਲਿੰਗ ਕਰਨਾ ਸੌਖਾ ਨਹੀਂ ਸੀ।
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਦੂਜੇ ਕਈ ਸ਼ੌਰਟ ਸੇਲਰ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਿੰਡਨਬਰਗ ਨੇ ਅਸਲ ਵਿੱਚ ਕੀ ਸੌਦਾ ਕੀਤਾ ਅਤੇ ਕਿਵੇਂ? ਕਿਉਂਕਿ ਉਨ੍ਹਾਂ ਅਨੁਸਾਰ ਵਿਦੇਸ਼ੀਆਂ ਲਈ ਭਾਰਤ ਵਿੱਚ ਕਿਸੇ ਵੀ ਭਾਰਤੀ ਕੰਪਨੀ ''ਤੇ ਮੰਦੀ ਦਾ ਦਾਅ ਲਗਾਉਣਾ ਬਹੁਤ ਮੁਸ਼ਕਲ ਹੈ।
ਇਸ ਦਾ ਇੱਕ ਕਾਰਨ ਸ਼ੌਰਟ ਸੇਲਿੰਗ ''ਤੇ 2007 ਵਿੱਚ ਬਣੇ ਸੇਬੀ ਦੇ ਨਵੇਂ ਨਿਯਮ ਹਨ ਅਤੇ ਦੂਸਰਾ ਕਾਰਨ ਇਹ ਹੈ ਕਿ ਵਿਦੇਸ਼ੀ ਸੰਸਥਾਵਾਂ ਨੂੰ ਵੀ ਅਜਿਹੇ ਸੌਦਿਆਂ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ, ਜੋ ਕਿ ਹਿੰਡਨਬਰਗ ਵਰਗੇ ਐਕਟੀਵਿਸਟ ਸ਼ੌਰਟ ਸੇਲਰ ਲਈ ਮੁਸ਼ਕਲ ਹੈ।
ਐਕਟੀਵਿਸਟ ਸ਼ੌਰਟ ਸੇਲਰ ਜਿਸ ਵੀ ਕੰਪਨੀ ਨੂੰ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਵਿੱਚ ਵਿਕਰੀ ਦੇ ਸੌਦੇ ਕਰਨੇ ਯਾਨਿ ਸ਼ੌਰਟ ਪੁਜ਼ੀਸ਼ਨਾਂ ਬਣਾਉਣ ਦਾ ਕੰਮ ਬਹੁਤ ਹੀ ਗੁਪਤ ਤਰੀਕੇ ਨਾਲ ਕਰਨਾ ਪੈਂਦਾ ਹੈ ਕਿਉਂਕਿ ਜਿਵੇਂ ਹੀ ਕਿਸੇ ਨੂੰ ਮਾਰਕੀਟ ਵਿੱਚ ਕੋਈ ਭਨਕ ਪਈ ਕਿ ਇੱਕ ਐਕਟੀਵਿਸਟ ਸ਼ੌਰਟ ਸੇਲਰ ਕਿਸੇ ਕੰਪਨੀ ਨੂੰ ਸ਼ੌਰਟ ਕਰ ਰਿਹਾ ਹੈ, ਤਾਂ ਉਸ ਕੰਪਨੀ ਦੇ ਸ਼ੇਅਰ ਤੇਜ਼ੀ ਨਾਲ ਡਿੱਗਣ ਲੱਗਦੇ ਹਨ।
ਇਸ ਲਈ ਜਦੋਂ ਤੱਕ ਉਹ ਆਪਣੇ ਸੌਦੇ ਪੂਰੇ ਨ ਕਰ ਲੈਣ, ਉਦੋਂ ਤੱਕ ਇਹ ਖ਼ਬਰ ਦਬੀ ਰਹਿਣਾ ਵੀ ਉਨ੍ਹਾਂ ਲਈ ਜ਼ਰੂਰੀ ਹੈ।
ਹੁਣ ਹਿੰਡਨਬਰਗ ਨੇ ਜੋ ਖ਼ੁਦ ਕਿਹਾ ਹੈ ਉਸ ਆਧਾਰ ''ਤੇ ਦੋ ਰਸਤੇ ਹਨ ਪੈਸਾ ਕਮਾਉਣ ਦੇ। ਸਭ ਤੋਂ ਪਹਿਲਾਂ, ਅਡਾਨੀ ਕੰਪਨੀਆਂ ਦੇ ਬਾਂਡ ਵੇਚਣ ਦੇ ਸੌਦੇ ਜੋ ਅਮਰੀਕੀ ਬਾਜ਼ਾਰ ਵਿੱਚ ਖਰੀਦੇ ਅਤੇ ਵੇਚੇ ਜਾਂਦੇ ਹਨ, ਉਨ੍ਹਾਂ ਨੂੰ ਵੇਚਣ ਦੇ ਸੌਦੇ ਅਤੇ ਹੋਰ ਡੈਰੀਵੇਟਿਵ ਸੌਦੇ।
ਪਹਿਲਾਂ ਬਾਂਡ ਦੀ ਗੱਲ ਕਰੀਏ। ਇਨ੍ਹਾਂ ਬਾਂਡਾਂ ਦੀ ਕੀਮਤ ਕਾਫੀ ਘੱਟ ਗਈ ਹੈ ਅਤੇ ਇਕ ਆਮ ਨਿਵੇਸ਼ਕ ਨੂੰ ਵੀ ਇਨ੍ਹਾਂ ''ਤੇ 32% ਤੱਕ ਕਮਾਈ ਦੀ ਗੁੰਜਾਇਸ਼ ਨਜ਼ਰ ਆਉਣ ਲੱਗੀ ਹੈ।
ਪਰ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਹਿੰਡਨਬਰਗ ਦੀ ਦੋ ਸਾਲਾਂ ਦੀ ਸਖ਼ਤ ਮਿਹਨਤ ਦਾ ਫਲ ਇਸ ਗਿਰਾਵਟ ਨਾਲ ਮਿਲ ਜਾਵੇਗਾ।
ਕਾਰਨ ਇਹ ਹੈ ਕਿ ਅਮਰੀਕਾ ਵਿਚ ਅਡਾਨੀ ਕੰਪਨੀਆਂ ਦੇ ਕੁਝ ਸੌ ਕਰੋੜ ਡਾਲਰ ਦੇ ਹੀ ਬਾਂਡ ਹਨ, ਯਾਨਿ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ ਕਿ ਕੋਈ ਉਨ੍ਹਾਂ ਨੂੰ ਆਸਾਨੀ ਨਾਲ ਉਧਾਰ ਲਵੇ ਅਤੇ ਉਨ੍ਹਾਂ ਨੂੰ ਸ਼ੌਰਟ ਕਰ ਕੇ ਮੋਟੀ ਰਕਮ ਕਮਾ ਸਕੇ।
ਦੂਜਾ ਰਸਤਾ ਹੈ ਡੈਰੀਵੇਟਿਵਜ। ਡੈਰੀਵੇਟਿਵ ਦਾ ਅਰਥ ਹੈ ਬਾਜ਼ਾਰ ਵਿੱਚ ਅਜਿਹੇ ਇੰਸਟਰੂਮੈਂਟ ਜਾਂ ਸੌਦੇ, ਜਿਸ ਵਿੱਚ ਲੈਣ-ਦੇਣ ਦਾ ਫੈਸਲਾ ਕਿਸੇ ਹੋਰ ਚੀਜ਼ ਦੇ ਆਧਾਰ ''ਤੇ ਕੀਤਾ ਜਾਂਦਾ ਹੈ।
ਇਹ ਅੰਗਰੇਜ਼ੀ ਸ਼ਬਦ ਡਰਾਈਵ ਤੋਂ ਬਣਿਆ, ਯਾਨਿ ਇੱਕ ਅਜਿਹਾ ਸੌਦਾ ਜਿਸ ਦਾ ਨਤੀਜਾ ਕਿਸੇ ਹੋਰ ਚੀਜ਼ ਦੁਆਰਾ ਡਰਾਈਵ ਜਾਂ ਤੈਅ ਹੋ ਰਿਹਾ ਹੋਵੇ।
ਉਦਾਹਰਨ ਲਈ, ਸਿੰਗਾਪੁਰ ਸਟਾਕ ਐਕਸਚੇਂਜ ਵਿੱਚ ਭਾਰਤ ਦੇ ਨਿਫਟੀ ਦਾ ਇੱਕ ਡੈਰੀਵੇਟਿਵ ਚੱਲਦਾ ਹੈ, ਜਿਸਦਾ ਨਾਮ ਐੱਸਜੀਐੱਕਸ ਨਿਫਟੀ ਹੈ।
ਐੱਸਜੀਐੱਕਸ ਨਿਫਟੀ ਵਿੱਚ ਖਰੀਦਣ ਅਤੇ ਵੇਚਣ ਲਈ ਕਿਸੇ ਲਈ ਵੀ ਭਾਰਤ ਦੇ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਹੈ।
ਪਰ ਇਸ ਦੇ ਉੱਪਰ-ਹੇਠਾਂ ਜਾਣ ਦਾ ਫ਼ੈਸਲਾ ਭਾਰਤ ਵਿੱਚ ਨਿਫਟੀ ਦੇ ਹੇਠਾਂ-ਉੱਪਰ ਜਾਣ ਨਾਲ ਹੀ ਤੈਅ ਹੋਵੇਗਾ।
ਕੰਪਨੀ ਦੇ ਸ਼ੇਅਰਾਂ ਦੇ ਨਾਂ ''ਤੇ ਵੀ ਅਜਿਹਾ ਹੀ ਸੌਦਾ ਕੀਤਾ ਜਾ ਸਕਦਾ ਹੈ ਕਿ ਭਾਰਤ ਵਿੱਚ ਕਿਸੇ ਕੰਪਨੀ ਦੇ ਸ਼ੇਅਰ ਉੱਪਰ ਜਾਣਗੇ ਜਾਂ ਹੇਠਾਂ, ਜਿਸ ਨਾਲ ਅਮਰੀਕਾ ਵਿੱਚ ਬੈਠੇ ਦੋ ਵਿਅਕਤੀ ਇੱਕ ਦੂਜੇ ਨਾਲ ਸੌਦਾ ਕਰ ਲੈਣ।
ਫਾਇਦੇ ਵਿੱਚ ਰਹੇਗਾ ਹਿੰਡਨਬਰ ਜਾਂ ਫਸੇਗਾ?
ਹਿੰਡਨਬਰਗ ਨੇ ਇਹ ਨਹੀਂ ਦੱਸਿਆ ਹੈ ਕਿ ਉਸ ਨੇ ਠੀਕ-ਠੀਕ ਕੀ ਅਤੇ ਕਿੰਨਾ ਵੱਡਾ ਸੌਦਾ ਕੀਤਾ ਹੈ।
ਪਰ ਚਰਚਾ ਹੈ ਕਿ ਅਮਰੀਕਾ ਵਿੱਚ ਦੂਜੇ ਵੱਡੇ ਸ਼ੌਰਟ ਸੇਲਰਾਂ ਲਈ ਵੀ ਇਹ ਇੱਕ ਪਹੇਲੀ ਬਣੀ ਹੋਈ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਹਿੰਡਨਬਰਗ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਜਦਕਿ ਅਡਾਨੀ ਗਰੁੱਪ ਅਤੇ ਸੇਬੀ ਨੇ ਉਨ੍ਹਾਂ ਸਵਾਰਾਂ ਦਾ ਕੋਈ ਜਵਾਬ ਦਿੱਤਾ ਹੀ ਨਹੀਂ।
ਹਾਲਾਂਕਿ, ਅਮਰੀਕੀ ਕਾਨੂੰਨ ਦੇ ਤਹਿਤ ਇਸ ਤਰ੍ਹਾਂ ਦੀ ਮੰਦੀ ਦੇ ਸੌਦੇ ਕਰਨ ਤੋਂ ਬਾਅਦ ਰਿਪੋਰਟ ਕੱਢਣ ਅਤੇ ਮੁਨਾਫ਼ਾ ਕਮਾਉਣ ਅਤੇ ਮੁਨਾਫ਼ਾ ਕਮਾਉਣ ''ਤੇ ਕੋਈ ਰੋਕ ਨਹੀਂ ਹੈ।
ਪਰ ਜੇਕਰ ਇਹ ਸਾਬਿਤ ਹੋ ਗਿਆ ਹੈ ਕਿ ਹਿੰਡਨਬਰਗ ਨੇ ਗ਼ਲਤ ਜਾਂ ਗੁੰਮਰਾਹਕੁਨ ਜਾਣਕਾਰੀ ਦੇ ਕੇ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਅਮਰੀਕਾ ਦੇ ਕਾਨੂੰਨ ਦੇ ਤਹਿਤ ਅਪਰਾਧ ਬਣਦਾ ਹੈ।
ਹਾਲਾਂਕਿ, ਹਿੰਡਨਬਰਗ ਨੇ ਅਡਾਨੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਮਰੀਕਾ ਵਿਚ ਉਸ ''ਤੇ ਕੇਸ ਕਰੇ।
ਦੂਜੀ ਸਮੱਸਿਆ ਉਨ੍ਹਾਂ ਤੱਥਾਂ ਵਿੱਚ ਹੈ ਜੋ ਹਿੰਡਨਬਰਗ ਨੇ ਆਪਣੇ ਇਲਜ਼ਾਮਾਂ ਦੇ ਨਾਲ ਇਸਤੇਮਾਲ ਕੀਤੇ ਹਨ। ਜੇਕਰ ਇਹ ਸਾਰੀ ਜਾਣਕਾਰੀ ਉਸ ਨੇ ਕੰਪਨੀ ਵੱਲੋਂ ਜਾ ਜਨਤਕ ਤੌਰ ''ਤੇ ਉਪਲਬਧ ਦਸਤਾਵੇਜ਼ਾਂ ਤੋਂ ਇਸਤੇਮਾਲ ਕੀਤੀ ਹੈ ਉਦੋਂ ਤਾਂ ਮੁਸ਼ਕਲ ਨਹੀਂ ਹੋਵੇਗੀ।
ਪਰ ਜੇਕਰ ਆਪਣੀ ਜਾਂਚ-ਪੜਤਾਲ ਨਾਲ ਉਨ੍ਹਾਂ ਨੇ ਅਜਿਹੀ ਜਾਣਕਾਰੀ ਕੱਢੀ ਹੈ, ਜੋ ਬਾਕੀ ਜਨਤਾ ਨੂੰ ਉਪਲਬਧ ਨਹੀਂ ਸੀ, ਤਾਂ ਇਸ ਜਾਣਕਾਰੀ ਨੂੰ ਸਾਹਮਣੇ ਲਿਆਏ ਬਿਨਾਂ ਸੌਦਾ ਕਰਨ ਨੂੰ ਇਨਸਾਈਡਰ ਟ੍ਰੇਡਿੰਗ ਮੰਨਿਆ ਜਾ ਸਕਦਾ ਹੈ।
ਅਜਿਹਾ ਹੋਇਆ ਤਾਂ ਫਿਰ ਹਿੰਡਨਬਰਗ ਮੁਸੀਬਤ ਵਿੱਚ ਆ ਜਾਵੇਗਾ।
ਪਰ ਉਸ ਦੀ ਮੁਸੀਬਤ ਜਦੋਂ ਆਵੇਗੀ ਉਦੋਂ ਆਵੇਗੀ। ਅਜੇ ਤਾਂ ਪਤਾ ਇਹੀ ਲੱਗਣਾ ਹੈ ਕਿ ਅਡਾਨੀ ਲਈ ਮੁਸੀਬਤ ਖੜੀ ਕਰ ਕੇ ਹਿੰਡਨਬਰਗ ਨੇ ਆਖ਼ਿਰ ਕਿੰਨਾ ਕਮਾਇਆ ਅਤੇ ਕਿਵੇਂ?
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮਹਿਲਾ ਟੀ-20 ਵਿਸ਼ਵ ਕੱਪ: ਸਭ ਤੋਂ ਛੋਟੀ ਉਮਰੇ ਦੋਹਰਾ ਸੈਂਕੜਾ ਮਾਰਨ ਸਣੇ ਉਹ ਕਾਰਨਾਮੇ ਜਿਨ੍ਹਾਂ ’ਚ...
NEXT STORY