ਰਾਤ ਦੇ ਹਨੇਰੇ ਵਿੱਚ ਸਜ-ਧਜ ਕੇ ਸੜਕ ’ਤੇ ਖੜ੍ਹੀ, ਗੱਡੀਆਂ ਨੂੰ ਨਿਹਾਰਦੀ ਅਲੀਸ਼ਾ, ਇਸ ਉਡੀਕ ਵਿੱਚ ਕਿ ਕੋਈ ਗੱਡੀ ਰੁਕੇ ਤੇ ਉਸ ਨੂੰ ਆਵਾਜ਼ ਦੇਵੇ।
ਅਲੀਸ਼ਾ ਇੱਕ ਸੈਕਸ ਵਰਕਰ ਹੈ। ਉਹ ਰਾਤ ਨੂੰ ਅਕਸਰ ਇਸੇ ਸੜਕ ਉੱਤੇ ਮਿਲਦੀ ਹੈ।
ਇੱਕ ਰਿਪੋਰਟਰ ਦੀ ਹੈਸੀਅਤ ਨਾਲ ਜਦੋਂ ਮੈਂ ਅਲੀਸ਼ਾ ਤੋਂ ਥੋੜ੍ਹੀ ਦੂਰ ਉਸੇ ਸੜਕ ਉੱਤੇ ਖੜ੍ਹੀ ਸੀ, ਤਾਂ ਮਨ ਵਿੱਚ ਇੱਕ ਡਰ ਸੀ, ਉਹ ਡਰ ਜੋ ਸ਼ਾਇਦ ਰਾਤ ਨੂੰ ਅਜਿਹੀ ਥਾਂ ਖੜ੍ਹਾ ਹੋਣ ’ਤੇ ਕਿਸੇ ਵੀ ਕੁੜੀ ਨੂੰ ਲੱਗੇਗਾ।
ਪਰ ਕੀ ਅਲੀਸ਼ਾ ਸਾਡੇ ਸਭ ਤੋਂ ਵੱਖ ਹੈ? ਬੇਖੌਫ਼ ਨਜ਼ਰ ਆ ਰਹੀ ਅਲੀਸ਼ਾ ਦੇ ਦਿਲ ਵਿੱਚ ਕੋਈ ਡਰ ਨਹੀਂ ਹੈ?
ਰਾਤ ਦੇ ਹਨੇਰੇ ਤੋਂ ਬਾਅਦ ਸਵੇਰ ਦੀ ਰੌਸ਼ਨੀ ਵਿੱਚ ਜਦੋਂ ਅਲੀਸ਼ਾ ਤੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦੀ ਹੈ, “ਡਰ ਤਾਂ ਹੁੰਦਾ ਹੈ, ਜਦੋਂ ਅਸੀਂ ਰਾਤ ਨੂੰ ਕਿਸੇ ਦੇ ਨਾਲ ਜਾਂਦੇ ਹਾਂ ਤਾਂ ਇੱਕ ਖੌਫ ਬਣਿਆ ਰਹਿੰਦਾ ਹੈ, ਕਿ ਵਾਪਿਸ ਜ਼ਿੰਦਾ ਮੁੜਾਂਗੇ ਜਾਂ ਨਹੀਂ।‘''
(ਦੇ ਨਾਲ ਮਿਲ ਕੇ ਕੀਤੀ ਗਈ ਇਹ ਕਹਾਣੀ BBCShe ਪ੍ਰੋਜੈਕਟ ਦੇ ਤਹਿਤ ਹੋਈ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਮਹਿਲਾ ਪਾਠਕਾਂ ਤੇ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਪੱਤਰਕਾਰਤਾ ਕਰ ਰਹੇ ਹਾਂ। BBCShe ਪ੍ਰੋਜੈਕਟ ਦੇ ਬਾਰੇ ਵਧੇਰੇ ਜਣਕਾਰੀ ਲਈ )
ਸੈਕਸ ਵਰਕ ਅਲੀਸ਼ਾ ਦੀ ਜ਼ਿੰਦਗੀ ਦੀ ਉਲਝੀ ਹੋਈ ਗੁੱਥੀ ਦਾ ਪਹਿਲੂ ਹੈ। ਉਹ ਇਸਦੇ ਲਈ ਸ਼ਰਮਿੰਦਾ ਨਹੀਂ, ਪਰ ਉਨ੍ਹਾਂ ਦੀ ਪਹਿਲੀ ਪਸੰਦ ਵੀ ਨਹੀਂ ਹੈ।
ਕਈ ਸਾਲਾਂ ਤੋਂ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿ ਰਹੀ ਅਲੀਸ਼ਾ ਇੱਕ ਟਰਾਂਸਜੈਂਡਰ ਹੈ। ਉਹ ਆਸ਼ੂ ਤੋਂ ਅਲੀਸ਼ਾ ਬਣੇ ਤਾਂ ਜੋ ਖੁੱਲ੍ਹ ਕੇ ਆਪਣੀ ਪਛਾਣ ਦੇ ਨਾਲ ਰਹਿ ਸਕਣ। ਪਰ ਉਹ ਆਜ਼ਾਦੀ ਸੈਕਸ ਵਰਕ ਦੀ ਕੀਮਤ ਉੱਤੇ ਆਈ।
ਪਟਨਾ ਦੀ ਰਹਿਣ ਵਾਲੀ ਅਲੀਸ਼ਾ ਨੂੰ ਬਹੁਤ ਛੋਟੀ ਉਮਰ ਵਿੱਚ ਆਪਣਾ ਘਰ ਛੱਡਣਾ ਪਿਆ ਸੀ। ਇਕੱਲੇ ਰਹਿ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਇਹੀ ਜ਼ਰੀਆ ਬਣਿਆ।
“ਤੂੰ ਨਾ ਮੁੰਡਿਆ ਵਿੱਚ ਆਉਂਦਾ ਹੈ ਤੇ ਨਾ ਹੀ ਕੁੜੀਆਂ ਵਿੱਚ”
ਘਰ ਛੱਡਣਾ ਬਹੁਤ ਦਰਦ ਭਰਿਆ ਸੀ। ਅਲੀਸ਼ਾ ਨੂੰ ਅੱਜ ਵੀ ਯਾਦ ਹੈ, ‘’ਮੰਮੀ ਦੀ ਸਾੜੀ ਪਹਿਨਣਾ, ਲਿਪਸਟਿਕ ਲਗਾਉਣਾ, ਨੇਲ ਪਾਲਿਸ਼ ਲਗਾਉਣਾ, ਚੂੜੀਆਂ ਪਹਿਨਣਾ, ਕੁੜੀਆਂ ਦੇ ਨਾਲ ਖੇਡਣਾ... ਅਤੇ ਮੰਮੀ ਦਾ ਉਹ ਸਭ ਨਾਪਸੰਦ ਕਰਨਾ।”
ਮੰਮੀ ਦੀ ਨਜ਼ਰ ਵਿੱਚ ਮੁੰਡਾ ਪੈਦਾ ਹੋਇਆ ਸੀ, ਉਸਦਾ ਨਾਮ ਆਸ਼ੂ ਰੱਖਿਆ ਅਤੇ ਹਮੇਸ਼ਾ ਉਸ ਨਾਲ ਮੁੰਡਿਆ ਵਰਗੇ ਵਰਤਾਰੇ ਦੀ ਉਮੀਦ ਕੀਤੀ।
ਪਰ ਅਲੀਸ਼ਾ ਕਹਿੰਦੀ ਹੈ ਕਿ ਉਨ੍ਹਾਂ ਅੰਦਰ ਸ਼ੁਰੂ ਤੋਂ ਕੁੜੀਆਂ ਵਾਲੀਆਂ ਭਾਵਨਾਵਾਂ ਸਨ। ਇਸਦਾ ਅੰਦਾਜ਼ਾ ਉਨ੍ਹਾਂ ਦੀ ਮੰਮੀ ਨੂੰ ਸ਼ਾਇਦ ਹੋ ਵੀ ਗਿਆ ਸੀ ਪਰ, “ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਹੋਰ ਨੂੰ ਪਤਾ ਲੱਗੇ ਤੇ ਮੈਨੂੰ ਵੀ ਹਮੇਸ਼ਾ ਇਹੀ ਕਹਿੰਦੀ ਸੀ ਕਿ ਆਸ਼ੂ ਤੂੰ ਮੁੰਡਿਆਂ ਦੀ ਤਰ੍ਹਾਂ ਰਿਹਾ ਕਰ।”
ਇੱਕ ਘੁਟਨ ਜਿਹੀ ਸੀ, ਅਤੇ ਫਿਰ ਇੱਕ ਅਜਿਹਾ ਹਾਦਸਾ ਹੋਇਆ ਜਿਸ ਨੇ ਸਭ ਕੁਝ ਬਰਦਾਸ਼ਤ ਤੋਂ ਬਾਹਰ ਕਰ ਦਿੱਤਾ।
ਉਹ ਸਿਰਫ਼ 13 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਟਿਊਸ਼ਨ ਟੀਚਰ ਨੇ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਸੀ। ਨਾਲ ਹੀ ਉਨ੍ਹਾਂ ਦੇ ਅਧੂਰੇਪਣ ਦਾ ਮਜ਼ਾਕ ਵੀ ਉਡਾਇਆ ਸੀ।
ਅਲੀਸ਼ਾ ਦੱਸਦੇ ਹਨ, “ਮੇਰੇ ਟੀਚਰ ਨੇ ਕਿਹਾ ਤੈਨੂੰ ਪਤਾ ਹੈ ਤੂੰ ਕੌਣ ਹੈ? ਨਾ ਤੂੰ ਮੁੰਡਿਆਂ ਵਿੱਚ ਆਉਂਦਾ ਹੈ ਤੇ ਨਾ ਹੀ ਕੁੜੀਆਂ ਵਿੱਚ, ਤੇਰੇ ਵਰਗੇ ਲੋਕਾਂ ਨੂੰ ਸਮਾਜ ਵਿੱਚ ਕੋਈ ਨਹੀਂ ਅਪਣਾਉਂਦਾ।”
ਅਲੀਸ਼ਾ ਮੁਤਾਬਕ ਟੀਚਰ ਨੇ ਉਨ੍ਹਾਂ ਲਈ ਕਾਫ਼ੀ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਧਮਕਾਇਆ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰੋਂ ਕੱਢ ਦੇਣਗੇ।
ਇੱਕ ਪਾਸੇ ਸਰੀਰਕ ਹਿੰਸਾ ਦਾ ਦਰਦ, ਦੂਜੇ ਪਾਸੇ ਟੀਚਰ ਵੱਲੋਂ ਦਿੱਤਾ ਗਿਆ ਮਾਨਸਿਕ ਤਣਾਅ, ਘਰ-ਪਰਿਵਾਰ ਦਾ ਪਿਆਰ ਤੇ ਹਮਦਰਦੀ ਵੀ ਨਾ ਮਿਲੀ।
ਅਲੀਸ਼ਾ ਕਾਫ਼ੀ ਦਰਦ ਵਿੱਚ ਸੀ। ਇੱਕ-ਦੋ ਵਾਰ ਪਰਿਵਾਰ ਵਿੱਚ ਭੈਣ ਜਾਂ ਮਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਖੁੱਲ੍ਹ ਕੇ ਕੁਝ ਵੀ ਨਾ ਕਹਿ ਸਕੀ। ਆਖ਼ਰ ਘਰ ਛੱਡਣ ਤੋਂ ਇਲਾਵਾ ਕੋਈ ਰਸਤਾ ਸਮਝ ਨਾ ਆਇਆ।
ਆਸ਼ੂ ਤੋਂ ਅਲੀਸ਼ਾ
ਇੱਕ ਮੁੰਡੇ ਦੇ ਸਰੀਰ ਵਿੱਚ ਬੰਦ ਆਸ਼ੂ ਆਪਣੀ ਨਵੀਂ ਪਛਾਣ- ਅਲੀਸ਼ਾ- ਬਣਾਉਣਾ ਚਾਹੁੰਦੀ ਸੀ। ਪਰ ਉਸਦੇ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਸੀ।
ਉਹ ਆਪਣੇ ਇੱਕ ਦੋਸਤ ਦੇ ਭਰੋਸੇ ਦਿੱਲੀ ਆ ਗਈ। ਇੱਥੇ ਉਹ ਆਪਣੇ ‘ਗੁਰੂ’ ਨੂੰ ਮਿਲੀ।
ਟਰਾਂਸਜੈਂਡਰ ਭਾਈਚਾਰੇ ਵਿੱਚ ਅਕਸਰ ਪਰਿਵਾਰ ਨੂੰ ਛੱਡ ਇਕੱਲੇ ਰਹਿ ਰਹੇ ਲੋਕ, ਇਕੱਠੇ ਹੋ ਕੇ ਇੱਕ ‘ਗੁਰੂ’ ਦੀ ਸ਼ਰਨ ਵਿੱਚ ਰਹਿੰਦੇ ਹਨ।
ਅਲੀਸ਼ਾ ਕਹਿੰਦੇ ਹਨ, “ਉਨ੍ਹਾਂ ਨੂੰ ਅਸੀਂ ਆਪਣੇ ਮਾਤਾ-ਪਿਤਾ ਦਾ ਦਰਜਾ ਦਿੰਦੇ ਹਾਂ, ਉਨ੍ਹਾਂ ਕਾਰਨ ਹੀ ਮੈਂ ਇੱਥੇ ਆਪਣੇ ਪੈਰਾਂ ਉੱਤੇ ਖੜ੍ਹੀ ਹਾਂ। ਮੈਂ ਜਦੋਂ ਦਿੱਲੀ ਆਈ ਤਾਂ ਉਨ੍ਹਾਂ ਨੇ ਹੀ ਮੈਨੂੰ ਸੈਕਸ ਵਰਕ ਦੇ ਕੰਮ ਉੱਤੇ ਲਗਾਇਆ ਸੀ।”
ਜਦੋਂ ਪਹਿਲੀ ਵਾਰ ਅਲੀਸ਼ਾ ਨੂੰ ਸੈਕਸ ਵਰਕ ਲਈ ਭੇਜਿਆ ਗਿਆ ਤਾਂ ਉਨ੍ਹਾਂ ਨੂੰ 4000 ਰੁਪਏ ਮਿਲੇ।
ਅਲੀਸ਼ਾ ਕਹਿੰਦੇ ਹਨ, ”ਮੈਂ ਉਸ ਸਮੇਂ ਪਹਿਲੀ ਵਾਰ ਇੰਨੇ ਪੈਸੇ ਦੇਖੇ ਸਨ ਅਤੇ ਸਿਰਫ਼ 10 ਮਿੰਟ ਦੇ ਕੰਮ ਲਈ ਮੈਨੂੰ ਇੰਨੇ ਪੈਸੇ ਮਿਲ ਗਏ, ਮੈਂ ਬਹੁਤ ਖੁਸ਼ ਹੋ ਗਈ ਸੀ।”
ਪਰ ਇਹ ਜ਼ਿੰਦਗੀ ਕਾਫ਼ੀ ਮੁਸ਼ਕਲਾਂ ਭਰੀ ਹੈ। ਉਨ੍ਹਾਂ ਨੂੰ ਹਰ ਵੇਲੇ ਖੌਫ਼ ਦਾ ਸਾਹਮਣਾ ਕਰਨਾ ਪੈਂਦਾ ਹੈ।
14-15 ਸਾਲ ਤੋਂ ਇਹ ਕੰਮ ਕਰ ਰਹੇ ਅਲੀਸ਼ਾ ਕਹਿੰਦੇ ਹਨ, ‘’ਕਈ ਵਾਰ ਕਸਟਮਰ ਸਾਡੇ ਨਾਲ ਬਦਤਮੀਜ਼ੀ ਕਰਦੇ ਹਨ, ਮਾਰਕੁੱਟ ਕਰਦੇ ਹਨ, ਗ਼ਲਤ ਬੋਲਦੇ ਹਨ ਅਤੇ ਕਈ ਵਾਰ ਤਾਂ ਸਾਡਾ ਪਰਸ ਵੀ ਚੋਰੀ ਕਰਕੇ ਲੈ ਜਾਂਦੇ ਹਨ।”
ਹੌਲੀ-ਹੌਲੀ ਇੰਨੇ ਪੈਸਿਆਂ ਦੀ ਬਚਤ ਹੋ ਗਈ ਕਿ ਉਹ ਸਰਜਰੀ ਕਰਵਾ ਕੇ ਕੁੜੀ ਵਰਗਾ ਸਰੀਰ ਹਾਸਲ ਕਰ ਸਕੇ। ਕਰੀਬ 3 ਸਾਲ ਪਹਿਲਾਂ ਇੱਕ ਲੰਬੇ ਇਲਾਜ ਜ਼ਰੀਏ ਆਸ਼ੂ ਪੂਰੀ ਤਰ੍ਹਾਂ ਅਲੀਸ਼ਾ ਬਣੇ ਗਏ।
ਹੁਣ ਅਗਲਾ ਪੜਾਅ ਸੀ ਜ਼ਿੰਦਗੀ ਨੂੰ ਹੋਰ ਮਾਅਨੇ ਦੇਣਾ। ਟਰਾਂਸਜੈਂਡਰ ਅਤੇ ਸੈਕਸ ਵਰਕਰ ਦੀ ਪਛਾਣ ਤੋਂ ਜ਼ਿੰਦਗੀ ਨੂੰ ਅੱਗੇ ਲੈ ਜਾਣਾ।
ਪਛਾਣ ਦੀ ਤਲਾਸ਼
ਅਜਿਹਾ ਨਹੀਂ ਕਿ ਅਲੀਸ਼ਾ ਨੇ ਕੋਈ ਹੋਰ ਕੰਮ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਹ ਉਹੀ ਦੌਰ ਸੀ ਜਦੋਂ ਭਾਰਤ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਪਛਾਣ ਤੇ ਕਈ ਅਧਿਕਾਰ ਮਿਲੇ।
ਸਾਲ 2014 ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਤੀਜੇ ਲਿੰਗ ਦੇ ਰੂਪ ਵਿੱਚ ਟਰਾਂਸਜੈਂਡਰਾਂ ਨੂੰ ਮਾਨਤਾ ਦਿੱਤੀ ਸੀ।
ਕੋਰਟ ਨੇ ਟਰਾਂਸਜੈਂਡਰਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹੁਕਮ ਦਿੱਤੇ ਸਨ ਕਿ ਪਿੱਛੜਾ ਵਰਗ ਹੋਣ ਕਰਕੇ ਇਨ੍ਹਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ।
ਸੰਵਿਧਾਨ ਦੇ ਆਰਟੀਕਲ 14, 16 ਅਤੇ 21 ਵੀ ਦੇਸ਼ ਦੇ ਹਰ ਨਾਗਰਿਕ ਨੂੰ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਮਾਨਤਾ ਦਾ ਅਧਿਕਾਰ ਦਿੰਦੇ ਹਨ।
ਫਿਰ ਸਾਲ 2019 ਵਿੱਚ ਸੰਸਦ ਨੇ ਟਰਾਂਸਜੈਂਡਰਾਂ ਦੇ ਇਨ੍ਹਾਂ ਅਧਿਕਾਰਾਂ ਨੂੰ ਕਾਨੂੰਨ ਦੀ ਸ਼ਕਲ ਦਿੰਦੇ ਹੋਏ ਟਰਾਂਸਜੈਂਡਰ ਪ੍ਰੋਟੈਕਸ਼ਨ ਆਫ ਰਾਈਟਸ ਕਾਨੂੰਨ ਬਣਾਇਆ।
ਪਰ ਜ਼ਮੀਨੀ ਹਕੀਕਤ ਅਜੇ ਵੀ ਬਦਲੀ ਨਹੀਂ ਹੈ। ਅਲੀਸ਼ਾ ਦੇ ਲਈ ਰੁਜ਼ਗਾਰ ਹਾਸਲ ਕਰਨਾ ਨਾਮੁਮਕਿਨ ਜਿਹਾ ਬਣਿਆ ਹੋਇਆ ਹੈ।
ਇਹ ਉਦੋਂ ਜਦੋਂ ਅਲੀਸ਼ਾ ਨੇ ਛੋਟੀ ਉਮਰ ਵਿੱਚ ਘਰ ਛੱਡਣ ਦੇ ਬਾਵਜੂਦ ਬਹੁਤ ਜ਼ਿਆਦਾ ਜੱਦੋਜਹਿਦ ਕਰਕੇ ਦਿੱਲੀ ਵਿੱਚ ਸਕੂਲੀ ਪੜ੍ਹਾਈ ਪੂਰੀ ਕੀਤੀ।
ਅਲੀਸ਼ਾ ਦੱਸਦੇ ਹਨ, ‘’ਕਿਤੇ ਜਾਓ ਤਾਂ ਸਭ ਤੋਂ ਪਹਿਲਾਂ ਟਰਾਂਸਜੈਂਡਰ ਦਾ ਸਰਟੀਫਿਕੇਟ ਹੀ ਮੰਗਿਆ ਜਾਂਦਾ ਹੈ ਅਤੇ ਗਾਰਡ ਦੇਖਦੇ ਹੀ ਪੌੜੀਆਂ ਤੋਂ ਹੇਠਾਂ ਉਤਾਰ ਦਿੰਦਾ ਹੈ।‘’
ਆਸ਼ੂ ਤੋਂ ਬਣੀ ਅਲੀਸ਼ਾ ਦੀ ਕਹਾਣੀ
- ਅਲੀਸ਼ਾ ਟਰਾਂਸਜੈਂਡਰ ਹਨ। ਆਪਣੀ ਪਛਾਣ ਨਾਲ ਜਿਉਣ ਲਈ ਉਨ੍ਹਾਂ ਨੂੰ ਵੱਡੀ ਕੀਮਤ ਚੁਕਾਉਣੀ ਪਈ।
- ਸੈਕਸ ਵਰਕਰ ਬਣਨਾ ਅਲੀਸ਼ਾ ਦੀ ਪਹਿਲੀ ਪਸੰਦ ਤਾਂ ਨਹੀਂ ਸੀ ਪਰ ਜਦੋਂ 13 ਸਾਲ ਦੀ ਉਮਰ ਲਈ ਘਰ ਛੱਡਣਾ ਪਿਆ ਤਾਂ ਰੋਜ਼ੀ-ਰੋਟੀ ਲਈ ਇਹ ਕੰਮ ਚੁਣਨਾ ਪਿਆ।
- ਉਹ ਮੁੰਡੇ ਦੇ ਸਰੀਰ ਵਿੱਚ ਪੈਦਾ ਹੋਈ ਤੇ ਨਾਮ ਰੱਖਿਆ ਗਿਆ ਸੀ ਆਸ਼ੂ। ਅਲੀਸ਼ਾ ਬਣਨ ਲਈ ਮਹਿੰਗੀ ਸੈਕਸ ਚੇਂਜ ਸਰਜਰੀ ਕਰਵਾਉਣੀ ਪਈ।
- ਫਿਰ ਇੱਕ ਸੁਨਿਹਰਾ ਮੌਕਾ ਮਿਲਿਆ- ਇੱਕ ਐੱਨਜੀਓ ਦੇ ਨਾਲ ਮਿਲ ਕੇ ਟਰਾਂਸਜੈਂਡਰਾਂ ਦੀ ਸਿਹਤ ਉੱਤੇ ਕੰਮ ਕਰਨ ਦਾ। ਜਿਸ ਨੇ ਅਲੀਸ਼ਾ ਨੂੰ ਨਵੀਂ ਪਛਾਣ ਦਿੱਤੀ।
- ਭਾਵੇਂ ਹੀ ਸਮਾਜ ਨੇ ਉਨ੍ਹਾਂ ਨੂੰ ਅਧੂਰਾ ਮਹਿਸੂਸ ਕਰਵਾਇਆ ਪਰ ਅਲੀਸ਼ਾ ਕਹਿੰਦੇ ਬਨ ਕਿ ਭਗਵਾਨ ਦੀ ਨਜ਼ਰ ਵਿੱਚ ਉਹ ਸੰਪੂਰਨ ਹਨ।
ਆਪਣੇ ਭਾਈਚਾਰੇ ਵਿੱਚ ਬਣੀ ਲੀਡਰ
ਪਰ ਇੱਕ ਥਾਂ ਉਨ੍ਹਾਂ ਨੂੰ ਇੱਕ ਮੌਕਾ ਮਿਲਿਆ। ਜਦੋਂ ਉਨ੍ਹਾਂ ਦੀ ਗੁਰੂ ਨੇ ਇੱਕ ਪ੍ਰੋਗਰਾਮ ਵਿੱਚ ਟਰਾਂਸਜੈਂਡਰਾਂ ਦੀ ਸਿਹਤ ਤੇ ਸਰੀਰਕ ਸਬੰਧੀ ਮੁੱਦਿਆਂ ਉੱਤੇ ਕੰਮ ਕਰਨ ਵਾਲੇ ਐਨਜੀਓ ਨਾਲ ਮਿਲਾਇਆ।
ਅਲੀਸ਼ਾ ਦੇ ਗੱਲਬਾਤ ਦੇ ਲਹਿਜ਼ੇ ਅਤੇ ਸਵੈਭਰੋਸੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਉਸ ਨੂੰ ਨੌਕਰੀ ਦੇ ਦਿੱਤੀ। ਹੁਣ ਉਹ ਹੈਲਥ ਵਰਕਰ ਦੇ ਤੌਰ ’ਤੇ ਆਪਣੇ ਭਾਈਚਾਰੇ ਵਿੱਚ ਕਿਸੇ ਲੀਡਰ ਤੋਂ ਘੱਟ ਨਹੀਂ ਹੈ।
ਅਲੀਸ਼ਾ ਕਹਿੰਦੇ ਹਨ, “ਇੱਕ ਕਹਾਵਤ ਹੈ ਕਿ ਜਦੋਂ ਤੱਕ ਤੁਸੀਂ ਸਮਾਜ ਵਿੱਚ ਖ਼ੁਦ ਨਾ ਉੱਠੋ ਤੁਹਾਨੂੰ ਦਬਾਇਆ ਹੀ ਜਾਂਦਾ ਹੈ, ਲੋਕ ਤੁਹਾਨੂੰ ਚੈਨ ਨਾਲ ਜਿਉਣ ਨਹੀਂ ਦਿੰਦੇ।”
ਹੁਣ ਉਹ ਟਰਾਂਸਜੈਂਡਰਾਂ ਅਤੇ ਸੈਕਸ ਵਰਕਰਾਂ ਨੂੰ ‘’ਏਡਜ਼’’ ਅਤੇ ਕਈ ਬਿਮਾਰੀਆਂ ਬਾਰੇ ਜਾਗਰੂਕ ਕਰਦੇ ਹਨ। ਉਨ੍ਹਾਂ ਨੂੰ ਦਵਾਈਆਂ ਦਵਾਉਂਦੇ ਹਨ ਅਤੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਵੀ ਕਰਵਾਉਂਦੇ ਹਨ।
ਗੁਰੂਗ੍ਰਾਮ ਵਿੱਚ ਇਸ ਐਨਜੀਓ, ‘ਸੁਸਾਇਟੀ ਫਾਰ ਸਰਵਿਸ ਟੂ ਵਾਲੰਟਰੀ ਅਜੈਂਸਿਜ਼’, ਵਿੱਚ ਅਲੀਸ਼ਾ ਨੂੰ ਪਰਿਵਾਰ ਵਰਗਾ ਅਪਣਾਪਨ ਲਗਦਾ ਹੈ।
ਅਕਸਰ ਟਰਾਂਸਜੈਂਡਰ ਇੱਥੇ ਇਕੱਠੇ ਹੁੰਦੇ ਹਨ ਅਤੇ ਆਪਣੀਆਂ ਪ੍ਰੇਸ਼ਾਨੀਆਂ ਦੇ ਹਲ ਤੋਂ ਇਲਾਵਾ ਤਿਉਹਾਰ ਅਤੇ ਖੁਸ਼ੀਆਂ ਵੀ ਨਾਲ ਮਿਲ ਕੇ ਮਨਾਉਂਦੇ ਹਨ।
ਸਮਾਜ ਲਈ ਅਧੂਰੇ, ਭਗਵਾਨ ਦੀ ਨਜ਼ਰ ਵਿੱਚ ਪੂਰੇ
ਇਸ ਸਭ ਦੇ ਬਾਵਜੂਦ ਅਲੀਸ਼ਾ ਕਹਿੰਦੇ ਹਨ, “ਇੰਨੇ ਸਾਲਾਂ ਬਾਅਦ ਵੀ ਜੋ ਮਿਹਣੇ ਪਿੰਡ ਵਿੱਚ ਸੁਣਨ ਨੂੰ ਮਿਲਦੇ ਸਨ, ਉਹ ਇੱਥੇ ਸ਼ਹਿਰ ਵਿੱਚ ਵੀ ਮਿਲਦੇ ਹਨ, ਜਦੋਂ ਅਸੀਂ ਰੋਡ ’ਤੇ ਚਲਦੇ ਹਾਂ ਤਾਂ ਲੋਕ ਸਾਨੂੰ ਹਿੱਜੜਾ, ਛੱਕਾ, ਜੁਗਾੜੂ... ਵਰਗੇ ਨਾਵਾਂ ਨਾਲ ਬੁਲਾਉਂਦੇ ਹਨ।”
ਮੈਂ ਵੀ ਜਦੋਂ ਅਲੀਸ਼ਾ ਦੇ ਨਾਲ ਸੀ, ਜਦੋਂ ਉਸਦਾ ਇੰਟਰਵਿਊ ਕਰ ਰਹੀ ਸੀ ਤਾਂ ਹਰ ਵੇਲੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਦੇਖਣ ਦਾ ਲੋਕਾਂ ਦਾ ਨਜ਼ਰੀਆ ਬਿਲਕੁਲ ਹੀ ਵੱਖਰਾ ਸੀ।
ਸ਼ਾਇਦ ਇਸੇ ਕਾਰਨ ਹੀ ਅਲੀਸ਼ਾ ਵੀ ਆਪਣੀ ਨਜ਼ਰ ਵਿੱਚ ਅਧੂਰੇ ਹੀ ਹਨ,, “ਨਾ ਤਾਂ ਅਸੀਂ ਮੁੰਡਿਆਂ ਦੀ ਲਾਈਨ ਵਿੱਚ ਲੱਗ ਸਕਦੇ ਹਾਂ ਤੇ ਨਾ ਹੀ ਕੁੜੀਆਂ ਦੀ, ਰੱਬ ਨੇ ਸਾਨੂੰ ਬਣਾਇਆ ਤਾਂ ਪਰ ਪੂਰਾ ਨਹੀਂ ਕੀਤਾ, ਅਸੀਂ ਤਾਂ ਕੁਦਰਤ ਦੇ ਬਣਾਏ ਹੋਏ ਬਸ ਪੁਤਲੇ ਹਾਂ।”
ਜਿਉਣ ਦਾ ਹੌਸਲਾ ਬਣਾਈ ਰੱਖਣ ਲਈ ਉਹ ਰੱਬ ਦਾ ਰੁਖ ਕਰਦੇ ਹਨ, ਖ਼ੁਦ ਨੂੰ ਕ੍ਰਿਸ਼ਨ ਦੀ ਸਖੀ ਮੰਨਦੇ ਹਨ।
ਸਿਰ ਚੁੱਕ ਕੇ ਤੁਰਦੇ ਹਨ ਤੇ ਰੱਬ ਅੱਗੇ ਝੁਕਾਉਂਦੇ ਵੀ ਹਨ।
ਸਮਾਜ ਨੇ ਜੋ ਅਧੂਰਾਪਣ ਉਨ੍ਹਾਂ ਨੂੰ ਮਹਿਸੂਸ ਕਰਵਾਇਆ ਹੈ, ਅਲੀਸ਼ਾ ਕਹਿੰਦੇ ਹਨ ਕਿ ਭਗਵਾਨ ਨੇ ਉਨ੍ਹਾਂ ਨੂੰ ਸੰਪੂਰਨ ਕੀਤਾ ਹੈ।
(ਸੀਰੀਜ਼ ਪ੍ਰੋਡਿਊਸਰ – ਦਿਵਿਆ ਆਰਿਆ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਅਮ੍ਰਿਤਪਾਲ ਸਿੰਘ: ''ਵਾਰਿਸ ਪੰਜਾਬ ਦੇ'' ਜਥੇਬੰਦੀ ਦੇ ਗਠਨ ਦਾ ਕੀ ਮਕਸਦ ਸੀ ਤੇ ਹੁਣ ਇਸ ਵਿੱਚ ਕੀ ਮੋੜ ਆਇਆ
NEXT STORY