ਭਾਰਤ ਦੇ ਸਭ ਤੋਂ ਵੱਡੇ ਰੇਲ ਹਾਦਸਿਆਂ ਵਿੱਚੋਂ ਇੱਕ, ਬਾਲਾਸੋਰ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਤੱਕ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ 187 ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਹਾਦਸੇ ਦੀ ਖ਼ਬਰ ਫੈਲਦਿਆਂ ਹੀ ਪੀੜਤ ਪਰਿਵਾਰ ਬਾਲਾਸੋਰ ਪਹੁੰਚਣੇ ਸ਼ੁਰੂ ਹੋ ਗਏ ਸਨ।
ਅਜਿਹੇ ਹੀ ਕਈ ਪਰਿਵਾਰ ਬਾਲਾਸੋਰ ਦੇ ਇੱਕ ਬਿਜ਼ਨਸ ਪਾਰਕ ਵਿੱਚ ਪਹੁੰਚ ਰਹੇ ਹਨ, ਜਿੱਥੇ ਇੱਕ ਵੱਡੇ ਹਾਲ ਵਿੱਚ ਬਹੁਤ ਸਾਰੀਆਂ ਲਾਸ਼ਾਂ ਰੱਖੀਆਂ ਗਈਆਂ ਸਨ।
ਕੋਈ ਪਤੀ ਨੂੰ ਭਾਲ਼ ਰਿਹਾ ਕੋਈ ਪੁੱਤ ਨੂੰ
ਪਾਰਕ ਦੀਆਂ ਪੌੜੀਆਂ ''ਤੇ ਸਾਨੂੰ ਮਾਲਦਾ ਦੇ ਰਹਿਣ ਵਾਲੇ ਸੀਮਾ ਚੌਧਰੀ ਬੈਠੀ ਮਿਲੀ, ਜੋ ਆਪਣੇ ਪਤੀ ਦੀਪਾਂਕਰ ਮੰਡਲ ਨੂੰ ਲੱਭ ਰਹੇ ਸਨ।
ਪੀੜਿਤ ਪਰਿਵਾਰਾਂ ਦੀਆਂ ਅੱਖਾਂ ਵਿੱਚ ਮ੍ਰਿਤਕ ਦੇਹਾਂ ਵਿੱਚੋਂ ਆਪਣੇ ਪਿਆਰਿਆਂ ਨੂੰ ਲੱਭਣ ਦਾ ਦਰਦ ਸਾਫ਼ ਨਜ਼ਰ ਆ ਰਿਹਾ ਹੈ।
ਲਾਸ਼ਾਂ ਦੇ ਢੇਰ ਵਿੱਚ ਇੱਕ ਉਮੀਦ ਕਿ ਸ਼ਾਇਦ ਉਹ ਆਪਣੇ ਪਿਆਰਿਆਂ ਨੂੰ ਆਖ਼ਰੀ ਵਾਰ ਦੇਖ ਸਕਣ।
ਇਮਾਰਤ ਦੀ ਬਾਹਰਲੀ ਪੌੜੀ ''ਤੇ ਸੀਮਾ ਫੋਨ ''ਤੇ ਰੋਂਦੇ ਹੋਏ ਬੰਗਾਲੀ ''ਚ ਕਿਸੇ ਨੂੰ ਆਪਣਾ ਦੁੱਖ ਬਿਆਨ ਕਰ ਰਹੇ ਸਨ।
ਉਨ੍ਹਾਂ ਨੇ ਰੋਂਦੇ ਹੋਏ ਸਾਨੂੰ ਦੱਸਿਆ, "ਮੈਂ ਸਾਰੇ ਹਸਪਤਾਲ ਦੇਖ ਲਏ ਹਨ। ਹੁਣ ਮੈਂ ਭੁਵਨੇਸ਼ਵਰ ਜਾਵਾਂਗੀ। ਇੱਥੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਮੈਂ ਬਾਡੀ ਚੈਕ ਕੀਤੀ, ਕੁਝ ਪਤਾ ਨਹੀਂ ਲੱਗ ਰਿਹਾ।"
ਬਿਜ਼ਨਸ ਪਾਰਕ ਵਿੱਚ ਆਏ ਇਹ ਪਰਿਵਾਰ ਛੋਟੇ-ਛੋਟੇ ਪਿੰਡਾਂ, ਇਲਾਕਿਆਂ ਤੋਂ ਆਏ ਸਨ, ਅਜਿਹੇ ਇਲਾਕੇ ਜਿੱਥੇ ਰੇਲਗੱਡੀਆਂ ਹੀ ਸਫ਼ਰ ਕਰਨ ਦਾ ਇੱਕ ਸੌਖਾ ਸਾਧਨ ਰਹੀਆਂ ਹਨ।
ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ
ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ
ਹੁਣ ਤੱਕ ਮੌਤਾਂ - 275
ਕੁੱਲ ਜ਼ਖ਼ਮੀਂ - ਲਗਭਗ 1000
ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।
100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।
200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।
ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।
ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।
ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।
ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।
ਮ੍ਰਿਤਕਾਂ ਦੀਆਂ ਤਸਵੀਰਾਂ ''ਚ ਆਪਣਿਆਂ ਦੀ ਤਲਾਸ਼
ਅਧਿਕਾਰੀ ਅਤੇ ਵਲੰਟੀਅਰ ਲੋਕਾਂ ਦੀ ਮਦਦ ਲਈ ਬਿਜ਼ਨਸ ਪਾਰਕ ਦੇ ਬਾਹਰ ਮੌਜੂਦ ਸਨ।
ਅੰਦਰ ਕੌਰੀਡੋਰ ਤੋਂ ਹੁੰਦੇ ਹੋਏ, ਸ਼ੀਸ਼ੇ ਦੇ ਦਰਵਾਜ਼ੇ ਤੋਂ ਪਰਲੇ ਪਾਸੇ ਇੱਕ ਵੱਡਾ ਹਾਲ ਕਮਰਾ ਹੈ।
ਇਸੇ ਹਾਲ ਦੇ ਇੱਕ ਹਿੱਸੇ ਵਿੱਚ ਫਰਸ਼ ''ਤੇ ਵਿਛੀ ਕਾਲੀ ਪਾਲੀਥੀਨ ਦੀ ਮੋਟੀ ਚਾਦਰ ''ਤੇ ਪਿਘਲੀ ਹੋਈ ਬਰਫ਼ ਵਿੱਚ ਭਿੱਜਿਆ ਇੱਕ ਮੋਬਾਈਲ ਫ਼ੋਨ, ਕਪੜਿਆਂ ਨਾਲ ਭਰੇ ਕਈ ਥੈਲੇ, ਤੰਬਾਕੂ ਦੀ ਇੱਕ ਡੱਬੀ ਨਜ਼ਰ ਆਈ।
ਜਿਨ੍ਹਾਂ ਦਾ ਵੀ ਇਹ ਸਮਾਨ ਸੀ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।
ਹਾਲ ਦੇ ਦੂਜੇ ਪਾਸੇ ਲੱਗੀ ਇੱਕ ਪ੍ਰੋਜੈਕਟਰ ਦੀ ਸਕਰੀਨ ''ਤੇ ਲਾਸ਼ਾਂ ਦੀਆਂ ਤਸਵੀਰਾਂ ਚੱਲ ਰਹੀਆਂ ਹਨ।
ਪੀੜਿਤ ਪਰਿਵਾਰ ਆਪਣਿਆਂ ਦੀ ਪਛਾਣ ਕਰਨ ਲਈ ਉਨ੍ਹਾਂ ਤਸਵੀਰਾਂ ਨੂੰ ਲਗਾਤਾਰ ਦੇਖ ਰਹੇ ਸਨ।
ਇਸੇ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਨਾਲ ਪਈ ਮੇਜ਼ ਉੱਤੇ ਰੱਖੀਆਂ ਹੋਈਆਂ ਸਨ, ਤਾਂ ਜੋ ਪਛਾਣ ਵਿੱਚ ਮਦਦ ਹੋ ਸਕੇ।
ਇਹ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਸਨ, ਜਿਨ੍ਹਾਂ ਦੀਆਂ ਲਾਸ਼ਾਂ ਇੱਥੇ ਲਿਆਂਦੀਆਂ ਗਈਆਂ ਸਨ ਪਰ ਹੁਣ ਉਨ੍ਹਾਂ ਨੂੰ ਬਾਹਰਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ।
ਪੀੜਿਤ ਪਰਿਵਾਰਾਂ ਨਾਲ ਘਿਰੀ ਬਾਲੇਸ਼ਵਰ ਦੀ ਤਹਿਸੀਲਦਾਰ ਨਿਰਲਿਪਤਾ ਮੋਹੰਤੀ ਨੇ ਸਾਨੂੰ ਦੱਸਿਆ ਕਿ ਲੋਕ ਇਹ ਪਤਾ ਲਗਾ ਕੇ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਕਿਹੜੇ ਹਸਪਤਾਲ ''ਚ ਹਨ, ਜਾ ਕੇ ਉਨ੍ਹਾਂ ਨੂੰ ਲੈ ਸਕਦੇ ਹਨ।
ਬਾਲਾਸੋਰ ਤੋਂ ਲਾਸ਼ਾਂ ਨੂੰ ਬਾਹਰ ਭੇਜਣ ਦੇ ਕਾਰਨ ਦੱਸਦਿਆਂ ਉਨ੍ਹਾਂ ਕਿਹਾ, "ਇੱਥੇ ਲੰਬੇ ਸਮੇਂ ਤੱਕ ਲਾਸ਼ਾਂ ਨੂੰ ਸੁਰੱਖਿਅਤ ਰੱਖਣਾ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਭੁਵਨੇਸ਼ਵਰ ਵਿੱਚ ਵੱਡੇ ਹਸਪਤਾਲ ਹਨ। ਇਸ ਲਈ ਲਾਸ਼ਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਹੈ।"
''ਮੈਂ ਢਾਈ ਸੌ ਲਾਸ਼ਾਂ ਨੂੰ ਛੂਹਿਆ''
ਕੋਲ ਖੜ੍ਹੇ ਸੁਮਿਤ ਕੁਮਾਰ ਲਾਸ਼ਾਂ ਦੀਆਂ ਤਸਵੀਰਾਂ ਵਿੱਚ ਆਪਣੀ ਭੂਆ ਦੇ ਪੁੱਤ ਨੀਰਜ ਕੁਮਾਰ ਨੂੰ ਲੱਭ ਰਹੇ ਸਨ।
ਉਹ ਸ਼ਨੀਵਾਰ ਸ਼ਾਮ ਤੋਂ ਹੀ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਸੁਮਿਤ ਨੇ ਦੱਸਿਆ, "ਜਦੋਂ ਅਸੀਂ ਪੂਰੀ ਤਰ੍ਹਾਂ ਲੱਭਿਆ ਤਾਂ (ਲਾਸ਼ਾਂ ਦੀ) ਫੋਟੋ ਵਿੱਚ ਉਹ (ਨੀਰਜ) ਦਿਖਾਈ ਦਿੱਤਾ। ਫਿਰ ਮੈਂ ਦੋ, ਢਾਈ ਸੌ ਲਾਸ਼ਾਂ ਰੱਖੀਆਂ ਸਨ, ਜਿਨ੍ਹਾਂ ਨੂੰ ਮੈਂ ਛੂਹਿਆ।"
ਪਰ ਮੇਰੇ ਭਰਾ ਦੀ ਮ੍ਰਿਤਕ ਦੇਹ ਨਹੀਂ ਮਿਲ ਸਕੀ। ਭਾਵੇਂ ਕਿ ਸਥਾਨਕ ਅਧਿਕਾਰੀ ਲਾਸ਼ਾਂ ਵਿੱਚੋਂ ਆਪਣਿਆਂ ਦੀ ਪਛਾਣ ਕਰਨ ਵਿੱਚ ਪਰਿਵਾਰਾਂ ਦੀ ਮਦਦ ਕਰ ਰਹੇ ਹਨ।
ਪ੍ਰਸ਼ਾਸਨ ਲਈ ਚੁਣੌਤੀ ਵੱਡੀ ਹੈ। ਜਿਹੜੇ ਪਰਿਵਾਰ ਬਾਹਰਲੇ ਸੂਬਿਆਂ ਤੋਂ ਆਏ ਹਨ, ਜਿਨ੍ਹਾਂ ਲਈ ਇਹ ਥਾਂ ਨਵੀਂ ਹੈ, ਉਨ੍ਹਾਂ ਲਈ ਇਹ ਤਜਰਬਾ ਹੋਰ ਵੀ ਔਖਾ ਹੈ।
ਲੋਕਾਂ ਲਈ ਇਸ ਨੂੰ ਭੁੱਲਣਾ ਸੌਖਾ ਨਹੀਂ
ਸਥਾਨਕ ਸਮਾਜ ਸੇਵੀ, ਵੀ. ਉਦੈ ਕੁਮਾਰ ਦੀ ਸ਼ਿਕਾਇਤ ਹੈ ਕਿ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਥਾਪਿਤ ਕੀਤੇ ਗਏ ਡੈਸਕ ਸਥਾਨਕ ਰੇਲਵੇ ਸਟੇਸ਼ਨ, ਬੱਸ ਅੱਡੇ ਤੋਂ ਕਾਫੀ ਦੂਰ ਹਨ ਅਤੇ ਜੇਕਰ ਇਹ ਸੁਵਿਧਾਵਾਂ ਸਟੇਸ਼ਨਾਂ ਦੇ ਨੇੜੇ ਹੁੰਦੀਆਂ ਤਾਂ ਲੋਕਾਂ ਨੂੰ ਕਾਫੀ ਆਸਾਨੀ ਹੋ ਸਕਦੀ ਸੀ।
ਇੱਥੇ ਆਮ ਆਦਮੀ ਤੋਂ ਲੈ ਕੇ ਐੱਨਜੀਓ, ਅਧਿਕਾਰੀ ਸਾਰੇ ਹੀ ਹਰ ਤਰ੍ਹਾਂ ਨਾਲ ਯਾਤਰੀਆਂ ਦੀ ਮਦਦ ਕਰਨ ''ਚ ਲੱਗੇ ਹੋਏ ਹਨ।
ਅਸੀਂ ਸੁਬਰਤ ਮੁਖੀ ਅਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਦੇਖਿਆ ਜੋ ਸਥਾਨਕ ਪ੍ਰਸ਼ਾਸਨ ਲਈ ਕੰਮ ਕਰਦੇ ਹਨ।
ਉਹ ਕਈ ਘੰਟਿਆਂ ਤੋਂ ਲਗਾਤਾਰ ਲਾਸ਼ਾਂ ਨੂੰ ਵਾਹਨਾਂ, ਐਂਬੂਲੈਂਸਾਂ ਵਿੱਚ ਰੱਖਣ ਵਿੱਚ ਮਦਦ ਕਰ ਰਹੇ ਹਨ।
ਉਸ ਦਾ ਇਕ ਸਾਥੀ ਇੰਨਾ ਥੱਕਿਆ ਹੋਇਆ ਸੀ ਕਿ ਉਹ ਜ਼ਮੀਨ ''ਤੇ ਹੀ ਲੇਟ ਗਿਆ।
ਸੁਬਰਤ ਨੇ ਦੱਸਿਆ, "ਅਸੀਂ ਬੀਤੀ ਰਾਤ ਅੱਠ ਵਜੇ ਤੋਂ ਇੱਥੇ ਆਏ ਹਾਂ। ਸਾਨੂੰ ਦੁੱਖ ਹੋ ਰਿਹਾ ਹੈ। ਅੱਖਾਂ ਵਿੱਚੋਂ ਹੰਝੂ ਆ ਰਹੇ ਹਨ। ਕੋਈ (ਪਰਿਵਾਰ) ਉੜੀਆ ਬੋਲ ਰਿਹਾ ਹੈ। ਲੋਕਾਂ ਦੇ ਰਿਸ਼ਤੇਦਾਰ ਆ ਰਹੇ ਹਨ। ਕੋਈ ਬੰਗਾਲੀ ਵਿੱਚ ਬੋਲ ਰਿਹਾ ਹੈ। ਕੋਈ ਤਮਿਲ ਬੋਲ ਰਿਹਾ ਹੈ।"
ਪਰ ਜਿਨ੍ਹਾਂ ਨਾਲ ਇਹ ਵੀ ਘਟਨਾ ਵਾਪਰੀ ਹੈ, ਉਹ ਸ਼ਾਇਦ ਹੀ ਕਦੇ ਆਪਣੇ ਦਰਦ ਅਤੇ ਇਨ੍ਹਾਂ ਦਿਨਾਂ ਨੂੰ ਭੁੱਲ ਸਕਣ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਓਡੀਸ਼ਾ ਰੇਲ ਹਾਦਸਾ: ਇਲੈੱਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਕੀ ਹੈ, ਜਿਸ ਕਾਰਨ ਹੋਇਆ ਹਾਦਸਾ
NEXT STORY