ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ ਕਿੰਗਜ਼ ਚਾਰਲਸ ਕੈਂਸਰ ਦਾ ਇਲਾਜ ਕਰਵਾ ਰਹੇ ਹਨ।
ਇਹ ਨਹੀਂ ਦੱਸਿਆ ਗਿਆ ਹੈ ਕਿ 75 ਸਾਲਾ ਕਿੰਗ ਨੂੰ ਕਿਸ ਕਿਸਮ ਦਾ ਕੈਂਸਰ ਹੈ ਪਰ ਪੁਸ਼ਟੀ ਕੀਤੀ ਹੈ ਕਿ ਇਹ ਪ੍ਰੋਸਟੇਟ ਕੈਂਸਰ ਨਹੀਂ ਸੀ। ਕਿੰਗ ਦਾ ਹਾਲ ਹੀ ਵਿੱਚ ਪ੍ਰੋਸਟੇਟ ਵਿੱਚ ਵਾਧੇ ਲਈ ਇਲਾਜ ਵੀ ਚੱਲਿਆ ਸੀ।
ਕਿੰਗ ਚਾਰਲਸ III ਦੀ ਮਈ 2023 ਵਿੱਚ ਵੈਸਟਮਿੰਸਟਰ ਐਬੇ ਵਿਖੇ ਉਨ੍ਹਾਂ ਦੀ ਪਤਨੀ, ਕੁਈਨ ਕੈਮਿਲਾ ਦੇ ਨਾਲ ਤਾਜਪੋਸ਼ੀ ਹੋਈ ਸੀ।
ਕੈਂਸਰ ਦੇ ਇਲਾਜ ਦੌਰਾਨ ਕਿੰਗ ਦੀਆਂ ਜ਼ਿੰਮੇਵਾਰੀਆਂ ਕਿਵੇਂ ਬਦਲਣਗੀਆਂ?
ਬਕਿੰਘਮ ਪੈਲੇਸ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਕਿੰਗ ਦੇ ਆਉਣ ਵਾਲੇ ਕਈ ਜਨਤਕ ਰੁਝੇਵਿਆਂ ਦਾ ਮੁੜ ਪ੍ਰਬੰਧ ਕਰਨਾ ਹੋਵੇਗਾ ਜਾਂ ਉਨ੍ਹਾਂ ਨੂੰ ਮੁਲਤਵੀ ਕਰਨਾ ਪਵੇਗਾ।
"ਕਿੰਗ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਣਾ ਚਾਹੁਣਗੇ, ਜਿਨ੍ਹਾਂ ਨੂੰ ਇਸ ਕਾਰਨ ਨਿਰਾਸ਼ਾ ਜਾਂ ਅਸੁਵਿਧਾ ਹੋ ਸਕਦੀ ਹੈ।"
ਇਸ ਵਿੱਚ ਕਿਹਾ ਗਿਆ ਹੈ ਕਿ ਮਾਹਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਉਨ੍ਹਾਂ ਦੀ "ਜਲਦੀ ਤੋਂ ਜਲਦੀ ਪੂਰਨ ਤੌਰ ''ਤੇ ਜਨਤਕ ਡਿਊਟੀ ''ਤੇ ਵਾਪਸੀ ਦੀ ਉਮੀਦ ਹੈ।"
ਜਦੋਂ ਤੱਕ ਕਿੰਗ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਕੁਈਨ ਵੱਲੋਂ ਇਹ ਸਾਰੇ ਰੁਝੇਵੇਂ ਦੇਖੇ ਜਾਣਗੇ।
ਬਕਿੰਘਮ ਪੈਲੇਸ ਨੇ ਕਿਹਾ, "ਕੁਈਨ ਜਨਤਕ ਜ਼ਿੰਮੇਵਾਰੀਆਂ ਦੇ ਸਾਰੇ ਕੰਮ ਜਾਰੀ ਰੱਖਣਗੇ।"
ਜਨਤਕ ਸਮਾਗਮਾਂ ਤੋਂ ਪਿੱਛੇ ਹਟਣ ਦੇ ਬਾਵਜੂਦ, ਕਿੰਗ ਰਾਜ ਦੇ ਮੁਖੀ ਵਜੋਂ ਕਾਗਜ਼ੀ ਕਾਰਵਾਈ ਅਤੇ ਨਿੱਜੀ ਮੀਟਿੰਗਾਂ ਨੂੰ ਜਾਰੀ ਰੱਖਣਗੇ।
ਕਿੰਗ ਦੀ ਕੀ ਭੂਮਿਕਾ ਹੁੰਦੀ ਹੈ?
ਕਿੰਗ ਬ੍ਰਿਟੇਨ ਦੀ ਸਰਕਾਰ ਦੇ ਮੁਖੀ ਹੁੰਦੇ ਹਨ। ਉਨ੍ਹਾਂ ਦੀਆਂ ਸ਼ਕਤੀਆਂ ਸੰਕੇਤਕ ਅਤੇ ਰਸਮੀ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਕੋਲ ਕੋਈ ਸਿਆਸੀ ਸ਼ਕਤੀਆਂ ਨਹੀਂ ਹੁੰਦੀਆਂ।
ਉਨ੍ਹਾਂ ਨੂੰ ਰੋਜ਼ਾਨਾ ਲਾਲ ਰੰਗ ਦੇ ਲੈਥਰ ਦੇ ਬਕਸੇ ਵਿੱਚ ਸਰਕਾਰ ਵੱਲੋਂ ਡਾਕ ਮਿਲਦੀ। ਜ਼ਰੂਰੀ ਬੈਠਕਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਅਤੇ ਜਿਹੜੇ ਦਸਤਾਵੇਜ਼ਾਂ ਉੱਪਰ ਉਨ੍ਹਾਂ ਦੇ ਦਸਤਖ਼ਤ ਲੋੜੀਂਦੇ ਹੁੰਦੇ ਹਨ, ਉਨ੍ਹਾਂ ਨੂੰ ਭੇਜੇ ਜਾਂਦੇ ਹਨ।
ਪ੍ਰਧਾਨ ਮੰਤਰੀ ਆਮ ਦਿਨਾਂ ਵਿੱਚ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਹਰੇਕ ਬੁੱਧਵਾਰ ਬਕਿੰਘਮ ਪੈਲੇਸ ਆ ਕੇ ਮਿਲਦੇ।
ਪ੍ਰਧਾਨ ਮੰਤਰੀ ਅਤੇ ਕਿੰਗ ਦੀਆਂ ਇਹ ਬੈਠਕਾਂ ਬਿਲਕੁਲ ਨਿੱਜੀ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਰੱਖਿਆ ਜਾਂਦਾ।
ਕਿੰਗ ਦੀਆਂ ਸੰਸਦ ਵਿੱਚ ਵੀ ਕੁਝ ਭੁਮਿਕਾਵਾਂ ਹੁੰਦੀਆਂ ਹਨ
ਸਰਕਾਰ ਬਣਾਉਣਾ- ਚੋਣਾਂ ਜਿੱਤਣ ਵਾਲੀ ਪਾਰਟੀ ਦੇ ਆਗੂ ਨੂੰ ਅਕਸਰ ਬਕਿੰਘਮ ਪੈਲੇਸ ਸੱਦਿਆ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਰਸਮੀ ਸੱਦਾ ਦਿੱਤਾ ਜਾਂਦਾ ਹੈ। ਸਰਕਾਰ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਰਸਮੀ ਤੌਰ ''ਤੇ ਭੰਗ ਵੀ ਕਰਦੇ ਹਨ।
ਸਰਕਾਰ ਦੇ ਕੰਮਕਾਜ ਦੀ ਸ਼ੁਰੂਆਤ ਅਤੇ ਉਦਘਾਟਨੀ ਸੰਬੋਧਨ- ਸਰਕਾਰੀ ਕੰਮਕਾਜ ਦੇ ਸ਼ੁਰੂਆਤੀ ਸਮਾਗਮ ਵਿੱਚ ਕਿੰਗ ਸੰਸਦੀ ਸਾਲ ਦੀ ਸ਼ੁਰੂਆਤ ਕਰਦੇ ਹਨ। ਹਾਊਸ ਆਫ਼ ਲੌਰਡਸ ਵਿੱਚ ਆਪਣੇ ਭਾਸ਼ਣ ਦੌਰਾਨ ਉਹ ਸਰਕਾਰ ਦੀਆਂ ਨੀਤੀਆਂ ਦੀ ਰੂਪਰੇਖਾ ਸਾਹਮਣੇ ਰੱਖਦੇ ਹਨ।
ਸ਼ਾਹੀ ਸਹਿਮਤੀ- ਜਦੋਂ ਕੋਈ ਕਾਨੂੰਨ ਸੰਸਦ ਵੱਲੋਂ ਪਾਸ ਕੀਤਾ ਜਾਂਦਾ ਹੈ ਤਾਂ ਕਾਨੂੰਨ ਬਣਨ ਤੋਂ ਪਹਿਲਾਂ ਇਸ ਲਈ ਕਿੰਗ ਦੀ ਸਹਿਮਤੀ ਮਿਲਣਾ ਜ਼ਰੂਰੀ ਹੁੰਦੀ ਹੈ। ਪਿਛਲੀ ਵਾਰ 1708 ਵਿੱਚ ਕਿਸੇ ਕਾਨੂੰਨ ਨੂੰ ਸ਼ਾਹੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਕਿੰਗ ਆਮ ਤੌਰ ’ਤੇ ਨਵੰਬਰ ਵਿੱਚ ਕੈਂਟੋਫ਼ ਲੰਡਨ ਵਿੱਚ ਹੋਣ ਵਾਲੇ ਯਾਦਗਾਰੀ ਸਮਾਗਮ ਦੀ ਅਗਵਾਈ ਕਰਦੇ ਹਨ।
ਇਸ ਦੇ ਨਾਲ ਹੀ ਕਿੰਗ ਦੂਜੇ ਦੇਸ਼ਾਂ ਦੇ ਕੌਮੀ ਮੁਖੀਆਂ ਦੀ ਮੇਜ਼ਬਾਨੀ ਕਰਦੇ ਹਨ। ਉਹ ਯੂਕੇ ਵਿੱਚ ਰਹਿੰਦੇ ਰਾਜਦੂਤਾਂ ਅਤੇ ਉੱਚ-ਆਯੋਗਾਂ ਨਾਲ ਮੁਲਾਕਾਤ ਕਰਦੇ ਹਨ।
ਆਪਣੀ ਪਹਿਲੀ ਰਾਜ ਯਾਤਰਾ ਲਈ, ਚਾਰਲਸ ਨੇ ਜਰਮਨੀ ਦਾ ਦੌਰਾ ਕੀਤਾ, ਜਿੱਥੇ ਉਹ ਅੰਗਰੇਜ਼ੀ ਅਤੇ ਜਰਮਨ ਵਿੱਚ ਬੋਲਦੇ ਹੋਏ ਦੇਸ਼ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਬ੍ਰਿਟਿਸ਼ ਬਾਦਸ਼ਾਹ ਬਣੇ।
ਫਿਰ ਸਤੰਬਰ ਵਿੱਚ ਕਿੰਗ ਤਿੰਨ ਦਿਨਾਂ ਦੀ ਰਾਜ ਯਾਤਰਾ ਲਈ ਫਰਾਂਸ ਗਏ ਅਤੇ ਅਕਤੂਬਰ ਵਿੱਚ ਚਾਰ ਦਿਨਾਂ ਦੀ ਰਾਜ ਫੇਰੀ ਲਈ ਕੀਨੀਆ ਗਏ ਜਿੱਥੇ ਉਨ੍ਹਾਂ ਨੇ ਉਨ੍ਹਾਂ ਦੇ ਆਜ਼ਾਦੀ ਸੰਘਰਸ਼ ਦੌਰਾਨ "ਕੀਨੀਆ ਦੇ ਵਿਰੁੱਧ ਕੀਤੀ ਗਈ ਘਿਣਾਉਣੀ ਅਤੇ ਗ਼ੈਰ-ਵਾਜਬ ਹਿੰਸਾ" ਨੂੰ ਸਵੀਕਾਰ ਕੀਤਾ।
ਉਨ੍ਹਾਂ ਨੇ ਦਸੰਬਰ ਵਿੱਚ ਦੁਬਈ ਵਿੱਚ ਸੀਓਪੀ28 ਜਲਵਾਯੂ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਵੀ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, "ਧਰਤੀ ਸਾਡੀ ਨਹੀਂ ਹੈ।"
ਨਵੇਂ ਰਾਜਾ ਰਾਸ਼ਟਰਮੰਡਲ ਦੇ ਮੁਖੀ ਵੀ ਹਨ। ਰਾਸ਼ਟਰਮੰਡਲ 56 ਆਜ਼ਾਦ ਮੁਲਕਾਂ ਦਾ ਸੰਗਠਨ ਹੈ। ਇਨ੍ਹਾਂ ਵਿੱਚੋਂ 14 ਦੇਸ਼ਾਂ ਦੇ ਜਿਨ੍ਹਾਂ ਨੂੰ ਕਾਮਨਵੈਲਥ ਰੀਲਮ ਕਿਹਾ ਜਾਂਦਾ ਹੈ, ਉਨ੍ਹਾਂ ਦੇ ਉਹ ਰਾਸ਼ਟਰ ਮੁਖੀ ਹਨ।
ਰਾਣੀ ਆਪਣੇ ਕੰਮ ਨੂੰ ਪੂਰਾ ਕਰਨ ਵਿੱਚ ਕਿੰਗ ਦਾ ਸਮਰਥਨ ਕਰਦੀ ਹੈ ਅਤੇ 90 ਚੈਰਿਟੀਆਂ ਦੀ ਤਰਫੋਂ ਆਪਣੇ ਖ਼ੁਦ ਦੇ ਜਨਤਕ ਰੁਝੇਵੇਂ ਰੱਖਦੀ ਹੈ ਜਿਸ ਦਾ ਉਹ ਸਮਰਥਨ ਕਰਦੀ ਹੈ।
ਸ਼ਾਹੀ ਪਰਿਵਾਰ ਨੂੰ ਪੈਸਾ ਕਿੱਥੋਂ ਆਉਂਦਾ ਹੈ?
ਹਰ ਸਾਲ, ਸ਼ਾਹੀ ਪਰਿਵਾਰ ਨੂੰ ਕਰਧਾਰਕਾਂ ਵੱਲੋਂ ਆਮਦਨੀ ਹੁੰਦੀ ਹੈ, ਜਿਸ ਨੂੰ ''ਸੌਵਰਨ ਗਰਾਂਟ'' ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਅਧਿਕਾਰਤ ਖਰਚਿਆਂ, ਜਿਵੇਂ ਕਿ ਜਾਇਦਾਦਾਂ ਦੀ ਦੇਖਭਾਲ ਲਈ ਅਤੇ ਸਟਾਫ਼ ਦੇ ਖ਼ਰਚਿਆਂ ਦੇ ਭੁਗਤਾਨ ਲਈ ਹੁੰਦੀ ਹੈ।
ਇਹ ਦੋ ਸਾਲਾਂ ਦੇ ਕਰਾਉਨ ਅਸਟੇਟ ਦੇ 25% ਮਾਲੀਆ ''ਤੇ ਅਧਾਰਤ ਹੈ। ਕ੍ਰਾਊਨ ਅਸਟੇਟ ਕਿੰਗ ਦੀ ਮਲਕੀਅਤ ਵਾਲੀ ਪਰ ਇੱਕ ਸੁਤੰਤਰ ਵਪਾਰਕ ਪ੍ਰਾਪਰਟੀ ਦਾ ਕਾਰੋਬਾਰ ਹੈ। ਸਾਲ 2022 ਵਿੱਚ ਇਸ ਕੋਲ 16.5 ਬਿਲੀਅਨ ਯਾਨਿ 1650 ਕਰੋੜ ਪਾਉਂਡ ਦੀ ਜਾਇਦਾਦ ਸੀ।
2022-2023 ਵਿੱਚ ਸੌਵਰਨ ਗਰਾਂਟ ਦੀ ਕੀਮਤ 86.3 ਮਿਲੀਅਨ ਯਾਨਿ 863 ਕਰੋੜ ਪਾਉਂਡ ਸੀ ਅਤੇ ਸਾਲ 2021-2022 ਵਿੱਚ ਵੀ ਇੰਨੀ ਹੀ ਸੀ।
ਕਿੰਗ ਨੂੰ ਡਚੀ ਆਫ਼ ਲੈਂਕੈਸਟਰ ਨਾਮ ਦੀ ਇੱਕ ਨਿੱਜੀ ਜਾਇਦਾਦ ਤੋਂ ਵੀ ਪੈਸਾ ਮਿਲਦਾ ਹੈ, ਜੋ ਕਿ ਕਿੰਗ ਵੱਲੋਂ ਦੂਜੇ ਕਿੰਗ ਨੂੰ ਦਿੱਤਾ ਜਾਂਦਾ ਹੈ।
ਇਸ ਵਿੱਧ ਮੱਧ ਲੰਡਨ ਦੀ ਜਾਇਦਾਦ ਸਮੇਤ 18,000 ਹੈਕਟੇਅਰ ਤੋਂ ਵੱਧ ਜ਼ਮੀਨ ਸ਼ਾਮਿਲ ਹੈ। 654 ਮਿਲੀਅਨ ਯਾਨਿ 65 ਕਰੋੜ ਪਾਊਂਡ ਦੀ ਕੀਮਤ ਵਾਲੀ ਇਸ ਜਾਇਦਾਦ ਤੋਂ ਪ੍ਰਤੀ ਸਾਲ ਕਰੀਬ 20 ਮਿਲੀਅਨ ਯਾਨਿ 2 ਕਰੋੜ ਪਾਊਂਡ ਦਾ ਮੁਨਾਫਾ ਹੁੰਦਾ ਹੈ।
ਪ੍ਰਿੰਸ ਚਾਰਲਸ ਨੂੰ ਜਾਇਦਾਦ ਅਤੇ ਵਿੱਤੀ ਨਿਵੇਸ਼ਾਂ ਦੇ ਵਿਸ਼ਾਲ ਪੋਰਟਫੋਲੀਓ ਡੱਚ ਆਫ਼ ਕੌਰਨਵਾਲ (ਮੌਜੂਦਾ ਵਿਲੀਅਮ, ਪ੍ਰਿੰਸ ਆਫ ਵੇਲਸ) ਤੋਂ ਆਮਦਨੀ ਮਿਲਦੀ ਹੈ।
ਕਿੰਗ ਅਤੇ ਵਿਲੀਅਮ ਡੱਚੀਆਂ ਤੋਂ ਨਿੱਜੀ ਤੌਰ ''ਤੇ ਮੁਨਾਫ਼ਾ ਹਾਸਿਲ ਕਰਦੇ ਹਨ ਅਤੇ ਪੈਸੇ ਨੂੰ ਆਪਣੀ ਮਰਜ਼ੀ ਅਨੁਸਾਰ ਖਰਚ ਸਕਦੇ ਹਨ। ਦੋਵੇਂ ਆਪਣੀ ਮਰਜ਼ੀ ਨਾਲ ਕਮਾਈ ''ਤੇ ਆਮਦਨੀ ਟੈਕਸ ਅਦਾ ਕਰਦੇ ਹਨ।
ਇਸ ਤੋਂ ਇਲਾਵਾ, ਸ਼ਾਹੀ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਕੋਲ ਨਿੱਜੀ ਕਲਾ, ਗਹਿਣੇ ਅਤੇ ਸਟੈਂਪ ਸੰਗ੍ਰਹਿ ਹਨ ਜਿਨ੍ਹਾਂ ਨੂੰ ਉਹ ਵੇਚ ਸਕਦੇ ਹਨ ਜਾਂ ਆਪਣੀ ਇੱਛਾ ਅਨੁਸਾਰ ਆਮਦਨ ਪੈਦਾ ਕਰਨ ਲਈ ਵਰਤ ਸਕਦੇ ਹਨ।
ਤਾਜਪੋਸ਼ੀ ਸਮੇਂ ਕੀ ਹੁੰਦਾ ਹੈ?
ਰਾਜਸ਼ਾਹ ਨੂੰ ਰਸਮੀ ਤੌਰ ਤੇ ਗੱਦੀ ਨਸ਼ੀਨ ਕਰਨ ਦੀ ਰਸਮ ਨੂੰ ਤਾਜਪੋਸ਼ੀ ਕਿਹਾ ਜਾਂਦਾ ਹੈ। ਪਿਛਲੇ ਰਾਜਸ਼ਾਹ ਦੀ ਮੌਤ ਦੇ ਮਾਤਮੀ ਸਮੇਂ ਦੇ ਗੁਜ਼ਰ ਜਾਣ ਤੋਂ ਬਾਅਦ ਇਹ ਸਮਾਗਮ ਕੀਤਾ ਜਾਂਦਾ ਹੈ।
ਮਈ 2023 ਵਿੱਚ ਵੈਸਟਮਿੰਸਟਰ ਐਬੀ ਵਿੱਚ ਕੈਂਟਰਬਰੀ ਦੇ ਆਰਚਬਿਸ਼ਪ ਦੁਆਰਾ 2,000 ਤੋਂ ਵੱਧ ਮਹਿਮਾਨਾਂ ਦੇ ਸਾਹਮਣੇ ਚਾਰਲਸ ਅਤੇ ਕਮਿਲਾ ਨੂੰ ਕਿੰਗ ਤੇ ਕੁਈਨ ਦਾ ਤਾਜ ਪਹਿਨਾਇਆ ਗਿਆ ਸੀ।
ਇਨ੍ਹਾਂ ਮਹਿਮਾਨਾਂ ਵਿੱਚ ਵਿਸ਼ਵ ਦੇ ਸਿਆਸਤਦਾਨ, ਸਾਥੀ ਰਾਜੇ ਅਤੇ ਰਾਣੀਆਂ, ਧਾਰਮਿਕ ਨੇਤਾ, ਮਸ਼ਹੂਰ ਹਸਤੀਆਂ ਅਤੇ ਕਮਿਊਨਿਟੀ ਚੈਂਪੀਅਨ ਸ਼ਾਮਲ ਸਨ।
ਇਸ ਦੌਰਾਨ ਰਾਜਸ਼ਾਹ ਨੂੰ ''''ਪਵਿੱਤਰ ਤੇਲ'''' ਮਲਿਆ ਗਿਆ ਅਤੇ ਸ਼ਾਹੀ ਚਿੰਨ੍ਹਾਂ ਨਾਲ ਨਿਵਾਜਿਆ ਜਾਂਦਾ ਹੈ। ਸਮਾਗਮ ਦੇ ਸਿਖ਼ਰ ''ਤੇ ਆਰਕਬਿਸ਼ਪ ਸੈਂਟ ਐਡਵਰਡ ਦਾ ਤਾਜ ਚਾਰਲਸ ਦੇ ਸਿਰ ’ਤੇ ਪਾਇਆ ਸੀ।
ਇਹ ਸ਼ੁੱਧ ਸੋਨੇ ਦਾ ਤਾਜ ਹੈ ਜੋ 1661 ਤੋਂ ਚੱਲਿਆ ਆ ਰਿਹਾ ਹੈ।
ਇਹ ਤਾਜ ਦੇ ਨਗਾਂ ਦਾ ਕੇਂਦਰੀ ਹਿੱਸਾ ਹੈ, ਜੋ ਕਿ ਟਾਵਰ ਆਫ਼ ਲੰਡਨ ਵਿੱਚ ਰੱਖੇ ਗਏ ਹਨ। ਇਸ ਨੂੰ ਰਾਜੇ ਵੱਲੋਂ ਸਿਰਫ਼ ਤਾਜਪੋਸ਼ੀ ਦੇ ਸਮੇਂ ਹੀ ਧਾਰਣ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਐਲਿਜ਼ਾਬੈਥ ਦੂਜੇ ਛੇ ਫ਼ਰਵਰੀ 1952 ਨੂੰ ਮਹਾਰਾਜ ਜੌਰਜ ਛੇਵੇਂ ਦੀ ਥਾਂ ਗੱਦੀ ਉੱਪਰ ਬੈਠੇ ਸਨ ਪਰ 2 ਜੂਨ, 1953 ਤੱਕ ਉਨ੍ਹਾਂ ਦੀ ਤਾਜਪੋਸ਼ੀ ਨਹੀਂ ਕੀਤੀ ਗਈ।
ਉਨ੍ਹਾਂ ਦੀ ਤਾਜਪੋਸ਼ੀ ਪਹਿਲੀ ਸੀ ਜੋ ਟੀਵੀ ਉੱਪਰ ਪ੍ਰਸਾਰਿਤ ਕੀਤੀ ਗਈ ਅਤੇ ਲਗਭਗ ਦੋ ਕਰੋੜ ਲੋਕਾਂ ਨੇ ਇਸ ਦਾ ਸਿੱਧਾ ਪ੍ਰਸਾਰਣ ਦੇਖਿਆ।
ਸਕਾਟਲੈਂਡ ਵਿੱਚ ਚਾਰਲਸ ਤਾਜਪੋਸ਼ੀ ਨੂੰ ਕਿਵੇਂ ਚਿੰਨ੍ਹਿਤ ਕੀਤਾ ਗਿਆ ਸੀ?
ਵੈਸਟਮਿੰਸਟਰ ਐਬੇ ਤਾਜਪੋਸ਼ੀ ਤੋਂ ਦੋ ਮਹੀਨੇ ਬਾਅਦ, ਐਡਿਨਬਰਾ ਵਿੱਚ ਸੇਂਟ ਜਾਇਲਸ ਕੈਥੇਡ੍ਰਲ ਵਿੱਚ ਧੰਨਵਾਦ ਦੀ ਇੱਕ ਵਿਸ਼ੇਸ਼ ਸੇਵਾ ਵਿੱਚ, ਕਿੰਗ ਨੂੰ ਸਕਾਟਿਸ਼ ਤਾਜ ਦੇ ਗਹਿਣੇ ਭੇਟ ਕੀਤੇ ਗਏ।
ਉਨ੍ਹਾਂ ਨੂੰ 1543 ਵਿੱਚ ਸਕੌਟਸ ਦੀ ਰਾਣੀ ਮੈਰੀ ਦੁਆਰਾ ਪਹਿਨੀ ਗਈ ਤਲਵਾਰ, ਓਰਬ ਅਤੇ ਤਾਜ ਦਿੱਤਾ ਗਿਆ ਸੀ, ਜਿਸ ਨੂੰ ਸਮੂਹਿਕ ਤੌਰ ''ਤੇ ਸਕਾਟਲੈਂਡ ਦੇ ਆਨਰਜ਼ (ਸਨਮਾਨ) ਵਜੋਂ ਜਾਣਿਆ ਜਾਂਦਾ ਹੈ।
ਸੇਵਾ ਦੇ ਬਾਅਦ ਏਡਿਨਬਰਗ ਕੈਸਲ ਤੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਰਾਇਲ ਏਅਰ ਫੋਰਸ ਦੇ ਰੈੱਡ ਐਰੋਜ਼ ਦੁਆਰਾ ਫਲਾਈਪਾਸਟ ਕੀਤਾ ਗਿਆ।
ਸਕੌਟਲੈਂਡ ਦੀ ਰਾਜਧਾਨੀ ਵਿੱਚ ਰੌਇਲ ਮਾਈਲ ''ਤੇ ਹਜ਼ਾਰਾਂ ਲੋਕ ਜਲੂਸ ਦੇਖਣ ਲਈ ਕਤਾਰ ਵਿੱਚ ਖੜ੍ਹੇ ਸਨ, ਜਿਨ੍ਹਾਂ ਵਿੱਚ ਕੁਝ ਮੁਜ਼ਾਹਰਾਕਾਰੀ ਨਾਅਰੇ ਲਗਾ ਰਹੇ ਸਨ ਸਨ, ''ਮੇਰੇ ਰਾਜਾ ਨਹੀਂ ਹਨ।''
ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਕੌਣ ਹਨ?
- ਪ੍ਰਿੰਸ ਆਫ਼ ਵੇਲਸ (ਪ੍ਰਿੰਸ ਵਿਲੀਅਮਜ਼) ਕਿੰਗ ਚਾਰਲਸ ਦੀ ਪਹਿਲੀ ਪਤਨੀ ਡਾਇਨਾ (ਪ੍ਰਿੰਸਜ਼ ਆਫ਼ ਵੇਲਜ਼) ਤੋਂ ਉਨ੍ਹਾਂ ਦੀ ਸਭ ਤੋਂ ਵੱਡੀ ਸੰਤਾਨ ਹਨ। ਮਹਾਰਾਣੀ ਦੀ ਮੌਤ ਤੋਂ ਬਾਅਦ, ਉਹ ਆਪਣਾ ਪਿਛਲਾ ਡਿਊਕ ਆਫ ਕੈਮਬ੍ਰਿਜ ਖ਼ਿਤਾਬ ਬਰਕਰਾਰ ਰੱਖਦੇ ਹੋਏ ਪ੍ਰਿੰਸ ਆਫ ਵੇਲਜ਼ ਅਤੇ ਡਿਊਕ ਆਫ ਕੋਰਨਵਾਲ ਬਣ ਗਏ। ਉਨ੍ਹਾਂ ਦਾ ਵਿਆਹ ਵੇਲਜ਼ ਦੀ ਪ੍ਰਿੰਸਸ ਅਤੇ ਡਚੇਸ ਆਫ ਕੋਰਨਵਾਲ ਤੇ ਕੈਮਰਿਜ ਨਾਲ ਹੋਇਆ ਹੈ। ਪ੍ਰਿੰਸ ਜੌਰਜ, ਪ੍ਰਿੰਸਜ਼ ਸ਼ਾਰਲੌਟ ਆਫ ਵੇਲਸ ਅਤੇ ਪ੍ਰਿੰਸ ਲੂਈਸ ਆਫ ਵੇਲਸ ਉਨ੍ਹਾਂ ਦੀਆ ਸੰਤਾਨਾਂ ਹਨ।
- ਦਿ ਪ੍ਰਿੰਸਜ਼ ਰੌਇਲ (ਪ੍ਰਿੰਸਜ਼ ਐਨੇ) ਮਹਾਰਾਣੀ ਦੀ ਦੂਜੀ ਸੰਤਾਨ ਅਤੇ ਇਕਲੌਤੀ ਧੀ ਸਨ। ਉਹ ਵਾਈਸ ਐਡਮਿਰਲ ਟਿਮੌਥੀ ਲੌਰੈਂਸ ਨੂੰ ਵਿਆਹੇ ਹੋਏ ਹਨ। ਉਨ੍ਹਾਂ ਦੇ ਦੋ ਬੱਚੇ ਪਹਿਲੇ ਪਤੀ ਕੈਪਟਨ ਮਾਰਕ ਫਿਲਿਪਸ ਤੋਂ ਹਨ, ਪੀਟਰ ਫ਼ਿਲਿਪਸ ਅਤੇ ਜ਼ਾਰਾ ਟਿੰਡਾਲ।
- ਦਿ ਡਿਊਕ ਆਫ ਏਡਿਨਬਰਗ (ਪ੍ਰਿੰਸ ਐਡਵਰਡ) ਮਹਾਰਾਣੀ ਦੀ ਸਭ ਤੋਂ ਛੋਟੀ ਸੰਤਾਨ ਸਨ। ਉਹ ਡਚੇਸ ਆਫ਼ ਏਡਿਨਬਰਗ (ਸੋਫ਼ੀ ਰਾਇਸ-ਜੋਨਸ) ਨਾਲ ਵਿਆਹੇ ਹੋਏ ਹਨ। ਉਨ੍ਹਾਂ ਦੇ ਦੋ ਬੱਚੇ ਹਨ, ਲੇਡੀ ਲੁਈਸ ਅਤੇ ਜੇਮਜ਼, ਅਰਲ ਆਫ਼ ਵਿਸੈਕਸ।
- ਦਿ ਡਿਊਕ ਆਫ਼ ਯੌਰਕ (ਪ੍ਰਿੰਸ ਐਂਡਰਿਊ) ਮਹਾਰਾਣੀ ਦੇ ਦੂਜੇ ਪੁੱਤਰ ਸਨ। ਉਨ੍ਹਾਂ ਦੀਆਂ ਆਪਣੀ ਸਾਬਕਾ ਪਤਨੀ ਡਚੇਸ ਆਫ਼ ਯੌਰਕ (ਸਾਰ੍ਹਾ ਫਰਗਸਨ) ਤੋਂ ਦੋ ਧੀਆਂ, ਪ੍ਰਿੰਸਜ਼ ਬੀਟਰਾਈਸ ਅਤੇ ਪ੍ਰਿੰਸਜ਼ ਯੂਜੀਨੀ ਹਨ। ਵਰਜੀਨੀਆ ਗੁਫ਼ਰੀ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਦਰਮਿਆਨ ਨਿਊਜ਼ ਨਾਈਟ ਦੀ ਇੱਕ ਵਿਵਾਦਤ ਇੰਟਰਵਿਊ ਤੋਂ ਬਾਅਦ ਪ੍ਰਿੰਸ ਐਂਡਰਿਊ ਨੇ 2019 ਵਿੱਚ ਸ਼ਾਹੀ ਜੀਵਨ ਤੋਂ ਸੰਨਿਆਸ ਲੈ ਲਿਆ ਸੀ। ਫ਼ਰਵਰੀ 2022 ਵਿੱਚ ਉਨ੍ਹਾਂ ਨੇ ਗੁਫ਼ਰੀ ਵੱਲੋਂ ਅਮਰੀਕਾ ਵਿੱਚ ਕੀਤੇ ਗਏ ਨੂੰ ਜਿਣਸੀ ਸੋਸ਼ਣ ਦੇ ਕੇਸ ਨੂੰ ਨਿਪਟਾਉਣ ਲਈ ਰਾਸ਼ੀ ਚੁਕਾਈ। ਹਾਲਾਂਕਿ ਰਾਸ਼ੀ ਜਨਤਕ ਨਹੀਂ ਕੀਤੀ ਗਈ।
- ਦਿ ਡਿਊਕ ਆਫ਼ ਸੁਸੈਕਸ (ਪ੍ਰਿੰਸ ਹੈਰੀ) ਪ੍ਰਿੰਸ ਵਿਲੀਅਮ ਦੇ ਛੋਟੇ ਭਰਾ ਹਨ। ਉਹ ਡਚੇਸ ਆਫ਼ ਸੁਸੈਕਸ (ਮੇਘਨ ਮਾਰਕਲ) ਨਾਲ ਵਿਆਹੇ ਹੋਏ ਹਨ। ਉਨ੍ਹਾਂ ਦੇ ਦੋ ਪੁੱਤਰ ਪ੍ਰਿੰਸ ਆਰਚੀ ਅਤੇ ਪ੍ਰਿੰਸ ਲਿਲੀਬਿਟ ਹਨ। ਸਾਲ 2020 ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਸੀਨੀਅਰ ਰੌਇਲਜ਼ ਦੇ ਖ਼ਿਤਾਬ ਨੂੰ ਤਿਆਗ ਕੇ ਅਮਰੀਕਾ ਵਸ ਰਹੇ ਹਨ।
ਉਤਰਾਧਿਕਾਰ ਕਿਵੇਂ ਕੰਮ ਕਰਦਾ ਹੈ?
ਉਤਰਾਧਿਕਾਰ ਦਾ ਕ੍ਰਮ ਇਹ ਨਿਰਧਾਰਤ ਕਰਦਾ ਹੈ ਕਿ ਸ਼ਾਹੀ ਪਰਿਵਾਰ ਦਾ ਕਿਹੜਾ ਮੈਂਬਰ ਮੌਜੂਦਾ ਮੈਂਬਰ ਦੀ ਮੌਤ ਜਾਂ ਅਹੁਦਾ ਛੱਡਣ ਤੋਂ ਬਾਅਦ ਕਾਰਜਭਾਰ ਸੰਭਾਲਦਾ ਹੈ।
ਲਾਈਨ ਵਿੱਚ ਸਭ ਤੋਂ ਪਹਿਲਾਂ, ਗੱਦੀ ਦਾ ਵਾਰਸ ਦੇ ਸਭ ਤੋਂ ਵੱਡੇ ਬੱਚੇ ਨੂੰ ਮੰਨਿਆ ਜਾਂਦਾ ਹੈ।
ਸ਼ਾਹੀ ਉਤਰਾਧਿਕਾਰ ਨਿਯਮਾਂ ਵਿੱਚ 2013 ਵਿੱਚ ਸੋਧ ਕੀਤੀ ਗਈ ਸੀ, ਜਿਸ ਦੇ ਤਹਿਤ ਪੁੱਤਰਾਂ ਨੂੰ ਹੁਣ ਆਪਣੀਆਂ ਵੱਡੀਆਂ ਭੈਣਾਂ ''ਤੇ ਪ੍ਰਾਥਮਿਕਤਾ ਨਹੀਂ ਮਿਲਦੀ।
ਕਿੰਗ ਚਾਰਲਸ ਦੇ ਵਾਰਸ ਉਨ੍ਹਾਂ ਦੇ ਵੱਡੇ ਪੁੱਤਰ, ਪ੍ਰਿੰਸ ਆਫ ਵੇਲਜ਼ ਹਨ।
ਵਿਲੀਅਮ ਦਾ ਸਭ ਤੋਂ ਵੱਡਾ ਬੱਚਾ ਪ੍ਰਿੰਸ ਜੌਰਜ ਗੱਦੀ ਲਈ ਦੂਜੇ ਨੰਬਰ ''ਤੇ ਹੈ ਅਤੇ ਉਨ੍ਹਾਂ ਦੀ ਧੀ ਰਾਜਕੁਮਾਰੀ ਸ਼ਾਰਲੋਟ ਤੀਜੇ ਨੰਬਰ ''ਤੇ ਹੈ। ਉਨ੍ਹਾਂ ਦਾ ਛੋਟਾ ਭਰਾ ਪ੍ਰਿੰਸ ਲੁਈਸ ਚੌਥੇ ਅਤੇ ਪ੍ਰਿੰਸ ਹੈਰੀ ਪੰਜਵੇਂ ਸਥਾਨ ''ਤੇ ਹੈ।
ਸ਼ਾਹੀ ਪਰਿਵਾਰ ਕਿੰਨਾ ਪ੍ਰਸਿੱਧ ਹੈ?
ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਬ੍ਰਿਟੇਨ ਵਿੱਚ 2,000 ਤੋਂ ਵੱਧ ਲੋਕਾਂ ਵਿੱਚ ਕਰਵਾਏ ਗਏ ਯੂਗੋਵ ਦੇ ਇੱਕ ਜਨਮਤ ਸੰਗ੍ਰਿਹ ਮੁਤਾਬਕ ਸ਼ਾਹੀ ਪਰਿਵਾਰ ਪ੍ਰਤੀ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਵਿੱਚ ਵੱਡਾ ਅੰਤਰ ਦੇਖਣ ਨੂੰ ਮਿਲਿਆ।
ਕੁੱਲ ਮਿਲਾ ਕੇ, 62% ਰਾਜਸ਼ਾਹੀ ਨੂੰ ਕਾਇਮ ਰੱਖਣਾ ਚਾਹੁੰਦੇ ਹਨ, 26% ਦਾ ਕਹਿਣਾ ਸੀ ਕਿ ਦੇਸ਼ ਵਿੱਚ ਰਾਜਸ਼ਾਹੀ ਦੀ ਥਾਂ ਕੋਈ ਚੁਣਿਆ ਹੋਇਆ ਮੁਖੀ ਹੋਣਾ ਚਾਹੀਦਾ ਹੈ। ਕਰੀਬ ਇੱਕ ਦਹਾਕੇ ਤੋਂ ਪਹਿਲਾਂ ਇਹ ਅੰਕੜਾ 17 ਫੀਸਦ ਤੋਂ ਸੀ।
ਪਰ ਜਦੋਂ ਕਿ 65 ਤੋਂ ਵੱਧ ਉਮਰ ਦੇ 80% ਨੇ ਰਾਜਸ਼ਾਹੀ ਦਾ ਸਮਰਥਨ ਕੀਤਾ ਤਾਂ ਉੱਥੇ ਹੀ 18 ਤੋਂ 24 ਸਾਲ ਦੀ ਉਮਰ ਦੇ ਸਿਰਫ 37% ਨੇ ਸਹਿਮਤੀ ਦਿੱਤੀ।
ਕਿੰਗ ਚਾਰਲਸ ਬਾਰੇ ਪੁੱਛਣ ''ਤੇ 59% ਨੇ ਸੁਝਾਇਆ ਕਿ ਉਹ "ਨਿੱਜੀ ਤੌਰ ''ਤੇ ਚੰਗਾ ਕੰਮ ਕਰ ਰਹੇ ਹਨ।"
ਇੰਗਲੈਂਡ ਦੇ ਮੁਕਾਬਲੇ ਸਕੌਟਲੈਂਡ ਜਾਂ ਵੇਲਸ ਵਿੱਚ ਸ਼ਾਹੀ ਪਰਿਵਾਰ ਲਈ ਵੀ ਘੱਟ ਸਮਰਥਨ ਮਿਲਿਆ ਸੀ, ਜਿੱਥੇ ਲੰਡਨ ਵਿੱਚ ਰਾਜਸ਼ਾਹੀ ਦੇ ਵਿਰੁੱਧ ਦੇਸ਼ ਦੇ ਹੋਰ ਕਿਸੇ ਵੀ ਥਾਂ ਨਾਲੋਂ ਉੱਚ ਪੱਧਰ ਦੇ ਲੋਕ ਸਨ।
ਇਸ ਤੋਂ ਇਲਾਵਾ ਲੰਡਨ ਵਿੱਚ ਰਾਜਸ਼ਾਹੀ ਦੇ ਖ਼ਿਲਾਫ਼ ਲੋਕਾਂ ਸਮਰਥਨ ਦੇਸ਼ ਦੇ ਕਿਸੇ ਵੀ ਹਿੱਸੇ ਦੇ ਮੁਕਾਬਲੇ ਵੱਧ ਸੀ।
ਸ਼ਾਹੀ ਪਰਿਵਾਰ ਦੇ ਮੈਂਬਰ ਕਿੱਥੇ ਰਹਿੰਦੇ ਹਨ?
ਕਿੰਗ ਅਤੇ ਕੁਈਨ ਦਾ ਅਧਿਕਾਰਤ ਘਰ ਲੰਡਨ ਦਾ ਬਕਿੰਘਮ ਪੈਲੇਸ ਹੈ।
ਹਾਲਾਂਕਿ, ਇਹ 369 ਮਿਲੀਅਨ ਯਾਨਿ 36.9 ਕਰੋੜ ਪਾਊਂਡਾਂ ਦੀ ਲਾਗਤ ਵਾਲੇ 10 ਸਾਲ ਦੇ ਨਵੀਨੀਕਰਨ ਦੌਰ ਵਿੱਚੋਂ ਲੰਘ ਰਿਹਾ ਹੈ।
ਇਸ ਲਈ ਉਹ ਕਦੇ ਲੰਡਨ ਦੇ ਕਲੇਰੇਂਸ ਹਾਊਸ ਅਤੇ ਕਦੇ ਗਲਾਸਟਰਸ਼ਾਇਰ ਵਿਚਲੇ ਹਾਈਗ੍ਰੋਵ ਵਿੱਚ ਰਹਿੰਦੇ ਹਨ।
ਹੋਰ ਸ਼ਾਹੀ ਰਿਹਾਇਸ਼ਾਂ ਵਿੱਚ ਵਿੰਡਸਰ ਕੈਸਲ, ਸੈਂਡਰਿੰਗਮ, ਨੋਰਫੋਕ ਵਿੱਚ, ਹੋਲੀਰੂਡਹਾਊਸ ਦਾ ਪੈਲੇਸ, ਏਡਿਨਬਰਾ ਵਿੱਚ ਅਤੇ ਐਬਰਡੀਨਸ਼ਾਇਰ ਵਿੱਚ ਬਾਲਮੋਰਲ ਕੈਸਲ ਸ਼ਾਮਲ ਹਨ।
ਅਗਸਤ 2022 ਵਿੱਚ, ਵੇਲਸ ਦੇ ਪ੍ਰਿੰਸ ਅਤੇ ਪ੍ਰਿੰਸਸ ਪੱਛਮੀ ਲੰਡਨ ਦੇ ਕੇਨਸਿੰਗਟਨ ਪੈਲੇਸ ਤੋਂ ਵਿੰਡਸਰ ਅਸਟੇਟ ਦੇ ਐਡੀਲੇਡ ਕਾਟੇਜ ਵਿੱਚ ਰਹਿਣ ਲਈ ਚਲੇ ਗਏ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
NEXT STORY