ਨਵੀਂ ਦਿੱਲੀ - ਫੈਸ਼ਨ ਦੀ ਦੁਨੀਆ ’ਚ 90 ਦੇ ਦਹਾਕੇ ਦਾ ਦੌਰ ਇਕ ਵਾਰ ਫਿਰ ਪਰਤ ਆਇਆ ਹੈ ਅਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਵੱਕਾਰੀ ਡੈਨਿਮ ਬ੍ਰਾਂਡ ਲੇਵੀ’ਜ਼ ਨੂੰ ਮਿਲ ਰਿਹਾ ਹੈ। ਲੋਅ-ਰਾਈਜ਼ ਜੀਨਸ, ਢਿੱਲੀ ਫਿੱਟਿੰਗ ਅਤੇ ਵਿੰਟੇਜ ਲੁੱਕ ਵਾਲੇ ਕੱਪੜਿਆਂ ਦੀ ਵਧਦੀ ਲੋਕਪ੍ਰਿਯਤਾ ਨੇ ਕੰਪਨੀ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਕਦੇ 90 ਦੇ ਦਹਾਕੇ ਦੀ ਪਛਾਣ ਰਹੀ ਲੇਵੀ’ਜ਼ ਹੁਣ ਉਸੇ ਪੁਰਾਣੇ ਫੈਸ਼ਨ ਨੂੰ ਨਵੇਂ ਅੰਦਾਜ਼ ’ਚ ਬਾਜ਼ਾਰ ’ਚ ਉਤਾਰ ਕੇ ਗਾਹਕਾਂ ਨੂੰ ਆਕਰਸ਼ਿਤ ਕਰ ਰਹੀ ਹੈ।
ਵਿੰਟੇਜ ਜੀਨਸ ਦੀ ਵਧੀ ਮੰਗ
ਕੰਪਨੀ ਪੁਰਾਣੇ ਲੋਕਪ੍ਰਿਯ ਡਿਜ਼ਾਈਨ ਤੋਂ ਪ੍ਰੇਰਿਤ ਨਵੀਂ ਜੀਨਸ ਪੇਸ਼ ਕਰ ਰਹੀ ਹੈ। ਇਨ੍ਹਾਂ ’ਚ 90 ਦੇ ਦਹਾਕੇ ਦੇ 517 ਅਤੇ 501 ਵਰਗੇ ਮਾਡਲ ਸ਼ਾਮਲ ਹਨ। ਟੀ. ਵੀ. ਸ਼ੋਅ ‘ਲਵ ਸਟੋਰੀ’ ’ਚ ਕੈਰੋਲਿਨ ਬੈਸੈਟ ਕੈਨੇਡੀ ਵੱਲੋਂ ਪਹਿਨੀ ਗਈ 517 ਜੀਨਸ ਦੇ ਮਸ਼ਹੂਰ ਹੋਣ ਤੋਂ ਬਾਅਦ ਇਸ ਮਾਡਲ ਨੂੰ ਲੈ ਕੇ ਮਹਿਲਾ ਗਾਹਕਾਂ ਦੀ ਆਨਲਾਈਨ ਖੋਜ ਤੇਜ਼ੀ ਨਾਲ ਵਧੀ। ਲੇਵੀ’ਜ਼ ਨੇ ਇਸ ਦੇ ਨਾਲ ਔਰਤਾਂ ਦੇ ਸਰੀਰ ਦੇ ਹਿਸਾਬ ਨਾਲ ਤਿਆਰ ਕੀਤੇ ਗਏ ਬੂਟਕੱਟ ਅਤੇ ਹੋਰ ਪੁਰਾਣੇ ਸਟਾਈਲ ਵੀ ਪੇਸ਼ ਕੀਤੇ ਹਨ।
ਜੀਨਸ ਤੋਂ ਅੱਗੇ ਵਧਣ ਦੀ ਤਿਆਰੀ
ਲੇਵੀ’ਜ਼ ਹੁਣ ਸਿਰਫ਼ ਡੈਨਿਮ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ। ਕੰਪਨੀ 90 ਦੇ ਦਹਾਕੇ ਦੇ ਸਲਿਪ ਡ੍ਰੈੱਸ, ਲੈਦਰ ਜੈਕਟ ਅਤੇ ਬੇਬੀ ਟੀ-ਸ਼ਰਟ ਵਰਗੇ ਪਹਿਰਾਵਿਆਂ ਨੂੰ ਵੀ ਆਪਣੀ ਕੁਲੈਕਸ਼ਨ ’ਚ ਸ਼ਾਮਲ ਕਰ ਰਹੀ ਹੈ। ਕੰਪਨੀ ਦੀ ਗਲੋਬਲ ਮਾਰਕੀਟਿੰਗ ਹੈੱਡ ਐੱਨ. ਕੈਮਬ੍ਰੀਆ ਮੁਤਾਬਕ, ਲੇਵੀ’ਜ਼ ਪਹਿਲਾਂ ਤੋਂ ਹੀ 90 ਦੇ ਦਹਾਕੇ ਦੇ ਸਟਾਈਲ ਦਾ ਸਮਾਨਾਰਥੀ ਹੈ ਅਤੇ ਕੰਪਨੀ ਇਸ ਟ੍ਰੈਂਡ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
ਵਿਕਰੀ ’ਚ ਆਇਆ ਵੱਡਾ ਸੁਧਾਰ
ਕੰਪਨੀ ਦੀ ਵਿਕਰੀ ’ਚ ਵੀ ਇਸ ਦਾ ਅਸਰ ਦਿਸ ਰਿਹਾ ਹੈ। ਮਾਲੀ ਸਾਲ ਦੀ ਪਹਿਲੀ ਛਿਮਾਹੀ ’ਚ ਲੇਵੀ’ਜ਼ ਦਾ ਮਾਲੀਆ 11 ਫੀਸਦੀ ਤੋਂ ਵੱਧ ਕੇ 3.3 ਅਰਬ ਡਾਲਰ ਹੋ ਗਿਆ। ਕੰਪਨੀ ਨੇ ਪੂਰੇ ਸਾਲ ਦੀ ਵਿਕਰੀ ’ਚ 7.5 ਫੀਸਦੀ ਤੱਕ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਹੈ। ਇਹ 2019 ’ਚ ਦੁਬਾਰਾ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਤੋਂ ਬਾਅਦ ਮਹਾਮਾਰੀ ਤੋਂ ਬਾਅਦ ਦੀ ਰਿਕਵਰੀ ਨੂੰ ਛੱਡ ਕੇ ਸਭ ਤੋਂ ਵੱਡਾ ਸਾਲਾਨਾ ਵਾਧਾ ਹੋ ਸਕਦਾ ਹੈ।
ਈ-ਕਾਮਰਸ ਅਤੇ ਆਪਣੇ ਸਟੋਰ ’ਤੇ ਜ਼ੋਰ
ਲੇਵੀ’ਜ਼ ਦੀ ਵਾਪਸੀ ’ਚ ਸਿੱਧੇ ਗਾਹਕਾਂ ਨੂੰ ਸਾਮਾਨ ਵੇਚਣ ਦੀ ਰਣਨੀਤੀ ਵੀ ਅਹਿਮ ਰਹੀ ਹੈ। ਕੰਪਨੀ ਆਪਣੀ ਵੈੱਬਸਾਈਟ ਅਤੇ ਬ੍ਰਾਂਡਿਡ ਸਟੋਰ ਦੇ ਜ਼ਰੀਏ ਗਾਹਕਾਂ ਤੱਕ ਸਿੱਧੇ ਪਹੁੰਚ ਰਹੀ ਹੈ। ਇਸ ਨਾਲ ਉਸ ਨੂੰ ਨਵੇਂ ਟ੍ਰੈਂਡ ਵਾਲੇ ਉਤਪਾਦਾਂ ਨੂੰ ਤੇਜ਼ੀ ਨਾਲ ਸਾਹਮਣੇ ਰੱਖਣ ਅਤੇ ਉਨ੍ਹਾਂ ਦੇ ਨਾਲ ਦੂਜੇ ਪਹਿਰਾਵੇ ਵੇਚਣ ’ਚ ਮਦਦ ਮਿਲ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੰਪਨੀ ਹੁਣ ਫਿਰ ਤੋਂ ਫੈਸ਼ਨ ਦੀ ਮੁੱਖ ਧਾਰਾ ’ਚ ਆਪਣੀ ਜਗ੍ਹਾ ਬਣਾ ਰਹੀ ਹੈ।
ਫਿਰ ਪਰਤਿਆ 501 ਦਾ ਦੌਰ
90 ਦੇ ਦਹਾਕੇ ’ਚ ਕੇਟ ਮਾਸ, ਪ੍ਰਿੰਸਿਸ ਡਾਇਨਾ ਅਤੇ ਸਟੀਵ ਜੌਬਸ ਵਰਗੀਆਂ ਸ਼ਖਸੀਅਤਾਂ ਨਾਲ ‘ਫ੍ਰੈਂਡਜ਼’ ਦੇ ਕਲਾਕਾਰ ਵੀ ਲੇਵੀ’ਜ਼ ਦੀ 501 ਜੀਨਸ ਪਹਿਨਦੇ ਸਨ। ਬਾਅਦ ’ਚ ਸਟ੍ਰੈਚ ਅਤੇ ਅਲਟ੍ਰਾ-ਲੋਅ-ਰਾਈਜ਼ ਜੀਨਸ ਦੇ ਰੁਝਾਨ ਨਾਲ ਕੰਪਨੀ ਦੀ ਵਿਕਰੀ ਕਮਜ਼ੋਰ ਹੋਈ। ਹੁਣ ਵਿੰਟੇਜ ਫੈਸ਼ਨ ਦੇ ਪਰਤਣ ਨਾਲ ਉਹੀ ਪੁਰਾਣਾ ਸਟਾਈਲ ਫਿਰ ਗਾਹਕਾਂ ਦੀ ਪਸੰਦ ਬਣ ਰਿਹਾ ਹੈ।
ਦੁਵੱਲੇ ਨਿਵੇਸ਼ ਸਮਝੌਤੇ ਦੇ ਨਵੇਂ ਢਾਂਚੇ ਨੂੰ ਜਲਦ ਮਿਲ ਸਕਦੀ ਹੈ ਮੰਤਰੀ ਮੰਡਲ ਦੀ ਮਨਜ਼ੂਰੀ : ਸੀਤਾਰਾਮਨ
NEXT STORY